
ਕਿਸਾਨ ਅੰਦੋਲਨ: ਕਿਸਾਨ-ਮਜ਼ਦੂਰ ਮੋਰਚਾ ਅਤੇ ਐਸਕੇਐਮ (ਗੈਰ-ਸਿਆਸੀ) ਨੇ ਕੀਤੇ ਵੱਡੇ ਐਲਾਨ
ਕਿਸਾਨੀ ਮੰਗਾਂ ’ਤੇ ਖੁੱਲ੍ਹ ਕੇ ਕੀਤੀ ਚਰਚਾ, 31 ਮਾਰਚ ਨੂੰ ਮੰਤਰੀਆਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
ਨਬਜ਼-ਏ-ਪੰਜਾਬ, ਮੁਹਾਲੀ, 24 ਮਾਰਚ:
ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅੱਜ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਹੋਈ ਮੀਟਿੰਗ ਵਿੱਚ ਸਰਕਾਰੀ ਜਬਰ ਅਤੇ ਕਿਸਾਨਾਂ ਮੰਗਾਂ ’ਤੇ ਖੁੱਲ੍ਹ ਕੇ ਚਰਚਾ ਕਰਦਿਆਂ ਅਗਲੇ ਸੰਘਰਸ਼ ਲਈ ਵੱਡੇ ਐਲਾਨ ਕੀਤੇ ਗਏ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ਸੁਖਦੇਵ ਸਿੰਘ ਭੋਜਰਾਜ, ਤੇਜਬੀਰ ਸਿੰਘ ਪੰਜੋਖਰਾ, ਅਮਰਜੀਤ ਸਿੰਘ ਰਾੜਾ, ਸੁਰਜੀਤ ਸਿੰਘ ਫੂਲ, ਮਨਜੀਤ ਸਿੰਘ ਨਿਆਲ, ਜਸਬੀਰ ਸਿੰਘ ਪਿੱਦੀ, ਸ਼ਮਸ਼ੇਰ ਸਿੰਘ ਅਠਵਾਲ, ਬਲਕਾਰ ਸਿੰਘ ਬੈਂਸ, ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਪੂਰੇ ਦੇਸ਼ ਨੇ ਅੱਖੀਂ ਦੇਖਿਆ ਕਿ ਕਿਵੇਂ 19 ਮਾਰਚ ਨੂੰ ਕੇਂਦਰ ਨਾਲ ਮੀਟਿੰਗ ਕਰ ਰਹੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਸੰਨ 1947 ਅਤੇ 1984 ਵਰਗੇ ਹਾਲਾਤ ਪੈਦਾ ਕੀਤੇ ਗਏ ਅਤੇ ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹੀ ਨਹੀਂ ਬਜ਼ੁਰਗ ਕਿਸਾਨਾਂ ਸਮੇਤ ਕਿਸਾਨ ਬੀਬੀਆਂ ’ਤੇ ਲਾਠੀਚਾਰਜ ਕੀਤਾ ਗਿਆ।
ਸਰਕਾਰੀ ਜਬਰ ਦੀ ਕਵਰੇਜ ਕਰ ਰਹੇ ਪੱਤਰਕਾਰ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਗੁਰਸਮਸੀਰ ਦੀ ਕੁੱਟਮਾਰ ਕੀਤੀ ਗਈ, ਮਨਦੀਪ ਪੂਨੀਆ ਤੋਂ ਫੋਨ ਖੋਹ ਲਿਆ ਗਿਆ ਅਤੇ ਪੱਤਰਕਾਰ ਮਨਦੀਪ ਸਿੰਘ ਕੰਗ ਦਾ ਕੈਮਰਾ ਤੋੜ ਦਿੱਤਾ। 20 ਮਾਰਚ ਨੂੰ ਕਿਸਾਨ-ਮਜ਼ਦੂਰ ਮੋਰਚਾ ਦੇ ਸੀਨੀਅਰ ਆਗੂ ਬਲਵੰਤ ਸਿੰਘ ਬਹਿਰਾਮ ਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ । ਉਨ੍ਹਾਂ ਕਿਹਾ ਕਿ ਸਾਰਿਆਂ ਨੇ ਦੇਖਿਆ ਕਿ ਕਿਸਾਨਾਂ ਦੇ ਵਾਹਨਾਂ ਸਮੇਤ ਟਰੈਕਟਰਾਂ-ਟਰਾਲੀਆਂ ਦੀ ਭੰਨਤੋੜ ਕੀਤੀ ਗਈ। ਕਿਸਾਨ ਆਗੂ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਦਾ ਲਗਾਤਾਰ ਟਿਕਾਣਾ ਬਦਲਿਆ ਜਾ ਰਿਹਾ ਹੈ ਅਤੇ ਕਿਸੇ ਨੂੰ ਉਨ੍ਹਾਂ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ।
ਆਗੂਆਂ ਨੇ ਦੱਸਿਆ ਕਿ 31 ਮਾਰਚ ਨੂੰ ਆਪ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਮੂਹਰੇ ਇੱਕ ਦਿਨ ਲਈ ਧਰਨੇ ਦਿੱਤੇ ਜਾਣਗੇ। ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੱਕੇ ਧਰਨੇ ਸ਼ੁਰੂ ਕੀਤੇ ਜਾਣਗੇ। ਇਸ ਤੋਂ ਪਹਿਲਾਂ 28 ਮਾਰਚ ਨੂੰ ਸਮੂਹ ਡੀਸੀ ਦਫ਼ਤਰਾਂ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ। 27 ਮਾਰਚ ਨੂੰ ਸਵੇਰੇ 10 ਵਜੇ ਗੁਰਦੁਆਰਾ ਨਥਾਣਾ ਸਾਹਿਬ ਪਿੰਡ ਜੰਡ-ਮੰਗੋਲੀ (ਘਨੌਰ) ਵਿਖੇ ਪੁਆਧ ਸਦਭਾਵਨਾ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਾਰੇ ਕਿਸਾਨਾਂ ਨੂੰ ਬਿਨਾਂ ਜ਼ਮਾਨਤ ਰਿਹਾਅ ਕੀਤਾ ਜਾਵੇ ਅਤੇ ‘ਆਪ’ ਵਿਧਾਇਕ ਗੁਰਲਾਲ ਸਿੰਘ ਘਨੌਰ ਦੀ ਵਿਧਾਨ ਸਭਾ ਮੈਂਬਰੀ ਰੱਦ ਕੀਤੀ ਜਾਵੇ। ਕਿਸਾਨਾਂ ਦਾ ਸਾਰਾ ਗੁਆਚਿਆ ਅਤੇ ਚੋਰੀ ਹੋਇਆ ਜਾਂ ਕੀਤਾ ਸਮਾਨ ਅਤੇ ਮਸ਼ੀਨਰੀ ਵਾਪਸ ਕੀਤੀ ਜਾਵੇ ਅਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ’ਤੇ ਤਸ਼ੱਦਦ ਢਾਹੁਣ ਅਤੇ ਲਾਠੀਚਾਰਜ ਕਰਨ ਵਾਲੇ ਐਸਐਚਓ ਹਰਪ੍ਰੀਤ ਸਿੰਘ ਨੂੰ ਫੌਰੀ ਬਰਖ਼ਾਸਤ ਕੀਤਾ ਜਾਵੇ।