
ਮੱਕੀ ਤੇ ਮੂੰਗੀ ਦੀ ਖ਼ਰੀਦ ਵਿੱਚ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਕਿਸਾਨ ਪ੍ਰੇਸ਼ਾਨ: ਚੰਦੂਮਾਜਰਾ
ਕਿਸਾਨਾਂ ਦੀ ਲੁੱਟ ਰੋਕਣ ਲਈ ਸਰਕਾਰ ਠੋਸ ਕਦਮ ਚੁੱਕੇ ਨਹੀਂ ਤਾਂ ਅਕਾਲੀ ਦਲ ਵਿੱਢੇਗਾ ਸੰਘਰਸ਼
ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਮੱਕੀ ਅਤੇ ਮੂੰਗੀ ਦੀ ਖ਼ਰੀਦ ਵਿੱਚ ਪੰਜਾਬ ਦੇ ਕਿਸਾਨ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਪ੍ਰੰਤੂ ਪੰਜਾਬ ਦੀ ਆਪ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਤਮਾਸ਼ਬੀਨ ਬਣੀ ਬੈਠੀ ਹੈ। ਅੱਜ ਇੱਥੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਅਤੇ ਕਾਸ਼ਤਕਾਰਾਂ ਦੀ ਲੁੱਟ ਨੂੰ ਰੋਕਣ ਲਈ ਸਰਕਾਰ ਠੋਸ ਕਦਮ ਚੁੱਕੇ ਨਹੀਂ ਤਾਂ ਅਕਾਲੀ ਦਲ ਵੱਲੋਂ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਮੱਕੀ ਦੀ ਐਮਐਸਪੀ 2090 ਰੁਪਏ ਪ੍ਰਤੀ ਕੁਇੰਟਲ ਮਿਥੀ ਗਈ ਹੈ ਪ੍ਰੰਤੂ ਕਿਸਾਨ ਤੋਂ ਮਹਿਜ਼ 1100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫ਼ਸਲ ਖਰੀਦੀ ਜਾ ਰਹੀ ਹੈ। ਇੰਜ ਹੀ ਮੂੰਗੀ ਦੇ ਭਾਅ ਵਿੱਚ 1500 ਰੁਪਏ ਘੱਟ ਕੀਮਤ ’ਤੇ ਖ਼ਰੀਦ ਕੇ ਕਿਸਾਨਾਂ ਨੂੰ ਚੂਨਾ ਲਾਇਆ ਜਾ ਰਿਹਾ ਹੈ ਪ੍ਰੰਤੂ ਇਸ ਗੰਭੀਰ ਮੁੱਦੇ ’ਤੇ ਸਰਕਾਰ ਚੁੱਪ ਧਾਰ ਕੇ ਬੈਠੀ ਹੈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਲਈ ਫ਼ਸਲਾਂ ਲਈ ਬਦਲਵਾਂ ਪ੍ਰਬੰਧ ਕੀਤਾ ਜਾਵੇਗਾ ਅਤੇ ਸਮਰਥਨ ਮੁੱਲ ’ਤੇ ਫ਼ਸਲਾਂ ਖ਼ਰੀਦੀਆਂ ਜਾਣਗੀਆਂ ਲੇਕਿਨ ਹੁਣ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਐਨਐਚਐਮ ਦੇ ਮਾਮਲੇ ਵਿੱਚ ਪੰਜਾਬ ਨੂੰ 800 ਕਰੋੜ ਦਾ ਰਗੜਾ ਲੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਲਾਵਾਰਸ ਛੱਡ ਕੇ ਗੁਆਂਢੀ ਸੂਬਿਆਂ ਦੇ ਦੌਰੇ ’ਤੇ ਹਨ। ਵੋਟਾਂ ਦੇ ਚੱਲਦਿਆਂ ਬੀਬੀਐਮਬੀ ਤੋਂ ਰਾਜਸਥਾਨ ਨੂੰ ਪੰਜਾਬ ਦਾ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਮੌਜੂਦ ਸਨ।