nabaz-e-punjab.com

ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਖੱਜਲ-ਖ਼ੁਆਰ ਹੋ ਰਹੇ ਹਨ ਕਿਸਾਨ ਤੇ ਆੜ੍ਹਤੀ: ਅਮਨ ਅਰੋੜਾ

ਕੈਪਟਨ ਅਮਰਿੰਦਰ, ਹਰਸਿਮਰਤ ਬਾਦਲ ਅਤੇ ਵਿਜੈ ਸਾਂਪਲਾ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਸਲਾਹ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਨਵੰਬਰ:
ਆਮ ਆਦਮੀ ਪਾਰਟੀ (ਆਪ) ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਕਿਹਾ ਹੈ ਕਿ ਝੋਨੇ ਦੀ ਫ਼ਸਲ ਦੀ ਸਮੇਂ ਸਿਰ ਅਦਾਇਗੀ ਯਕੀਨੀ ਬਣਾਈ ਜਾਵੇ ਤਾਂ ਕਿ ਪਹਿਲਾਂ ਹੀ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਕਿਸਾਨ-ਖੇਤ ਮਜ਼ਦੂਰ ਅਤੇ ਆੜ੍ਹਤੀ ਵਰਗ ਆਪਣੀ ਹੱਕ-ਸੱਚ ਦੀ ਕਮਾਈ ਹਾਸਲ ਕਰਨ ਲਈ ਖੱਜਲ-ਖ਼ੁਆਰ ਨਾ ਹੋਣ। ਆਪ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮੰਡੀਆਂ ਦੇ ਦੌਰਿਆਂ ਦੌਰਾਨ ਅਤੇ ਕਿਸਾਨਾਂ-ਆੜ੍ਹਤੀਆਂ ਵੱਲੋਂ ਪੰਜਾਬ ਭਰ ਤੋਂ ਸਾਂਝੀ ਸ਼ਿਕਾਇਤ ਆ ਰਹੀ ਹੈ ਕਿ ਮੰਡੀ ਵਿੱਚ ਝੋਨੇ ਦੀ ਫ਼ਸਲ ਵਿਕਣ ਦੇ ਬਾਵਜੂਦ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ। ਬਹੁਤੀਆਂ ਮੰਡੀਆਂ ਵਿੱਚ ਝੋਨੇ ਦੀ ਅਦਾਇਗੀ ਦੋ-ਦੋ ਹਫ਼ਤੇ ਤੋਂ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਿੱਥੇ ਇਹ ਸਮਾਂ ਕਣਕ ਸਮੇਤ ਰੱਬੀ ਦੀਆਂ ਅਗਲੀਆਂ ਫ਼ਸਲਾਂ ਦੀ ਬਿਜਾਈ ਦਾ ਸਮਾਂ ਹੈ, ਉੱਥੇ ਸਾਹੇ-ਵਿਆਹ-ਸ਼ਾਦੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ। ਫ਼ਸਲ ਦੀ ਅਦਾਇਗੀ ਨਾ ਹੋਣ ਕਾਰਨ ਬਿਜਾਈ ਅਤੇ ਹੋਰ ਕੰਮ-ਕਾਰਾਂ ਲਈ ਜ਼ਰੂਰੀ ਨਕਦੀ ਦਾ ਲੈਣ ਦੇਣ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਪਰੰਤੂ ਕੈਪਟਨ ਅਤੇ ਨਰਿੰਦਰ ਮੋਦੀ ਸਰਕਾਰ ਨੂੰ ਅੰਨਦਾਤਾ ਅਤੇ ਖੇਤੀਬਾੜੀ ਨਾਲ ਜੁੜੇ ਦੂਸਰੇ ਵਰਗਾਂ ਦੀ ਹਾਹਾਕਾਰ ਸੁਣਾਈ ਨਹੀਂ ਦੇ ਰਹੀ।
ਆਪ ਆਗੂ ਨੇ ਕਿਹਾ ਕਿ ਝੋਨੇ ਦੀ ਅਦਾਇਗੀ ਲਟਕਣ ਨਾਲ ਪੰਜਾਬ ਦੀਆਂ ਸਹਿਕਾਰੀ ਸਭਾਵਾਂ, ਗ੍ਰਾਮੀਣ ਅਤੇ ਸਹਿਕਾਰੀ ਬੈਂਕਾਂ ਸਮੇਤ ਦੂਸਰੇ ਵਿੱਤੀ ਸੰਸਥਾਨਾਂ ਦੀਆਂ ਬੈਂਕ ਲਿਮਟਾਂ ਅਤੇ ਕਿਸ਼ਤਾਂ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਕਿਸਾਨਾਂ -ਆੜ੍ਹਤੀਆਂ ਦੀ ਇਸ ਬੇਬਸੀ ਲਈ ਜਿੱਥੇ ਪੰਜਾਬ ਸਰਕਾਰ ਦਾ ਢਿੱਲਾ ਅਤੇ ਲਾਪਰਵਾਹੀ ਵਾਲਾ ਰਵੱਈਆ ਜ਼ਿੰਮੇਵਾਰ ਹੈ ਉੱਥੇ ਅਕਾਲੀ-ਭਾਜਪਾ ਗੱਠਜੋੜ ਵਾਲੀ ਨਰਿੰਦਰ ਮੋਦੀ ਸਰਕਾਰ ਦਾ ਕਿਸਾਨ-ਮਜ਼ਦੂਰ ਅਤੇ ਆੜ੍ਹਤੀ-ਕਾਰੋਬਾਰੀ ਵਿਰੋਧੀ ਰਵੱਈਆ ਵੀ ਨੰਗਾ ਹੋਇਆ ਹੈ। ਜੋ ਕੈਸ਼ ਕਰੈਡਿਟ ਲਿਮਿਟ (ਸੀਸੀਐਲ) ਦੀ ਥਾਂ ਕਿਸ਼ਤਾਂ ਰਾਹੀਂ ਅਦਾਇਗੀ ਕਰਨ ਲਈ ਵੀ ਆਨਾਕਾਨੀ ਰਾਹੀਂ ਅਦਾਇਗੀ ਕਰ ਰਹੀ ਹੈ। ਜਦਕਿ ਪੰਜਾਬ ਅਤੇ ਕੇਂਦਰ ਦੋਵਾਂ ਸਰਕਰਾਂ ਨੂੰ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਪਹਿਲਾਂ ਹੀ ਠੋਸ ਪ੍ਰਬੰਧ ਕਰਨੇ ਚਾਹੀਦੇ ਸਨ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਿੱਜੀ ਰੁਝੇਵਿਆਂ ‘ਚੋਂ ਸਮਾਂ ਕੱਢ ਕੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ, ਆੜ੍ਹਤੀਆਂ ਅਤੇ ਵਿੱਤੀ ਸੰਸਥਾਨਾਂ ਨਾਲ ਜੁੜੀ ਇਸ ਸਮੱਸਿਆ ਦੇ ਹੱਲ ਲਈ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ ਤਾਂ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਫ਼ਸਲ ਵਿਕਣ ਦੇ 48 ਘੰਟਿਆਂ ਅੰਦਰ-ਅੰਦਰ ਫ਼ਸਲ ਦੀ ਅਦਾਇਗੀ ਯਕੀਨੀ ਬਣਾਏ। ਅਮਨ ਅਰੋੜਾ ਨੇ ਕੇਂਦਰੀ ਕੈਬਨਿਟ ‘ਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਰਸਿਮਰਤ ਕੌਰ ਬਾਦਲ ਅਤੇ ਵਿਜੈ ਸਾਂਪਲਾ ਨੂੰ ਕਿਹਾ ਕਿ ਉਨ੍ਹਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਇਸ ਸਮੱਸਿਆ ਦੇ ਹੱਲ ਲਈ ਆਪਣੀ ਸੁੱਤੀ ਪਈ ਮੋਦੀ ਸਰਕਾਰ ਨੂੰ ਹਲੂਣਾ ਦੇ ਕੇ ਜਗਾਉਣ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…