ਕਿਸਾਨਾਂ ਵੱਲੋਂ ਇਮੀਗਰੇਸ਼ਨ ਏਜੰਟ ਦੀ ਕੋਠੀ ਦਾ ਦੂਜੇ ਦਿਨ ਵੀ ਘਿਰਾਓ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਇੱਥੋਂ ਦੇ ਫੇਜ਼-3ਬੀ2 ਦੇ ਇਮੀਗਰੇਸ਼ਨ ਏਜੰਟ ਦੀ ਰਿਹਾਇਸ਼ ਦੇ ਬਾਹਰ ਲੜੀਵਾਰ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਇਮੀਗਰੇਸ਼ਨ ਏਜੰਟ ’ਤੇ ਪੀੜਤ ਕਿਸਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਇਸ ਮੌਕੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਠੱਗੀਆਂ ਕਾਰਨ ਦਾ ਧੰਦਾ ਪੁਲੀਸ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਨਹੀਂ ਚੱਲ ਸਕਦਾ ਹੈ। ਜਿਸ ਕਾਰਨ ਪੀੜਤ ਪਰਿਵਾਰ ਅਤੇ ਕਿਸਾਨਾਂ ਵੱਲੋਂ ਧਰਨਾ ਦੇਣ ਦੇ ਬਾਵਜੂਦ ਪੁਲੀਸ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਪੁਲੀਸ ਏਜੰਟ ਨੂੰ ਬਚਾ ਰਹੀ ਹੈ।
ਇਸ ਮੌਕੇ ਅਜੈਬ ਸਿੰਘ ਲੱਖੇਵਾਲ ਅਤੇ ਰਘਬੀਰ ਸਿੰਘ ਘਰਾਂਚੋਂ ਨੇ ਕਿਹਾ ਕਿ ਏਜੰਟ ਨੇ ਗਰੀਬ ਕਿਸਾਨ ਤੋਂ ਉਸ ਦੇ ਬੇਟੇ ਨੂੰ ਕੈਨੇਡਾ ਭੇਜਣ ਦਾ ਝੂਠਾ ਲਾਰਾ ਲਗਾ ਕੇ 25 ਲੱਖ ਤੋਂ ਵੱਧ ਪੈਸੇ ਹੜੱਪ ਕਰ ਲਏ ਹਨ। ਲੇਕਿਨ ਏਜੰਟ ਨੇ ਉਸ ਦੇ ਬੇਟੇ ਨੂੰ ਨਾ ਵਿਦੇਸ਼ ਭੇਜਿਆ ਅਤੇ ਨਾ ਪੈਸੇ ਵਾਪਸ ਕੀਤੇ ਗਏ। ਇਸ ਸਬੰਧੀ ਕਈ ਵਾਰ ਏਜੰਟ ਨਾਲ ਤਾਲਮੇਲ ਕਰਕੇ ਪੈਸੇ ਮੋੜਨ ਦੀ ਅਪੀਲ ਕੀਤੀ ਲੇਕਿਨ ਉਸ ਨੇ ਕੋਈ ਆਈ ਗਈ ਨਹੀਂ ਦਿੱਤੀ, ਸਗੋਂ ਹੁਣ ਉਲਟਾ ਕਥਿਤ ਛੇੜਛਾੜ ਦੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਬਾਅਦ ਪੀੜਤ ਕਿਸਾਨ ਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸੰਪਰਕ ਕਰਕੇ ਆਪਣੀ ਹੱਡਬੀਤੀ ਦੱਸੀ। ਜਿਸ ਕਾਰਨ ਜਥੇਬੰਦੀ ਨੂੰ ਇਮੀਗਰੇਸ਼ਨ ਏਜੰਟ ਦੇ ਘਰ ਮੂਹਰੇ ਲੜੀਵਾਰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਮਰੀਗਰੇਸ਼ਨ ਏਜੰਟ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਘਮੂੰਰਘਾਟ (ਸੰਗਰੂਰ) ਦੇ ਪੂਰੇ ਪੈਸੇ (25 ਲੱਖ 35 ਹਜ਼ਾਰ ਰੁਪਏ) ਵਾਪਸ ਨਹੀਂ ਕਰਦਾ, ਉਦੋਂ ਤੱਕ ਉਸ ਦੀ ਕੋਠੀ ਦਾ ਘਿਰਾਓ ਜਾਰੀ ਰਹੇਗਾ।
ਇਸ ਮੌਕੇ ਮਨਜੀਤ ਘਰਾਂਚੋ, ਜਸਵੀਰ ਗੱਗੜਪੁਰ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ, ਰਾਮਪਾਲ ਸਿੰਘ, ਅਮਨਦੀਪ ਕੌਰ, ਸਰਬਜੀਤ ਸਿੰਘ, ਮੱਖਣ ਸਿੰਘ ਪਾਪੜਾ, ਸੁਖਪਾਲ ਸਿੰਘ, ਸੁਖਦੇਵ ਸ਼ਰਮਾ ਭੂਟਾਲ ਖੁਰਦ, ਰਿੰਕੂ ਮੂਣਕ, ਸੁਖਦੇਵ ਕੜੈਲ, ਬੀਰਬਲ ਹਮੀਰਗੜ੍ਹ, ਹਰਪ੍ਰੀਤ ਦੌਣ ਕਲਾਂ, ਅਰਸ਼ਦੀਪ ਪਟਿਆਲਾ, ਬੱਬੂ ਮੂਣਕ, ਜਸਵਿੰਦਰ ਬਿਸ਼ਨਪੁਰ ਵੀ ਮੌਜੂਦ ਸਨ।
ਉਧਰ, ਇਮੀਗਰੇਸ਼ਨ ਏਜੰਟ ਰੀਤ ਸਿੱਧੂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨਾਲ ਪੈਸੇ ਦੇ ਲੈਣ-ਦੇਣ ਦਾ ਮਾਮਲਾ ਅਦਾਲਤ ਵਿੱਚ ਹੈ। ਇਸ ਸਬੰਧੀ ਅਦਾਲਤ ਵੱਲੋਂ ਗੁਰਪ੍ਰੀਤ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਅਦਾਲਤ ਵਿੱਚ ਹਾਜ਼ਰ ਨਹੀਂ ਹੋਇਆ। ਕਿਸਾਨਾਂ ਨੇ ਉਨ੍ਹਾਂ ਦੇ ਘਰ ਅੱਗੇ ਧਰਨਾ ਲਗਾ ਕੇ ਲਾਂਘਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀ ਉਨ੍ਹਾਂ ਨੂੰ ਇਹ ਕਹਿ ਕੇ ਡਰਾ ਰਹੇ ਹਨ ਕਿ ਦਿੱਲੀ ਮੋਰਚਾ ਜਿੱਤ ਲਿਆ ਹੈ ਅਤੇ ਹੁਣ ਉਹ ਪੈਸੇ ਲਏ ਬਿਨਾ ਵਾਪਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਧਰਨਾ ਲਗਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2018 ਵਿੱਚ ਉਨ੍ਹਾਂ ਨੇ ਦਫ਼ਤਰ ਬੰਦ ਕਰਕੇ ਇਹ ਕਾਰੋਬਾਰ ਵੀ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਅਦਾਲਤ ਵਿੱਚ ਹੈ, ਪ੍ਰੰਤੂ ਫਿਰ ਵੀ ਉਹ ਬੈਠ ਕੇ ਗੱਲ ਕਰਨ ਲਈ ਤਿਆਰ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…