ਮੁਆਵਜ਼ਾ ਉਡੀਕਦੇ ਕਿਸਾਨ ਚੋਣਾਂ ਦੇ ਰਾਮ-ਰੌਲੇ ‘ਚ ਆਪ ਸਰਕਾਰ ਨੇ ਅਣਗੌਲੇ ਕੀਤੇ: ਮਹਿਲਾ ਕਿਸਾਨ ਯੂਨੀਅਨ
ਲਤੀਫ਼ੇਬਾਜ਼ੀਆਂ ਦੀ ਥਾਂ ਜਮੀਨੀ ਪੱਧਰ ‘ਤੇ ਕੰਮ ਕਰਕੇ ਦਿਖਾਵੇ ਭਗਵੰਤ ਮਾਨ: ਰਾਜਵਿੰਦਰ ਕੌਰ ਰਾਜੂ
ਨਬਜ਼-ਏ-ਪੰਜਾਬ ਬਿਊਰੋ, ਜਲੰਧਰ 7 ਮਈ:
ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ, ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਤੀਫ਼ੇਬਾਜ਼ ਕਰਾਰ ਦਿੰਦਿਆਂ ਕਿਹਾ ਹੈ ਕਿ ਮੀਂਹ ਅਤੇ ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਅਪ੍ਰੈਲ ਮਹੀਨੇ ਵਿੱਚ ਫਸਲਾਂ ਦਾ ਮੁਆਵਜ਼ਾ ਦੇਣ ਦਾ ਜਨਤਕ ਵਾਅਦਾ ਕਰਨ ਦੇ ਬਾਵਜੂਦ ਹਾਲੇ ਤੱਕ ਵੀ ਪੰਜਾਬ ਦੇ ਲਗਭਗ ਸਾਰੇ ਕਿਸਾਨ ਮੁਆਵਜ਼ੇ ਤੋਂ ਵਾਂਝੇ ਹਨ ਪਰ ਭਗਵੰਤ ਮਾਨ ਸੂਬੇ ਦੇ ਲੱਖਾਂ ਪੀੜਤ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਜਲੰਧਰ ਅਤੇ ਬਾਹਰਲੇ ਸੂਬਿਆਂ ਵਿਚ ਵੋਟਾਂ ਮੰਗਣ ਅਤੇ ਰੋਡ ਸ਼ੋਅ ਕਰਨ ਵਿੱਚ ਮਸਰੂਫ਼ ਹੈ।
ਅੱਜ ਇਥੇ ਇਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਮਾਲ ਮਹਿਕਮੇ ਦੇ ਚੰਡੀਗੜ੍ਹ ਬੈਠੇ ਉੱਚ ਅਧਿਕਾਰੀ ਖਰਾਬੇ ਸੰਬੰਧੀ ਪਟਵਾਰੀਆਂ ਵੱਲੋਂ ਭੇਜੀਆਂ ਗਿਰਦਾਵਰੀ ਰਿਪੋਰਟਾਂ ਮੰਨਣ ਤੋਂ ਇਨਕਾਰੀ ਹਨ ਅਤੇ ਪ੍ਰਭਾਵਿਤ ਕਿਸਾਨਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਲਾਨਿਆਂ ਇਹ ਮੁਆਵਜ਼ਾ ਊਠ ਦਾ ਬੁੱਲ੍ਹ ਲਟਕਣ ਵਾਂਗ ਬਣਿਆਂ ਹੋਇਆ ਹੈ ਕਿਉਂਕਿ 25 ਫੀਸਦ ਤੋਂ 75 ਫੀਸਦ ਤੱਕ ਕਣਕ ਦੇ ਖ਼ਰਾਬੇ ਲਈ ਪ੍ਰਭਾਵਿਤ ਕਿਸਾਨਾਂ ਨੂੰ ਹਾਲੇ ਤੱਕ ਕਾਣੀ ਕੌਡੀ ਵੀ ਮੁਆਵਜੇ ਵਜੋਂ ਨਹੀਂ ਮਿਲੀ।
ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਪਹਿਲਾਂ ਗਰੰਟੀ ਦਿੱਤੀ ਕਿ ਆਪ ਦੀ ਸਰਕਾਰ ਬਣਨ ‘ਤੇ ਕਿਸਾਨਾਂ ਨੂੰ ਖਰਾਬੇ ਸਬੰਧੀ ਗਿਰਦਾਵਰੀ ਰਿਪੋਰਟਾਂ ਪ੍ਰਾਪਤ ਹੋਣ ਤੋਂ ਪਹਿਲਾਂ ਹੀ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਪਰ ਜਿੱਤਣ ਤੋਂ ਬਾਅਦ ਇਹ ਮੁੱਖ ਮੰਤਰੀ ਆਪਣੇ ਇਹਨਾਂ ਵਾਅਦਿਆਂ ਸਮੇਤ ਕਿਸਾਨਾਂ ਨੂੰ ਦਿੱਤੀਆਂ ਹੋਰ ਗਾਰੰਟੀਆਂ ਤੋਂ ਵੀ ਤੋਂ ਮੁੱਕਰ ਚੁੱਕਾ ਹੈ।
ਬੀਬਾ ਰਾਜੂ ਨੇ ਮੁੱਖ ਮੰਤਰੀ ਸਮੇਤ ਆਪ ਸਰਕਾਰ ਦੇ ਸਮੂਹ ਮੰਤਰੀਆਂ ਅਤੇ ਨੇਤਾਵਾਂ ਨੂੰ ਸਲਾਹ ਦਿੱਤੀ ਕਿ ਉਹ ਅਖਬਾਰਾਂ, ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਲਤੀਫ਼ੇਬਾਜ਼ੀਆਂ ਨਾਲ ਲਬਰੇਜ਼ ਝੂਠੀ ਪ੍ਰਚਾਰ ਮੁਹਿੰਮ ਦੀ ਥਾਂ ਅਸਲੀਅਤ ਵਿਚ ਜਮੀਨੀ ਪੱਧਰ ਉੱਤੇ ਕੰਮ ਕਰਕੇ ਦਿਖਾਉਣ ਅਤੇ ਦੁਖੀ ਹੋਈ ਜਨਤਾ ਦੇ ਜਖ਼ਮਾਂ ‘ਤੇ ਮੱਲ੍ਹਮ ਲਾਉਣ। ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਇਥੋਂ ਤੱਕ ਕਿ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਵੀ ਗੰਨਾ ਕਾਸ਼ਤਕਾਰ ਆਪਣਾ ਬਕਾਇਆ ਲੈਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਇਸ ਮਾਮਲੇ ਉੱਤੇ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾਵੇ।