ਕਿਸਾਨਾਂ ਵੱਲੋਂ 30 ਨੂੰ ਡੀਸੀ ਦਫ਼ਤਰ ਦੇ ਸਾਰੇ ਗੇਟਾਂ ਨੂੰ ਤਾਲੇ ਲਾਉਣ ਦਾ ਐਲਾਨ

ਹੱਕੀ ਮੰਗਾਂ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇੱਕਜੱੁਟਤਾ ਦਿਖਾਈ

ਡੀਸੀ ਦਫ਼ਤਰ ਮੁਹਾਲੀ ਦੇ ਬਾਹਰ ਕਿਸਾਨਾਂ ਦਾ ਲੜੀਵਾਰ ਧਰਨਾ ਛੇਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਨੈਸ਼ਨਲ ਹਾਈਵੇਅ ਅਥਾਰਟੀ ਨਵੀਂ ਦਿੱਲੀ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਮੁਹਾਲੀ ਏਅਰਪੋਰਟ ਨੇੜਿਓਂ ਆਈਟੀ ਸਿਟੀ ਤੋਂ ਕੁਰਾਲੀ ਤੱਕ ਅਤੇ ਡੇਰਾਬੱਸੀ ਖੇਤਰ ਵਿੱਚ ਬਣਾਏ ਜਾਣ ਵਾਲੇ ਦੋ ਕੌਮੀ ਮਾਰਗਾਂ ਲਈ ਘੱਟ ਕੀਮਤ ’ਤੇ ਜ਼ਮੀਨਾਂ ਐਕਵਾਇਰ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਸਾਂਝੀ ਰੋਡ ਸੰਯੁਕਤ ਕਿਸਾਨ ਕਮੇਟੀ ਦੇ ਬੈਨਰ ਹੇਠ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਦਾ ਲੜੀਵਾਰ ਧਰਨਾ ਸੋਮਵਾਰ ਨੂੰ ਛੇਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਹੱਕੀ ਮੰਗਾਂ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇੱਕਜੱੁਟਤਾ ਦਿਖਾਉਂਦੇ ਹੋਏ ਪੰਜਾਬ ਸਰਕਾਰ, ਐਨਐਚਆਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਜਸਪਾਲ ਸਿੰਘ ਨਿਆਮੀਆਂ, ਰਣਬੀਰ ਸਿੰਘ ਗਰੇਵਾਲ, ਪਰਮਦੀਪ ਸਿੰਘ ਬੈਦਵਾਨ, ਕੁਲਵੰਤ ਸਿੰਘ ਤ੍ਰਿਪੜੀ ਨੇ ਸੂਬਾ ਸਰਕਾਰ ਨੂੰ ਇਕ ਹਫ਼ਤੇ ਦਾ ਸਖ਼ਤ ਚਿਤਾਵਨੀ ਭਰਿਆ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਦੌਰਾਨ ਐਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਮੌਜੂਦਾ ਮਾਰਕੀਟ ਭਾਅ ਮੁਤਾਬਕ ਯੋਗ ਮੁਆਵਜ਼ਾ ਦੇਣ ਲਈ ਨਵੇਂ ਸਿਰਿਓਂ ਸੋਧਿਆ ਹੋਏ ਐਵਾਰਡ ਨਾ ਕੀਤਾ ਗਿਆ ਤਾਂ 30 ਮਈ ਨੂੰ ਸਵੇਰੇ 9 ਵਜੇ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ) ਦੇ ਸਾਰੇ ਗੇਟਾਂ ਦੀ ਤਾਲਾਬੰਦੀ ਕਰਕੇ ਪੱਕਾ ਮੋਰਚਾ ਲਾਇਆ ਜਾਵੇਗਾ।
ਮਹਿਲਾ ਕਿਸਾਨ ਆਗੂ ਗੁਰਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਮਾਲ ਅਫ਼ਸਰ ਦੇ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਡੀਆਰਓ ਦੀ ਤੁਰੰਤ ਬਦਲੀ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਘੱਟ ਮੁਆਵਜ਼ਾ ਦੇਣ ਅਤੇ ਪੈਸੇ ਮੰਗਣ ਵਾਲੇ ਅਧਿਕਾਰੀਆਂ ਵਿਰੁੱਧ ਵਿਭਾਗੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਧੜੇਬੰਦੀ ਤੋਂ ਉੱਤੇ ਉੱਠ ਕੇ ਸੰਘਰਸ਼ ਦੀ ਹਮਾਇਤ ਕਰਨ ਤਾਂ ਜੋ ਦਿੱਲੀ ਮੋਰਚੇ ਵਾਂਗ ਇਹ ਮੋਰਚਾ ਵੀ ਫਤਿਹ ਕੀਤਾ ਜਾਵੇ।
ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੁਹਾਲੀ ਜ਼ਿਲ੍ਹੇ ਤਿੰਨ ਆਪ ਵਿਧਾਇਕਾਂ ਕੁਲਵੰਤ ਸਿੰਘ, ਕੁਲਜੀਤ ਸਿੰਘ ਰੰਧਾਵਾ ਅਤੇ ਅਨਮੋਲ ਗਗਨ ਮਾਨ ਸਮੇਤ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਮੰਗ ਪੱਤਰ ਸੌਂਪੇ ਜਾਣਗੇ ਅਤੇ ਵਿਧਾਇਕਾਂ ’ਤੇ ਮੁੱਖ ਮੰਤਰੀ ਜਾਂ ਮੁੱਖ ਸਕੱਤਰ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਦਬਾਅ ਬਣਾਇਆ ਜਾਵੇਗਾ।
ਇਸ ਮੌਕੇ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਗੁਰਮੁੱਖ ਸਿੰਘ ਨਿਊ, ਲਾਂਡਰਾਂ, ਜਸਪਾਲ ਸਿੰਘ ਲਾਂਡਰਾਂ, ਜਸਵੰਤ ਸਿੰਘ ਪੂਨੀਆ, ਗੁਰਜੰਟ ਸਿੰਘ ਪੋਪਨਾ, ਕਰਮਜੀਤ ਸਿੰਘ ਸੋਏ ਮਾਜਰਾ, ਜਸਵੀਰ ਸਿੰਘ ਮਾਮੂਪੁਰ, ਨੰਬਰਦਾਰ ਜਸਵਿੰਦਰ ਸਿੰਘ, ਬੇਅੰਤ ਸਿੰਘ ਢੇਲਪੁਰ, ਰਾਣਾ ਕਰਮਜੀਤ ਸਿੰਘ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਮੌਜੂਦਾ ਮਾਰਕੀਟ ਭਾਅ ਦੇ ਮੁਤਾਬਕ ਜ਼ਮੀਨਾਂ ਦਾ ਮੁਆਵਜ਼ਾ ਦੇਣ ਲਈ ਲਿਖਤੀ ਭਰੋਸਾ ਨਹੀਂ ਦਿੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…