
ਕਿਸਾਨਾਂ ਨੇ USA ਰਾਸ਼ਟਰਪਤੀ ਡੋਨਾਲਡ ਟਰੰਪ ਅਤੇ PM ਨਰਿੰਦਰ ਮੋਦੀ ਦੇ ਪੁਤਲੇ ਫੂਕੇ
ਨਬਜ਼-ਏ-ਪੰਜਾਬ, ਮੁਹਾਲੀ, 4 ਅਪਰੈਲ:
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮੁਹਾਲੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਅਤੇ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਅਤੇ ਅੰਗਰੇਜ਼ ਸਿੰਘ ਡਕੌਂਦਾ ਨੇ ਕਿਹਾ ਕਿ ਅਮਰੀਕਾ ਦੇ ਸਹਾਇਕ ਵਪਾਰ ਪ੍ਰਤੀਨਿਧ ਬ੍ਰੈਂਡਨ ਲਿੰਚ ਦੀ ਪ੍ਰਧਾਨਗੀ ਵਾਲਾ ਵਫ਼ਦ ਪਿਛਲੇ ਦਿਨੀਂ ਭਾਰਤ ਦਾ ਚਾਰ ਰੋਜ਼ਾ ਦੌਰਾ ਕਰਕੇ 29 ਮਾਰਚ ਨੂੰ ਵਾਪਸ ਗਿਆ ਹੈ। ਪਹਿਲਾਂ ਵੀ ਅਮਰੀਕੀ ਉਪ ਵਿਦੇਸ਼ ਮੰਤਰੀ ਕ੍ਰਿਸ਼ਟੋਫਰ ਲੈਂਡੋ ਨੇ ਭਾਰਤੀ ਵਿਦੇਸ਼ ਸਚਿਵ ਵਿਕਰਮ ਮਿਸਰੀ ਨਾਲ ਗੱਲਬਾਤ ਕੀਤੀ ਸੀ ਅਤੇ ਪਿਛਲੇ ਮਹੀਨੇ ਪੀਐਮ ਮੋਦੀ ਨੇ ਵੀ ਅਮਰੀਕਾ ਦਾ ਦੌਰਾ ਕਰਕੇ ਇਸ ਸਮਝੌਤੇ ਬਾਰੇ ਗੱਲਬਾਤ ਕੀਤੀ ਹੈ। ਸਤੰਬਰ\ਅਕਤੂਬਰ ਤੱਕ ਸਮਝੌਤੇ ਦੇ ਪਹਿਲੇ ਦਸਤਾਵੇਜ਼ਾਂ ’ਤੇ ਦਸਤਖ਼ਤ ਕਰ ਦਿੱਤੇ ਜਾਣਗੇ ਅਤੇ 2030 ਤੱਕ ਆਪਸੀ ਵਪਾਰ ਨੂੰ ਮੌਜੂਦਾ 190 ਬਿਲੀਅਨ ਡਾਲਰ ਤੋਂ ਵਧਾ ਕੇ 500 ਬਿਲੀਅਨ ਡਾਲਰ ਕਰਨ ਦਾ ਨਿਸ਼ਾਨਾ ਹੈ।
ਆਗੂਆਂ ਨੇ ਕਿਹਾ ਕਿ ਅਮਰੀਕਾ ਆਪਣੇ ਇੱਕ ਕਿਸਾਨ ਪਰਿਵਾਰ ਨੂੰ ਅੌਸਤਨ 26 ਲੱਖ 80 ਹਜ਼ਾਰ ਰੁਪਏ ਸਾਲਾਨਾ ਸਬਸਿਡੀ ਦਿੰਦਾ ਹੈ ਜਦੋਂਕਿ ਭਾਰਤ ਵਿੱਚ ਪ੍ਰਤੀ ਪਰਿਵਾਰ 53,700 ਰੁਪਏ ਸਾਲਾਨਾ ਸਬਸਿਡੀ ਬਣਦੀ ਹੈ। ਐਨੀ ਜ਼ਿਆਦਾ ਸਬਸਿਡੀ ਮਿਲਣ ਕਾਰਨ ਅਮਰੀਕਾ ਦੀਆਂ ਖੇਤੀ ਅਤੇ ਡੇਅਰੀ ਵਸਤਾਂ ਸਸਤੀਆਂ ਹਨ ਅਤੇ ਇਨ੍ਹਾਂ ਦੇ ਭਾਰਤੀ ਬਾਜ਼ਾਰ ਵਿੱਚ ਖੁੱਲ੍ਹੇ ਦਾਖ਼ਲੇ ਨਾਲ ਦੇਸ਼ ਵਿੱਚ ਖੇਤੀ ਖੇਤਰ ਨੂੰ ਤਬਾਹ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਕਣਕ, ਮੱਕੀ, ਸੋਇਆਬੀਨ, ਜੌਂ, ਓਟਸ, ਚੌਲ, ਮਟਰ, ਨਰਮਾ ਅਤੇ ਤੇਲ ਬੀਜ ਥੋਕ ਵਿੱਚ ਭਾਰਤੀ ਮੰਡੀ ਵਿੱਚ ਭੇਜੇ ਜਾਣਗੇ। ਇੱਕ ਵਾਰ ਖੇਤੀ ਖੇਤਰ ਨੂੰ ਤਬਾਹ ਕਰਨ ਤੋਂ ਬਾਅਦ ਸਾਮਰਾਜੀ ਇਨ੍ਹਾਂ ਖੇਤੀ ਉਪਜਾਂ ਦਾ ਮੂੰਹ ਮੰਗਿਆ ਭਾਅ ਮੰਗਣਗੇ। ਇੰਜ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪੈ ਜਾਵੇਗਾ। ਇਸ ਤੋਂ ਇਲਾਵਾ ਪ੍ਰਚੂਨ ਵਪਾਰ ’ਤੇ ਵੀ ਮਾਰੂ ਅਸਰ ਪਵੇਗਾ।
ਕਿਸਾਨ ਆਗੂਆਂ ਗੁਰਪ੍ਰੀਤ ਸਿੰਘ ਪਲਹੇੜੀ, ਦਰਸ਼ਨ ਸਿੰਘ ਦੁਰਾਲੀ, ਸੱਤਾ ਚੜੂਨੀ ਨੇ ਕਿਹਾ ਕਿ ਸਾਮਰਾਜੀ ਕੰਪਨੀਆਂ ਦੇ ਹੱਲੇ ਤੋਂ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਕੋਲ ਆਪਣੇ ਜਥੇਬੰਦਕ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਦੇਸ਼ ਦੀ ਹਾਕਮ ਜਮਾਤ ਅਮਰੀਕੀ ਕੰਪਨੀਆਂ ਨਾਲ ਸਾਂਝ ਪਿਆਲੀ ਪਾ ਕੇ ਲੋਕਾਂ ਨੂੰ ਉਨ੍ਹਾਂ ਦੇ ਰਹਿਮੋ ਕਰਮ ’ਤੇ ਸੁੱਟ ਦੇਵੇਗੀ। ਇਸ ਦੇ ਮੱਦੇਨਜ਼ਰ ਅੱਜ ਪੰਜਾਬ ਵਿੱਚ ਡੋਨਲਡ ਟਰੰਪ ਅਤੇ ਮੋਦੀ ਦੇ ਪੁਤਲੇ ਫੂਕੇ ਗਏ ਹਨ। ਇਸ ਮੌਕੇ ਗੁਰਵਿੰਦਰ ਸਿੰਘ ਸਿਆਊ, ਮਨਜੀਤ ਸਿੰਘ ਸਰਪੰਚ, ਹਰਜੀਤ ਸਿੰਘ ਗਿੱਲ, ਅਮਰਜੀਤ ਸਿੰਘ ਸੁੱਖਗੜ੍ਹ, ਜਸਵਿੰਦਰ ਸਿੰਘ ਕੰਡਾਲਾ, ਹਰਦੀਪ ਸਿੰਘ ਬਲਟਾਣਾ, ਗੋਲਡੀ, ਸਤਵੀਰ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।