
ਖੇਤੀ ਕਾਨੂੰਨ: ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਕਿਸਾਨਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ
ਕਿਸਾਨੀ ਸੰਘਰਸ਼ ਦੇ ਸਮਰਥਨ ਵਿੱਚ ਲੜੀਵਾਰ ਭੁੱਖ-ਹੜਤਾਲ 103ਵੇਂ ਦਿਨ ’ਚ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਖੇਤਰ ਮੁਹਾਲੀ ਦੇ ਕਿਸਾਨ ਹਿਤੈਸ਼ੀਆਂ ਸਹਿਯੋਗ ਨਾਲ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਤੇ ਧਰਨਾ ਸ਼ੁੱਕਰਵਾਰ ਨੂੰ 103ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਪਿੰਡ ਕੁਰੜਾ ਤੋਂ ਅਕਾਲੀ ਆਗੂ ਜਸਬੀਰ ਸਿੰਘ ਕੁਰੜਾ, ਜਰਨੈਲ ਸਿੰਘ, ਅਜੈਬ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਰਾਮ ਸਿੰਘ, ਜਗਦੀਸ਼ ਸਿੰਘ, ਦਲਜੀਤ ਸਿੰਘ, ਮੁਖ਼ਤਿਆਰ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ ਭੁੱਖ-ਹੜਤਾਲ ’ਤੇ ਬੈਠੇ। ਇਸ ਦੌਰਾਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਕਾਲੇ ਦਿਨ ਮਨਾਉਂਦੇ ਹੋਏ ਉਨ੍ਹਾਂ ਦਾ ਪੁਤਲਾ ਸਾੜਿਆਂ ਅਤੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ।
ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ, ਪਹਿਲਵਾਨ ਅਮਨ ਪੂਨੀਆ, ਨੰਬਰਦਾਰ ਹਰਵਿੰਦਰ ਸਿੰਘ, ਮਿੰਦਰ ਸੋਹਾਣਾ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨੀ ਮੰਗਾਂ ਪ੍ਰਤੀ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਬੇਰੁਖ਼ੀ ਕਾਰਨ ਪੰਜਾਬ ਸਮੇਤ ਦੇਸ਼ ਦੇ ਕਿਸਾਨ ਪਿਛਲੇ 10 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਅਤੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਹਨ, ਪ੍ਰੰਤੂ ਹੁਕਮਰਾਨ ਕੁੰਭਕਰਨੀ ਨੀਂਦ ਵਿੱਚ ਸੁੱਤੇ ਪਏ ਹਨ। ਉਨ੍ਹਾਂ ਕੇਂਦਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਈ ਜਾਵੇ ਅਤੇ ਤਿੰਨੇ ਕਾਨੂੰਨ ਮੁੱਢੋਂ ਰੱਦ ਕੀਤੇ ਜਾਣ। ਇਸ ਮੌਕੇ ਦਵਿੰਦਰ ਸਿੰਘ ਬੌਬੀ, ਬੰਤ ਸਿੰਘ ਪੰਚ, ਅਮਰਜੀਤ ਸਿੰਘ ਨਰੈਣ, ਜੀਤ ਸਿੰਘ, ਸੁਰਿੰਦਰ ਸਿੰਘ ਕੰਗ, ਗੁਰਬਚਨ ਸਿੰਘ ਨੰਗਾਰੀਂ, ਖ਼ੁਸ਼ਇੰਦਰ ਸਿੰਘ ਬੈਦਵਾਨ ਮੌਜੂਦ ਸਨ।