
ਵਾਤਾਵਰਨ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਕਿਸਾਨ: ਡੀ.ਸੀ.
ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਖਤਮ ਹੁੰਦੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ
ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਕਰ ਰਿਹਾ ਪਿੰਡ-ਪਿੰਡ ਪਹੁੰਚ
ਨਬਜ਼-ਏ-ਪੰਜਾਬ ਬਿਊਰੋ, ਅੰਮਿ੍ਰਤਸਰ, 4 ਸਤੰਬਰ:
ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ੍ਰ. ਕਮਲਦੀਪ ਸਿੰਘ ਸੰਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਸੰਭਾਲ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ’ਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਅੱਜ ਸਥਾਨਕ ਜ਼ਿਲਾ ਪ੍ਰੀਸ਼ਦ ਦਫਤਰ ’ਚ ਜ਼ਿਲੇ ਦੇ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਯੋਗ ਨੈਸ਼ਨਲ ਗਰੀਨ ਟਿ੍ਰਬਿਊਨਲ ਦਾ ਜੋ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦਾ ਫੈਸਲਾ ਹੈ ਉਸਦੀ ਜ਼ਿਲਾ ਅੰਮਿ੍ਰਤਸਰ ਵਿੱਚ ਪੂਰੀ ਤਰਾਂ ਪਾਲਣਾ ਕੀਤੀ ਜਾਵੇਗੀ ਅਤੇ ਇਸ ਫੈਸਲੇ ਨੂੰ ਲਾਗੂ ਕਰਨ ’ਚ ਸਾਰੇ ਕਿਸਾਨ ਵੀ ਆਪਣਾ ਯੋਗਦਾਨ ਪਾਉਣ।
ਡਿਪਟੀ ਕਮਿਸ਼ਨਰ ਸ. ਸੰਘਾ ਨੇ ਕਿਹਾ ਕਿ ਧਰਤੀ ਦਾ ਵਾਤਾਵਰਨ ਦਿਨੋਂ ਦਿਨ ਗੰਧਲਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਮਨੁੱਖ ਸਮੇਤ ਹਰੇਕ ਜੀਵ-ਜੰਤੂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਬਹੁਤ ਵੱਡੀ ਪੱਧਰ ’ਤੇ ਪ੍ਰਦੂਸ਼ਣ ਪੈਦਾ ਹੁੰਦਾ ਹੈ ਜਿਸ ਕਾਰਨ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ ਉਥੇ ਮਨੁੱਖੀ ਸਿਹਤ ’ਤੇ ਵੀ ਬੜੇ ਮਾਰੂ ਪ੍ਰਭਾਵ ਪੈਂਦੇ ਹਨ। ਧੂੰਏ ਕਾਰਨ ਸਾਹ ਲੈਣ ’ਚ ਤਕਲੀਫ ਹੁੰਦੀ ਹੈ ਅਤੇ ਸੜਕ ਦੁਰਘਟਨਾਵਾਂ ਵਾਪਰਨ ਨਾਲ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ’ਚ ਅੱਗ ਲਗਾਉਣ ਦੀ ਬਜਾਏ ਉਸ ਰਹਿੰਦ-ਖੂੰਹਦ ਨੂੰ ਹੈਪੀਸੀਡਰ, ਪੈਡੀ ਸਟਰਾਅ ਚੌਪਰ ਸਰੈਡਰ ਅਤੇ ਸਟਰਾਅ ਬੇਲਰ ਤੋਂ ਇਲਾਵਾ ਇਸਨੂੰ ਖੇਤਾਂ ’ਚ ਵਾਹ ਕੇ ਖਤਮ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਹ ਤਕਨੀਕ ਅਪਨਾਉਣ ਨਾਲ ਜਿਥੇ ਵਾਤਾਵਰਨ ਦੂਸ਼ਿਤ ਨਹੀਂ ਹੋਵੇਗਾ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ।
ਸ. ਸੰਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਸ਼ਿਫਾਰਸ਼ਾਂ ਅਨੁਸਾਰ ਆਪਣੀ ਖੇਤੀ ਕਰਨ ਅਤੇ ਖਾਦਾਂ ਅਤੇ ਕੀਟ ਨਾਸ਼ਕਾਂ ਦੀ ਵਰਤੋਂ ਵੀ ਮਾਹਿਰਾਂ ਦੀ ਸ਼ਿਫਾਰਸ਼ ਨਾਲ ਕੀਤੀ ਜਾਵੇ। ਉਨਾਂ ਕਿਹਾ ਕਿ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ’ਚ ਵਾਹੁਣ ਬਾਰੇ ਵੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਕਿਸੇ ਤਰਾਂ ਦੀ ਵੀ ਸਲਾਹ ਮਾਹਿਰਾਂ ਤੋਂ ਲੈ ਸਕਦੇ ਹਨ। ਉਨਾਂ ਕਿਹਾ ਕਿ ਧਰਤ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਕਣਕ-ਝੋਨੇ ਦੀ ਫਸਲੀ ਚੱਕਰ ’ਤੋਂ ਨਕਲਣਾ ਚਾਹੀਦਾ ਹੈ ਅਤੇ ਹੋਰ ਫਸਲਾਂ, ਬਾਗਬਾਨੀ, ਸਬਜ਼ੀਆਂ ਆਦਿ ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਕੋਈ ਨਾ ਕੋਈ ਸਹਾਇਕ ਧੰਦਾ ਜਰੂਰ ਕਰਨਾ ਚਾਹੀਦਾ ਹੈ ਜੋ ਕਿ ਉਸਦੀ ਆਮਦਨ ’ਚ ਵਾਧਾ ਕਰ ਸਕੇ। ਉਨਾਂ ਕਿਹਾ ਕਿ ਕਿਸਾਨਾਂ ਨੂੰ ਹੱਥੀਂ ਕੰਮ ਕਰਨ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਦਲਬੀਰ ਸਿੰਘ ਛੀਨਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨ ਲਈ 30 ਸਤੰਬਰ ਤੱਕ ਜ਼ਿਲੇ ਦੇ 90 ਪਿੰਡਾਂ ’ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਨਾਈਟ੍ਰੋਜ਼ਨ, ਫ਼ਾਸਫੋਰਸ ਅਤੇ ਪੋਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿਚ ਧਰਤੀ ਦੇ ਲਘੂ ਤੱਤ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਉਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨਾਲ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੁੰਦੀਆਂ ਹਨ, ਜਿਸ ਕਾਰਨ ਮਨੁੱਖਾਂ ਵਿਚ ਸਾਹ, ਅੱਖਾਂ ਵਿਚ ਜਲਣ ਅਤੇ ਚਮੜੀ ਦੇ ਰੋਗਾਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸਦੇ ਨਾਲ ਹੀ ਵੱਡੇ ਮੌਸਮੀ ਬਦਲਾਅ ਪਹਿਲਾਂ ਹੀ ਸਾਡੇ ਸਾਹਮਣੇ ਹਨ, ਜਿਸ ਨਾਲ ਕਿਧਰੇ ਹੜ ਅਤੇ ਕਿਧਰੇ ਸੋਕਾ ਪੈ ਰਿਹਾ ਹੈ। ਉਨਾਂ ਕਿਹਾ ਕਿ ਤਾਪਮਾਨ ਵਧਣ ਕਾਰਨ ਵੱਡੀਆਂ ਜਲਵਾਯੂ/ਮੌਸਮੀ ਤਬਦੀਲੀਆਂ ਪੈਦਾ ਹੋ ਰਹੀਆਂ ਹਨ ਜੋ ਧਰਤੀ ਦੇ ਜੀਵਨ ਲਈ ਵੀ ਖਤਰਾ ਬਣਿਆ ਹੋਇਆ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਉਨਾਂ ਕਿਹਾ ਕਿ ਨੈਸ਼ਨਲ ਗਰੀਨ ਟਿ੍ਰਬਿਊਨਲ ਦੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਕਿਸਾਨ ਮਨਾਹੀ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਨੂੰ 2500 ਰੁਪਏ ਤੋਂ 15000 ਰੁਪਏ ਤੱਕ ਜੁਰਮਾਨਾ ਕੀਤਾ ਜਾਵੇਗਾ।
ਇਸ ਮੌਕੇ ਅਗਾਂਹਵਧੂ ਕਿਸਾਨਾਂ ਨੇ ਦੂਸਰੇ ਕਿਸਾਨਾਂ ਨੂੰ ਆਪਣੇ ਤਜ਼ਰਬੇ ਦੱਸਦਿਆਂ ਕਿਹਾ ਕਿ ਉਨਾਂ ਨੇ ਪਿਛਲੇ ਕਈ ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾ ਅੱਗ ਲਗਾਏ ਖੇਤੀ ਕੀਤੀ ਹੈ ਜਿਸ ਕਾਰਨ ਉਨਾਂ ਦੀ ਫਸਲ ਦਾ ਝਾੜ ਆਮ ਨਾਲੋਂ ਜਿਆਦਾ ਨਿਕਲਦਾ ਹੈ। ਇਸ ਮੌਕੇ ਕਿਸਾਨਾਂ ਨੇ ਖੁੱਲ ਕੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਇੰਜੀਨੀਅਰ ਸ. ਰਣਬੀਰ ਸਿੰਘ ਰੰਧਾਵਾ, ਕਿਸਾਨ ਸੁਰਿੰਦਰ ਸਿੰਘ ਰੰਧਾਵਾ, ਸਤਨਾਮ ਸਿੰਘ ਰਾਜੀਆਂ, ਬਲਵਿੰਦਰ ਸਿੰਘ ਮਾਖੋਵਾਲ, ਅਰਸ਼ਦੀਪ ਸਿੰਘ ਭੋਰਸੀ ਰਾਜਪੂਤਾਂ, ਗੁਰਿੰਦਰ ਸਿੰਘ ਰੰਧਾਵਾ, ਰਘੁਬੀਰ ਸਿੰਘ ਰਤਨਗੜ ਤੋਂ ਇਲਾਵਾ ਹੋਰ ਵੀ ਕਿਸਾਨ ਮੀਟਿੰਗ ’ਚ ਹਾਜ਼ਰ ਸਨ।