ਕਿਸਾਨ ਬੇਤਹਾਸ਼ਾ ਕੀਟਨਾਸ਼ਕ ਤੇ ਉਲੀਨਾਸ਼ਕਾਂ ਸਪਰੇ ਕਰਕੇ ਪੈਸੇ ਦੀ ਬਰਬਾਦੀ ਨਾ ਕਰਨ: ਰਾਜੇਸ਼ ਰਹੇਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਇਸ ਸਾਲ ਕਣਕ ਦੀ ਘੱਟ ਪੈਦਾਵਾਰ ਦਾ ਨੁਕਸਾਨ ਕਿਸਾਨ ਪਹਿਲਾਂ ਹੀ ਝੇਲ ਚੁੱਕੇ ਹਨ ਅਤੇ ਇੱਕ ਹੋਰ ਝੋਨੇ ਵਿੱਚ ਨਵੀਂ ਅੌਂਕੜ ਜਲਵਾਯੂ ਦੇ ਅਚਾਨਕ ਬਦਲਾਅ ਨਾਲ ਪੇਸ਼ ਆ ਰਹੀ ਹੈ। ਇਸ ਨਾਲ ਨਾ ਸਿਰਫ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਬਲਕਿ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਵਿੱਚ ਵੀ ਝੋਨੇ ਦੀ ਖੜੀ ਫਸਲ ਵਿੱਚ ਕੁੱਝ ਬੁੱਟੇ ਮੱਧਰੇ ਰਹਿ ਗਏ ਹਨ ਅਤੇ ਉਨ੍ਹਾਂ ਵਿੱਚ ਫੋਟ ਵੀ ਘੱਟ ਹੋਈ ਹੈ ਅਤੇ ਮਰ ਵੀ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ, ਡਾ. ਰਾਜੇਸ਼ ਕੁਮਾਰ ਰਹੇਜਾ ਨੇ ਕਿਹਾ ਕਿ ਕਿਸਾਨ ਬੇਤਹਾਸ਼ਾ ਕੀਟਨਾਸ਼ਕ ਅਤੇ ਉਲੀਨਾਸ਼ਕਾਂ ਦੀ ਸਪਰੇ ਕਰਕੇ ਪੈਸੇ ਦੀ ਬਰਬਾਦੀ ਨਾ ਕਰਨ। ਉਨ੍ਹਾਂ ਦੱਸਿਆ ਲਗਾਤਾਰ ਖੇਤਾਂ ਦਾ ਮੁਆਇਨਾ ਕਰਕੇ ਖੇਤੀਬਾੜੀ ਵਿਭਾਗ ਦੀ ਟੀਮ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਹੈ ਅਤੇ ਬੁਟਿਆਂ ਦੀ ਮਾੜੀ ਹਾਲਤ ਸਬੰਧੀ ਸਾਇੰਸਦਾਨਾਂ ਵੱਲੋਂ ਖੋਜ ਕਰਕੇ ਛੇਤੀ ਹੀ ਇਸ ਸਬੰਧੀ ਐਡਵਾਇਜਰੀ ਜਾਰੀ ਕਰ ਦਿੱਤੀ ਜਾਵੇਗੀ।
ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਫੋਟ ਵਿੱਚ ਵਾਧਾ ਕਰਨ ਲਈ ਬਿਨਾਂ ਸਿਫਾਰਸ਼ ਕੀਤੇ ਮਿਕਸਚਰਾਂ ਜਾਂ ਉੱਲੀਨਾਸ਼ਕਾਂ ਦੀ ਸਪਰੇ ਕਰਕੇ ਆਰਥਿਕ ਨੁਕਸਾਨ ਨਾ ਕਰਨ, ਇਹਨਾਂ ਪੈਸਟੀਸਾਈਡਜ਼ ਨਾਲ ਕਿਸੇ ਤਰਾਂ ਵੀ ਫੋਟ ਵਿੱਚ ਵਾਧਾ ਨਹੀ ਹੋਵੇਗਾ ਅਤੇ ਵਾਤਾਵਰਨ ਵੀ ਦੂਸ਼ਿਤ ਹੋਵੇਗਾ। ਕਿਸਾਨਾਂ ਵੱਲੋਂ ਆਪਣੀ ਮਰਜੀ ਤੇ ਫਟੇਰਾ, ਫਿਪਰੋਨਿਲ, ਬਵਿਸਟਿਨ ਅਤੇ ਕਲੋਰੋਪਾਈਰੀਫੋਸ ਦੀ ਸਪਰੇ ਕੀਤੀ ਜਾ ਰਹੀ ਹੈ ਅਤੇ ਉਸ ਨਾਲ ਕਿਸੇ ਤਰਾਂ ਦਾ ਵੀ ਬਚਾਅ ਨਹੀ ਹੋ ਰਿਹਾ ਹੈ ਇਸ ਲਈ ਇਸ ਸਮੇਂ ਸਿਰਫ ਤੇ ਸਿਰਫ ਬਾਰਿਸ਼ਾਂ ਵੱਧ ਪੈਣ ਨਾਲ ਛੋਟੇ ਤੱਤਾਂ ਦੀ ਘਾਟ ਵੇਖਣ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਖਾਸ ਤੌਰ ਤੇ ਪੱਤੇ ਜੰਗਾਲੇ ਹਨ ਜਾਂ ਨਵੇਂ ਪੱਤੇ ਪੀਲੇ ਹੋ ਰਹੇ ਹਨ, ਇਹ ਕ੍ਰਮਵਾਰ ਜਿੰਕ ਅਤੇ ਲੋਹੇ ਦੀ ਘਾਟ ਦੇ ਕਾਰਣ ਹੈ। ਇਸ ਲਈ ਅੱਧਾ ਕਿਲੋ ਜਿੰਕ ਸਲਫੇਟ, ਮੋਨੋਹਾਈਡ੍ਰੈਟ ਅਤੇ ਢਾਈ ਕਿਲੋ ਯੁਰੀਆ ਡੇਢ ਸੋ ਲਿਟਰ ਪਾਣੀ ਦੇ ਘੋਲ ਵਿੱਚ ਮਿਲਾ ਕੇ ਸਪਰੇ ਕਰਨ ਇਸ ਨਾਲ ਬੁਟਿਆਂ ਵਿੱਚ ਤਨਾਅ ਘਟੇਗਾ ਅਤੇ ਝੋਨੇ ਦੇ ਬੁੱਟੇ ਮੁੜ ਸੁਰਜੀਤ ਹੋ ਜਾਣਗੇ।
ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨੂੰ ਪ੍ਰਭਾਵਿਤ ਬੁੱਟਿਆ ਦੇ ਸੈਂਪਲ ਗਾਚੀ ਸਮੇਤ ਭੇਜੇ ਜਾ ਚੁੱਕੇ ਹਨ। ਗਾਚੀ ਵਿੱਚ ਧਾਗੇ ਵਰਗਾ ਲਾਲ ਗੰਡੋਏ ਰੂਪੀ ਕੀਟ ਪਾਇਆ ਗਿਆ ਹੈ। ਜਿਸ ਦਾ ਯੁਨਿਵਰਸਿਟੀ ਦੇ ਸਾਇੰਸਦਾਨਾਂ ਵਲੋ ਬਰਿਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਇਕ ਦੋ ਦਿਨਾਂ ਅੰਦਰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀ ਸਿਫਾਰਸ਼ ਉਪਰੰਤ ਐਡਵਾਈਜਰੀ ਕਿਸਾਨਾਂ ਨੂੰ ਦੇ ਦਿੱਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਤਨਾਛੇਦਕ ਸੁੰਡੀ ਕੀਤੇ ਨਹੀ ਪਾਈ ਗਈ ਅਤੇ ਇੱਕਾ ਦੁੱਕਾ ਸੁੰਢੀ ਨੂੰ ਦੇਖ ਕੇ ਸਪਰੇ ਨਾ ਕੀਤੀ ਜਾਵੇ, ਕਿਉਕਿ ਇਸ ਸਮੇਂ ਹੋਰ ਸ਼ਾਖਾ ਫੁੱਟ ਜਾਵੇਗੀ ਅਤੇ ਕਿਸੇ ਤਰ੍ਹਾਂ ਦਾ ਆਰਥਿਕ ਨੁਕਸਾਨ ਨਹੀ ਹੋਵੇਗਾ। ਇਸ ਤੋਂ ਇਲਾਵਾ ਪੱਤਾ ਲਪੇਟ ਸੁੰਢੀ ਦੀ ਵੀ ਕਿਤੇ ਹਮਲਾ ਵੇਖਣ ਨੂੰ ਨਹੀ ਪਾਇਆ ਗਿਆ ਅਤੇ ਜੇਕਰ ਕਿਤੇ ਇੱਕਾ ਦੁੱਕਾ ਅਜਿਹਾ ਕੀਟ ਵੀ ਵੇਖਣ ਨੂੰ ਆਵੇ ਤਾਂ ਇਹ ਕੀਟ ਦਾ ਹਮਲਾ ਵੀ ਕੁਦਰਤੀ ਤੌਰ ਤੇ ਬਾਰਿਸਾਂ ਪੈਣ ਨਾਲ ਹੱਟ ਜਾਵੇਗਾ। ਇਸ ਲਈ ਡੀਲਰਾਂ ਦੇ ਆਖੇ ਜਾ ਦੇਖਾ ਦੇਖੀ ਕੋਈ ਵੀ ਮਹਿੰਗੇ ਜਹਿਰ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤੀਬਾੜੀ ਮਾਹਿਰਾਂ ਨਾਲ ਜ਼ਰੂਰ ਰਾਬਤਾ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕੀਟਨਾਸ਼ਕ ਵਿਕਰੇਤਾਵਾਂ ਨੂੰ ਵੀ ਤਾੜਨਾ ਕੀਤੀ ਗਈ ਕਿ ਬਿਨਾਂ ਸਿਫਾਰਸ਼ ਦੇ ਕੋਈ ਵੀ ਦਵਾਈ, ਟਾਨਿਕ, ਸਟਿੱਕਰ ਜਾਂ ਛੋਟੇ ਤੱਤਾਂ ਦੇ ਮਿਕਚਰ ਆਦਿ ਆਪਣੇ ਮੁਨਾਫੇ ਲਈ ਬੇਲੋੜੇ ਕਿਸਾਨਾਂ ਨੂੰ ਨਾ ਦਿੱਤੇ ਜਾਣ। ਇਸ ਤੋਂ ਇਲਾਵਾਂ ਡੀਲਰਾਂ ਨੂੰ ਇਹ ਵੀ ਤਾੜਨਾ ਕੀਤੀ ਗਈ ਕਿ ਕਿਸੇ ਖਾਦ ਨਾਲ ਹੋਰ ਕੋਈ ਸਮਗਰੀ ਅਟੈਚ ਕਰਕੇ ਨਾ ਦਿੱਤੀ ਜਾਵੇ। ਅਜਿਹੀ ਸੂਚਨਾ ਮਿਲਣ ਤੇ ਡੀਲਰ ਵਿਰੁੱਧ ਇੰਨਸੇਕਟਿਸਾਈਡ ਐਕਟ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…