ਬਲੈਕ ਡੇਅ: ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਕੀਤਾ ਮੁਹਾਲੀ ਦੀਆਂ ਸੜਕਾਂ ’ਤੇ ਵਿਸ਼ਾਲ ਰੋਸ ਮੁਜ਼ਾਹਰਾ

ਮੁਹਾਲੀ ਏਅਰਪੋਰਟ ਸੜਕ ’ਤੇ ਚੱਕਾ ਜਾਮ, ਥਾਂ-ਥਾਂ ਸਾੜੇ ਪ੍ਰਧਾਨ ਮੰਤਰੀ ਦੇ ਪੁਤਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਨਦਾਤਾ ਸਮੇਤ ਆਮ ਲੋਕਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ’ਤੇ ਬੁੱਧਵਾਰ ਨੂੰ ਮੁਹਾਲੀ ਵਿੱਚ ਇਲਾਕੇ ਦੇ ਕਿਸਾਨਾਂ ਅਤੇ ਵੱਖ-ਵੱਖ ਸਿਆਸੀ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਮੁਹਾਲੀ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ। ਕੁੱਝ ਲੋਕਾਂ ਨੇ ਪੁਤਲੇ ’ਤੇ ਜੁੱਤੀਆਂ ਦਾ ਹਾਰ ਕੇ ਦੇਸ਼ ਦੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਜਥੇਦਾਰ ਕਿਰਨਬੀਰ ਸਿੰਘ ਕੰਗ ਅਤੇ ਪੰਜਾਬੀ ਸਿਨੇਮਾ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਵੀ ਰੋਸ ਮੁਜ਼ਾਹਰੇ ਵਿੱਚ ਸ਼ਿਰਕਤ ਕੀਤੀ ਅਤੇ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਰਗੜ੍ਹੇ ਲਗਾਉਂਦੇ ਹੋਏ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹੁਕਮਰਾਨ ਖ਼ੁਦ ਗੋਡੇ ਟੇਕ ਕੇ ਆਪਣੇ ਮੂੰਹੋਂ ਕਹਿਣਗੇ ਕਿ ਸਰਕਾਰ ਕਾਨੂੰਨ ਵਾਪਸ ਲੈਂਦੀ ਹੈ।
ਉਧਰ, ਬੈਸਟੈੱਕ ਮਾਲ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕਿਸਾਨਾਂ ਨੇ ਟਰੈਕਟਰਾਂ ਅਤੇ ਗੱਡੀਆਂ ਵਿੱਚ ਸਵਾਰ ਹੋ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਆਮ ਲੋਕਾਂ ਨੇ ਆਪਣੇ ਹੱਥਾਂ ਵਿੱਚ ਕਾਲੇ ਝੰਡੇ ਫੜੇ ਹੋਏ ਸੀ। ਸਾਬਕਾ ਮੇਅਰ ਕੁਲਵੰਤ ਸਿੰਘ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਬੱਬੀ ਬਾਦਲ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਪਰਵਿੰਦਰ ਸਿੰਘ ਸੋਹਾਣਾ, ਪਰਮਜੀਤ ਸਿੰਘ ਕਾਹਲੋਂ, ਆਪ ਆਗੂ ਚਿਰਾਗਦੀਪ ਸਿੰਘ ਆਹਲੂਵਾਲੀਆ, ਪ੍ਰੋ. ਮੇਹਰ ਸਿੰਘ ਮੱਲ੍ਹੀ ਸਮੇਤ ਹੋਰ ਰਾਜਸੀ ਆਗੂਆਂ ਵੱਲੋਂ ਆਪਣੇ ਘਰਾਂ ਦੇ ਬਨੇਰਿਆਂ ’ਤੇ ਕਾਲੇ ਝੰਡੇ ਲਹਿਰਾਏ ਗਏ।
ਇਸ ਮੌਕੇ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਕਾਹਲੋਂ ਅਤੇ ਪਰਮਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਅੱਜ ਰੋਸ ਵਜੋਂ ਕਾਲਾ ਦਿਵਸ ਮਨਾਇਆ ਗਿਆ ਹੈ ਅਤੇ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਚਿਰਾਗਦੀਪ ਸਿੰਘ ਆਹਲੂਵਾਲੀਆ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਕਿਸਾਨਾਂ ਨੂੰ ਮੋਦੀ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਸਗੋਂ ਆਪਣਾ ਸੰਘਰਸ਼ ਹੋਰ ਤੇਜ ਕਰਨਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਸਿਆਸਤ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ।
ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਵੱਲੋਂ ਲਿਖੀ ਗਈ ਚਿੱਠੀ ਪ੍ਰਤੀ ਹਾਂ-ਪੱਖੀ ਵਿਚਾਰਧਾਰਾ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਸਮਾਜ ਸੇਵੀ ਪ੍ਰੋ. ਮਨਜੀਤ ਸਿੰਘ, ਕੌਂਸਲਰ ਗੁਰਮੀਤ ਕੌਰ, ਹਰਜਿੰਦਰ ਕੌਰ ਸੋਹਾਣਾ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ, ਨੰਬਰਦਾਰ ਹਰਵਿੰਦਰ ਸਿੰਘ, ਹਰਸੰਗਤ ਸਿੰਘ, ਕਰਮਜੀਤ ਸਿੰਘ, ਯੂਥ ਆਗੂ ਅਮਨ ਬੈਦਵਾਨ, ਸੁਖਮਿੰਦਰ ਸਿੰਘ ਬਰਨਾਲਾ, ਬਲਰਾਜ ਸਿੰਘ ਗਿੱਲ, ਜਸਪਾਲ ਸਿੰਘ ਦਿਊਲ, ਅਕਵਿੰਦਰ ਸਿੰਘ ਗੋਸਲ, ਸਾਬਕਾ ਬਲਾਕ ਸਮਿਤੀ ਮੈਂਬਰ ਬਲਬੀਰ ਕੌਰ, ਹਰਪਾਲ ਕੌਰ ਅਮਰਜੀਤ ਸਿੰਘ, ਸੋਨੀਆ ਸੰਧੂ, ਕਸ਼ਮੀਰ ਕੌਰ, ਮਨਮੋਹਨ ਸਿੰਘ ਅਤੇ ਰਣਜੀਤ ਸਿੰਘ ਰਾਣਾ ਵੀ ਹਾਜ਼ਰ ਸਨ।

ਉਧਰ, ਪਿੰਡ ਮੌਜ਼ਪੁਰ ਦੇ ਨੌਜਵਾਨਾਂ ਨੇ ਟਰੈਕਟਰਾਂ ’ਤੇ ਕਾਲੇ ਝੰਡੇ ਲਗਾ ਕੇ ਟੋਲ ਪਲਾਜ਼ਾ ਭਾਗੋਮਾਜਰਾ ਵੱਲ ਵਹੀਰਾਂ ਘੱਤੀਆਂ। ਸਮੂਹ ਪਿੰਡ ਵਾਸੀਆਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਾਨੂੰਨਾਂ ਦੇ ਖ਼ਾਤਮੇ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਨੌਜਵਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸਮੁੱਚੇ ਪਿੰਡਾਂ ਵਿੱਚ ਲੋਕਾਂ ਨੇ ਥਾਂ-ਥਾਂ ਆਪਣੇ ਘਰਾਂ ਉੱਤੇ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਗਟ ਕੀਤਾ।
ਇਸੇ ਤਰ੍ਹਾਂ ਪਿੰਡ ਭਾਗੋਮਾਜਰਾ-ਬੈਰੋਂਪੁਰ ਵਿਖੇ ਕਾਲਾ ਦਿਵਸ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ ਕੀਤਾ। ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੰਘਰਸ਼ ਨੂੰ ਭਖਾਉਣ ਦਾ ਅਹਿਦ ਲਿਆ।
ਇਸ ਮੌਕੇ ਅਵਤਾਰ ਸਿੰਘ ਤਾਰੀ ਸਰਪੰਚ ਭਾਗੋਮਾਜਰਾ, ਸੁਰਮੁੱਖ ਸਿੰਘ, ਸੁਦੇਸ਼ ਕੁਮਾਰ ਗੋਗਾ ਸਰਪੰਚ ਬੈਰੋਂਪੁਰ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਸਾਬਕਾ ਸਰਪੰਚ, ਰੇਸ਼ਮ ਸਿੰਘ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਭਾਗੋਮਾਜਰਾ, ਅਮਰੀਕ ਸਿੰਘ, ਮਨਪ੍ਰੀਤ ਸਿੰਘ ਟੋਨੀ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਹਰਿੰਦਰ ਸਿੰਘ, ਬਹਾਦਰ ਸਿੰਘ, ਮੰਨਾ ਸੰਧੂ ਅਤੇ ਸ਼ਮਸ਼ੇਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…