
ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਦੂਜੇ ਦਿਨ ਕਿਸਾਨਾਂ ਵੱਲੋਂ ਧਰਨਾ ਮੁਲਤਵੀ
ਖੁੱਲ੍ਹੇ ਅਸਮਾਨ ਥੱਲੇ ਸੜਕ ’ਤੇ ਲੰਮੇ ਪੈ ਕੇ ਗੁਜ਼ਾਰੀ ਸਾਰੀ ਰਾਤ, ਦਿਨ ਚੜ੍ਹਦੇ ਹੀ ਮੁੜ ਡਟੇ ਕਿਸਾਨ
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਧਰਨੇ ਵਿੱਚ ਪਹੁੰਚ ਕੇ ਜਾਇਜ਼ ਮੰਗਾਂ ਮੰਨਣ ਬਾਰੇ ਕੀਤਾ ਰਸਮੀ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਦਿਆਂ ਕਣਕ ਦਾ ਝਾੜ ਘਟਣ ਕਾਰਨ ਬੋਨਸ ਦੇਣ ਦੀ ਮੰਗ ਨੂੰ ਛੱਡ ਕੇ ਲਗਪਗ ਬਾਕੀ ਸਾਰੀਆਂ ਜਾਇਜ਼ ਮੰਗਾਂ ’ਤੇ ਸਹਿਮਤੀ ਪ੍ਰਗਟ ਕਰਦਿਆਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਦੇਣ, ਕਣਕ ਦੀ ਫ਼ਸਲ ’ਤੇ ਬੋਨਸ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਵਾਈਪੀਐਸ ਚੌਕ ਨੇੜੇ ਬੁੱਧਵਾਰ ਨੂੰ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ ਪ੍ਰੰਤੂ ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਦੇਰ ਸ਼ਾਮ ਕਿਸਾਨਾਂ ਨੇ ਫਿਲਹਾਲ ਆਪਣਾ ਧਰਨਾ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮ ਨੂੰ ਖ਼ੁਦ ਧਰਨੇ ਵਿੱਚ ਪਹੁੰਚੇ ਅਤੇ ਕਿਸਾਨਾਂ ਦੇ ਇਕੱਠ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਬਾਰੇ ਸਹਿਮਤੀ ਪ੍ਰਗਟਾਉਣ ਦਾ ਰਸਮੀ ਐਲਾਨ ਕੀਤਾ। ਉਂਜ ਦਿਨ ਭਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਡਟੇ ਰਹੇ ਅਤੇ ਹੁਕਮਰਾਨਾਂ ਨੂੰ ਵੀ ਕੋਸਦੇ ਰਹੇ। ਕਿਸਾਨਾਂ ਨੇ ਖੁੱਲ੍ਹੇ ਅਸਮਾਨ ਦੇ ਥੱਲੇ ਸੜਕ ਉੱਤੇ ਰਾਤ ਗੁਜ਼ਾਰੀ।
ਅੱਜ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਦਰਸ਼ਨ ਪਾਲ ਅਤੇ ਹੋਰਨਾਂ ਆਗੂਆਂ ਨੇ ਸਾਂਝੀ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਬਾਰੇ ਵਿਚਾਰਾਂ ਕੀਤੀਆਂ। ਕਿਸਾਨਾਂ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਹਾਲੀ ਪ੍ਰਸ਼ਾਸਨ ਨੇ ਵਿਚੋਲੇ ਦਾ ਰੋਲ ਨਿਭਾਉਂਦਿਆਂ ਮੁੱਖ ਮੰਤਰੀ ਨੂੰ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਇਆ। ਇਸ ਮਗਰੋਂ ਭਗਵੰਤ ਮਾਨ ਕਿਸਾਨਾਂ ਨਾਲ ਟੇਬਲ ’ਤੇ ਬੈਠ ਕੇ ਗੱਲਬਾਤ ਲਈ ਰਾਜ਼ੀ ਹੋ ਗਏ ਅਤੇ ਉਨ੍ਹਾਂ ਨੇ ਕਿਸਾਨੀ ਮਸਲਿਆਂ ’ਤੇ ਚਰਚਾ ਕਰਨ ਲਈ ਕਿਸਾਨਾਂ ਨੂੰ ਗੱਲਬਾਤ ਲਈ ਆਪਣੇ ਕੋਲ ਸੱਦ ਲਿਆ। ਜਦੋਂਕਿ ਬੀਤੇ ਕੱਲ੍ਹ ਮੁੱਖ ਮੰਤਰੀ ਕਿਸਾਨਾਂ ਨੂੰ ਮਿਲੇ ਬਿਨਾਂ ਹੀ ਦਿੱਲੀ ਚਲੇ ਗਏ ਸੀ। ਜਿਸ ਦਾ ਕਿਸਾਨਾਂ ਨੇ ਕਾਫ਼ੀ ਬੁਰਾ ਮਨਾਉਂਦਿਆਂ ਆਪ ਸਰਕਾਰ ਵਿਰੁੱਧ ਪੱਕਾ ਮੋਰਚਾ ਗੱਡ ਦਿੱਤਾ ਸੀ। ਅੱਜ ਕਿਸਾਨਾਂ ਦੇ 36 ਮੈਂਬਰੀ ਵਫ਼ਦ ਨੇ ਭਗਵੰਤ ਮਾਨ ਨਾਲ ਮੀਟਿੰਗ ਕੀਤੀ। ਜਦੋਂਕਿ ਬਾਕੀ ਕਿਸਾਨ ਵਾਈਪੀਐਸ ਚੌਂਕ ਨੇੜੇ ਮੋਰਚੇ ’ਤੇ ਡਟੇ ਰਹੇ। ਜਿਨ੍ਹਾਂ ਵਿੱਚ ਬੀਬੀਆਂ ਵਿੱਚ ਸ਼ਾਮਲ ਸਨ।
ਕਿਸਾਨਾਂ ਮੰਗਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਥੇਬੰਦੀਆਂ ਵਿਚਕਾਰ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਹੋ ਗਈ ਹੈ। ਕਿਸਾਨ ਜਥੇਬੰਦੀਆਂ ਨੇ 13 ਮੰਗਾਂ ਸਰਕਾਰ ਅੱਗੇ ਰੱਖੀਆਂ। ਕਣਕ ਦਾ ਝਾੜ ਘਟਣ ਕਾਰਨ ਹੋਏ ਨੁਕਸਾਨ ਬਦਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਨੂੰ ਛੱਡ ਕੇ ਲਗਪਗ ਸਾਰੀਆਂ ਮੰਗਾਂ ਸਰਕਾਰ ਨੇ ਮੰਨ ਲਈਆਂ। ਝੋਨੇ ਦੀ ਲੁਆਈ ਦੀਆਂ ਤਰੀਕਾਂ ਦਾ ਰੇੜਕਾ ਵੀ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਹੈ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਉਹ ਇੱਥੇ ਕੈਬਨਿਟ ਮੰਤਰੀ ਵਜੋਂ ਨਹੀਂ ਪੁੱਜੇ ਸਗੋਂ ਉਹ ਵੀ ਇਕ ਛੋਟੇ ਕਿਸਾਨ ਦੇ ਪੁੱਤ ਹਨ। ਉਨ੍ਹਾਂ ਕੋਲ ਪੰਜ ਏਕੜ ਜ਼ਮੀਨ ਹੈ, ਇਸ ਲਈ ਉਹ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਹੁਣ ਕਿਸਾਨ ਧਰਨੇ ਨਹੀਂ ਲਾਉਣਗੇ ਕਿਉਂਕਿ ਸੂਬਾ ਸਰਕਾਰ ਮੀਟਿੰਗਾਂ ਕਰਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ’ਤੇ ਗੌਰ ਕਰੇਗੀ। ਕਰਜ਼ਾ ਮੁਆਫ਼ੀ ਬਾਰੇ ਬੋਲਦਿਆਂ ਮੰਤਰੀ ਕਿਹਾ ਕਿ ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਗੱਲਬਾਤ ਲਈ ਕੇਂਦਰ ਤੋਂ ਸਮਾਂ ਲਿਆ ਹੈ। ਝੋਨੇ ਦੀ ਕਾਸ਼ਤ ਬਾਰੇ ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਝੋਨੇ ਦੀ ਫ਼ਸਲ ਉਗਾਉਣ ਲਈ 14 ਤੇ 17 ਜੂਨ ਦੀਆਂ ਮਿਤੀਆਂ ਨਿਰਧਾਰਿਤ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਲਕੇ ਵੀਰਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਮਿਤ ਸ਼ਾਹ ਨਾਲ ਬਾਸਮਤੀ, ਮੱਕੀ ਦੀ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਬੀਬੀਐਮਬੀ ਮੁੱਦੇ ’ਤੇ ਵੀ ਅਮਿਤ ਸ਼ਾਹ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕੋਈ ਵੀ ਅਧਿਕਾਰੀ ਕਿਸਾਨਾਂ ਦੇ ਘਰ ਕੁਰਕੀ ਲਈ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਕਬਜ਼ਾ ਮੁਕਤ ਸਕੀਮ ਨੂੰ ਦੋ ਹਿੱਸਿਆਂ ਵਿੱਚ ਵੰਡਾਂਗੇ। ਉਨ੍ਹਾਂ ਕਿਹਾ ਕਿ 23 ਮਈ ਨੂੰ ਕਿਸਾਨ ਜਥੇਬੰਦੀਆਂ ਨਾਲ ਨਾਜਾਇਜ਼ ਕਬਜ਼ਿਆਂ ਬਾਰੇ ਮੀਟਿੰਗ ਕੀਤੀ ਜਾਵੇਗੀ।
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਆਪ ਸਰਕਾਰ ਬਾਸਮਤੀ ਦੇ ਹਰੇਕ ਚੌਲ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਕਰੇਗੀ ਅਤੇ ਗੰਨੇ ਦਾ ਬਕਾਇਆ ਜਲਦੀ ਜਾਰੀ ਕਰ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਬੈਂਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸੀਮਾਵਾਂ ਦੇ ਪਿਛਲੇ ਛੇ ਮਹੀਨਿਆਂ ਦੀਆਂ ਵਿਆਜ ਦਰਾਂ ਨੂੰ ਮੁਆਫ਼ ਕਰਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਧੀਆ ਸੁਝਾਅ ਹੈ ਅਤੇ ਉਹ ਇਸ ਸਬੰਧੀ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਪਰਲ ਗਰੁੱਪ ਬਾਰੇ ਡੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪਰਲਜ਼ ਗਰੁੱਪ ਦੀ ਜਾਇਦਾਦ ਕੁਰਕ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਦਾ ਵੀ ਭਰੋਸਾ ਦਿੱਤਾ ਹੈ। ਡੱਲੇਵਾਲ ਨੇ ਕਿਹਾ ਕਿ ਇਹ ਧਰਨਾ ਅਜੇ ਖ਼ਤਮ ਨਹੀਂ ਹੋਇਆ ਹੈ ਸਿਰਫ਼ ਮੁਲਤਵੀ ਕੀਤਾ ਹੈ।
ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਅੱਜ ਦੇਰ ਸ਼ਾਮ ਵੀ ਪ੍ਰਦਰਸ਼ਨਕਾਰੀਆਂ ਅਤੇ ਰਾਹਗੀਰਾਂ ਨੂੰ ਲੰਗਰ ਵਰਤਾਉਂਦੇ ਦੇਖੇ ਗਏ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਲਈ ਪਿੰਡ ਘੜੂੰਆਂ, ਜੰਡਪੁਰ, ਭੁੱਖੜੀ ਅਤੇ ਹੋਰਨਾਂ ਥਾਵਾਂ ਤੋਂ ਲੰਗਰ ਤਿਆਰ ਕਰਕੇ ਭੇਜਿਆ ਗਿਆ। ਇੰਜ ਹੀ ਰਾਜਪੁਰਾ ਦੀ ਸੰਗਤ ਨੇ ਵੀ ਲੰਗਰ ਦੀ ਸੇਵਾ ਵਿੱਚ ਯੋਗਦਾਨ ਪਾਇਆ।