
ਮਹਿੰਗਾਈ ਖ਼ਿਲਾਫ਼ ਕਿਸਾਨ ਤੇ ਆਮ ਲੋਕ ਸੜਕਾਂ ’ਤੇ ਉਤਰੇ, ਨਾਅਰੇਬਾਜ਼ੀ ਕੀਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਭਾਰੀ ਵਾਧੇ ਖ਼ਿਲਾਫ਼ ਅੱਜ ਅੰਨਦਾਤਾ ਸਮੇਤ ਆਮ ਨਾਗਰਿਕ ਵੀ ਸੜਕਾਂ ’ਤੇ ਉਤਰ ਆਏ ਹਨ। ਮੁਹਾਲੀ, ਖਰੜ ਸਮੇਤ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਾਰੋਬਾਰੀ, ਨੌਕਰੀਪੇਸ਼ਾ ਲੋਕ, ਅੌਰਤਾਂ ਅਤੇ ਛੋਟੇ ਬੱਚੇ ਵੀ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣੇ।
ਕਿਸਾਨਾਂ ਨੇ ਮੁਹਾਲੀ ਏਅਰਪੋਰਟ ਸੜਕ, ਖਰੜ-ਮੁਹਾਲੀ ਨੈਸ਼ਨਲ ਹਾਈਵੇਅ 21 ’ਤੇ ਬੱਸ ਅੱਡੇ ਨੇੜੇ, ਭਾਗੋਮਾਜਰਾ ਟੋਲ ਪਲਾਜ਼ਾ ਅਤੇ ਅਜੀਜਪੁਰ ਟੋਲ ਪਲਾਜ਼ਾ ’ਤੇ ਜ਼ਬਰਦਸਤ ਵਿਰੋਧ ਕੀਤੇ ਗਏ। ਪ੍ਰਦਰਸ਼ਨ ਵਿੱਚ ਆਪਣੇ ਪਰਿਵਾਰ ਸਮੇਤ ਪਹੁੰਚੀ ਇਕ ਮਹਿਲਾ ਡਾਕਟਰ ਨੇ ਕਿਹਾ ਕਿ ਇਹ ਕੇਵਲ ਕਿਸਾਨਾਂ ਦੀ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਿਲੇ ਦਿਨ ਤੋਂ ਆਮ ਨਾਗਰਿਕ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣ ਜਾਂਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।
ਉੁਧਰ, ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਪੁਆਧ ਇਲਾਕਾ ਮੁਹਾਲੀ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ, ਜਿਨ੍ਹਾਂ ਵਿੱਚ ਅੌਰਤਾਂ ਵੀ ਸ਼ਾਮਲ, ਨੇ ਅੱਜ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਜਗ੍ਹਾਂ ਉੱਤੇ ਸੰਯੁਕਤ ਕਿਸਾਨ ਮੋਰਚਾ ਦੇ ਸਮਰਥਨ ਵਿੱਚ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ। ਇਸ ਮੌਕੇ ਪਰਵਿੰਦਰ ਸਿੰਘ ਬੈਦਵਾਨ, ਆਜ਼ਾਦ ਕੌਂਸਲਰ ਹਰਜਿੰਦਰ ਕੌਰ ਸੋਹਾਣਾ, ਸਮਾਜ ਸੇਵੀ ਨਰਿੰਦਰ ਸਿੰਘ ਕੰਗ, ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਨੰਬਰਦਾਰ ਹਰਵਿੰਦਰ ਸਿੰਘ, ਮਿੰਦਰ ਸਿੰਘ, ਕਰਮਜੀਤ ਸਿੰਘ, ਅਮਨ ਪੂਨੀਆ, ਅਮਰਜੀਤ ਸਿੰਘ ਨਰੈਣ, ਗੁਰਦੀਪ ਸਿੰਘ ਗੁਰੀ ਬੈਦਵਾਨ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਦਵਿੰਦਰ ਸਿੰਘ ਬੌਬੀ, ਸਾਬਕਾ ਚੇਅਰਮੈਨ ਮਨਮੋਹਨ ਸਿੰਘ, ਨੌਜਵਾਨ ਆਗੂ ਖੁਸ਼ਇੰਦਰ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕਰਦਿਆਂ ਦੇਸ਼ ਦੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਇਸ ਮੌਕੇ ਕਿਸਾਨਾਂ ਅਤੇ ਆਮ ਲੋਕਾਂ ਨੇ ਦੇਸ਼ ਦੇ ਹੁਕਮਰਾਨਾਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਸੜਕ ਕਿਨਾਰੇ ਆਪਣੇ ਵਾਹਨ ਖੜੇ ਕਰਕੇ ਪ੍ਰੈਸ਼ਰ ਹਾਰਨ ਵਜਾਏ ਗਏ। ਕਈ ਥਾਵਾਂ ’ਤੇ ਆਵਾਜਾਈ ਵਿੱਚ ਵਿਘਨ ਪਿਆ। ਮੁਹਾਲੀ ਅਤੇ ਖਰੜ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੇਹਰ ਸਿੰਘ ਥੇੜੀ, ਕਿਰਪਾਲ ਸਿੰਘ ਸਿਆਊ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨਿਆਮੀਆਂ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਪਰਦੀਪ ਸਿੰਘ ਜਨਰਲ ਸਕੱਤਰ ਕਾਦੀਆ ਗਰੁੱਪ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ ਤ੍ਰਿਪੜੀ, ਗੁਰਨਾਮ ਸਿੰਘ ਦਾਊ, ਮਨਿੰਦਰ ਸਿੰਘ ਚਿੱਲਾ, ਰਵਿੰਦਰ ਸਿੰਘ, ਗੁਰਮੀਤ ਸਿੰਘ, ਐਡਵੋਕੇਟ ਗੁਰਨਾਮ ਸਿੰਘ, ਪਰਮਪ੍ਰੀਤ ਸਿੰਘ ਖਾਨਪੁਰ, ਰਣਜੀਤ ਸਿੰਘ ਹੰਸ, ਬ੍ਰਿਜ ਮੋਹਨ ਸ਼ਰਮਾ, ਸ਼ਿਵ ਕੁਮਾਰ ਰੰਗੀਆਂ, ਹਰਮਿੰਦਰ ਸਿੰਘ ਮੱਕੜਾ, ਮਹਾਵੀਰ ਸਿੰਘ, ਰਜਿੰਦਰ ਸੋਹਲ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਸਨ ਵਿੱਚ ਲੋਕ ਮਹਿੰਗਾਈ ਦੀ ਚੱਕੀ ਵਿੱਚ ਪਿਸੇ ਜਾ ਰਹੇ ਹਨ। ਪੈਟਰੋਲ ਦੀ ਕੀਮਤ 100 ਰੁਪਏ ਤੋਂ ਵੀ ਟੱਪ ਗਈ ਹੈ ਅਤੇ ਹਾਲੇ ਵੀ ਤੇਲ ਕੀਮਤਾਂ ’ਚ ਵਾਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਰਸੋਈ ਗੈਸ ਦੀ ਕੀਮਤਾਂ ਵਧਣ ਨਾਲ ਗਰੀਬ ਲੋਕਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਦਾ ਅਸਰ ਹਰ ਵਰਗ ਪੈ ਰਿਹਾ ਹੈ। ਢੋਅ-ਢੁਆਈ, ਅਤੇ ਬੱਸ ਤੇ ਟੈਕਸੀ ਕਿਰਾਏ ਸਮੇਤ ਹਰ ਚੀਜ਼ ਦੇ ਭਾਅ ਵਧ ਗਏ ਹਨ।