ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ, ਨਵੇਂ ਖੇਤੀ ਖਰੜੇ ਦੀਆਂ ਕਾਪੀਆਂ ਸਾੜੀਆਂ

ਨਬਜ਼-ਏ-ਪੰਜਾਬ, ਮੁਹਾਲੀ, 13 ਜਨਵਰੀ:
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁਹਾਲੀ ਵਿਖੇ ਡੀਸੀ ਦਫ਼ਤਰ ਦੇ ਬਾਹਰ ਨਵੇਂ ਕੇਂਦਰੀ ਖੇਤੀ ਮਾਰਕੀਟਿੰਗ ਖਰੜੇ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਦੇਸ਼ ਦੇ ਹੁਕਮਰਾਨਾਂ ਨੂੰ ਕਿਸਾਨ ਵਿਰੋਧੀ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਰੋਸ ਮੁਜ਼ਾਹਰੇ ਵਿੱਚ ਕਿਸਾਨ ਯੂਨੀਅਨ (ਰਾਜੇਵਾਲ), ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਜਮਹੂਰੀ ਕਿਸਾਨ ਸਭਾ, ਕਿਸਾਨ ਯੂਨੀਅਨ (ਲੱਖੋਵਾਲ) ਆਦਿ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਅੰਗਰੇਜ਼ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ, ਸੱਜਣ ਸਿੰਘ ਮੁਹਾਲੀ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਮੋਦੀ ਸਰਕਾਰ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਨਵੇਂ ਖੇਤੀ ਖਰੜੇ ਦੀ ਭੂਮਿਕਾ ਵਿੱਚ ਹੀ ਕੇਂਦਰ ਸਰਕਾਰ ਨੇ ਗਲਤ ਬਿਆਨਬਾਜ਼ੀ ਕਰਦਿਆਂ ਮੁਲਕ ਨੂੰ ਖ਼ੁਰਾਕ ਮਾਮਲੇ ਵਿੱਚ ਆਤਮ ਨਿਰਭਰ ਦੱਸਿਆ ਹੈ। ਜਦੋਂਕਿ ਭਾਰਤ ਹਾਲੇ ਗਲੋਬਲ ਹੰਗਰ ਇਨਡੈਕਸ ਵਿੱਚ 111ਵੇਂ ਨੰਬਰ ’ਤੇ ਹੈ ਅਤੇ ਇਹ ਖਰੜਾ ਉਨ੍ਹਾਂ 12 ਖੇਤਰਾਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਨ੍ਹਾਂ ਰਾਹੀਂ ਪ੍ਰਾਈਵੇਟ ਮੰਡੀਆਂ, ਸਿੱਧੀ ਖ਼ਰੀਦ ਜਿਸ ਦਾ ਭਾਵ ਮਾਰਕੀਟ ਯਾਰਡ ਤੋਂ ਬਾਹਰ ਖ਼ਰੀਦ, ਵੇਅਰਹਾਊਸ, ਸਾਇਲੋ, ਕੋਲਡ ਸਟੋਰੇਜ ਨੂੰ ਮਾਰਕੀਟ ਯਾਰਡ ਐਲਾਨਣ, ਈ-ਟਰੇਡਿੰਗ ਪਲੇਟਫ਼ਾਰਮ ਲਿਆਉਣਾ, ਮਾਰਕੀਟ ਫੀਸ ਵਿੱਚ ਇੱਕਸਾਰਤਾ ਲਿਆਉਣੀ, ਇਕਸਾਰ ਲਾਇਸੈਂਸ, ਮਾਰਕੀਟ ਫੀਸ ਤੇ ਕਮਿਸ਼ਨ ਚਾਰਜ ਦਾ ਰੈਸ਼ਨੇਲਾਈਜੇਸ਼ਨ ਕਰਨਾ, ਟਰੇਡਿੰਗ ਲਾਇਸੈਂਸ ਨੂੰ ਪਰਸਪਰ ਕਰਨਾ, ਫਲ ਤੇ ਸਬਜ਼ੀਆਂ ਨੂੰ ਕੰਟਰੋਲ ਮੁਕਤ ਕਰਨਾ, ਦੂਜੇ ਸੂਬਿਆਂ ਤੋਂ ਆਈ ਉਪਜ ’ਤੇ ਕੋਈ ਮਾਰਕੀਟ ਫੀਸ ਨਾ ਲਗਾਉਣਾ, ਪ੍ਰੋਸੈਸਿੰਗ ਯੂਨਿਟ ’ਤੇ ਸਿੱਧੀ ਵਿਕਰੀ ਉੱਤੇ ਕੋਈ ਮਾਰਕੀਟ ਫੀਸ ਨਾ ਲਗਾਉਣਾ ਆਦਿ ਸਾਰਾ ਕੁੱਝ ਪਹਿਲੇ ਤਿੰਨ ਖੇਤੀ ਕਾਨੂੰਨਾਂ ਦੀ ਉਦਾਹਰਨ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਆਫ਼ੀ ਮੰਗ ਕੇ ਵਾਪਸ ਲਏ ਸੀ।
ਬੁਲਾਰਿਆਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀ ਪੈੜ ਵਿੱਚ ਪੈਰ ਰੱਖਦਿਆਂ ਮੁਲਕ ਦਾ ਨੀਤੀ ਅਯੋਗ ਖੇਤੀ ਖੇਤਰ ਵਿੱਚ 60 ਕਰੋੜ ਲੋਕਾਂ ਨੂੰ ਬੇਲੋੜਾ ਮੰਨ ਰਿਹਾ ਹੈ ਅਤੇ ਇਨ੍ਹਾਂ ਨੂੰ ਖੇਤੀ ਸੈਕਟਰ ’ਚੋਂ ਬਾਹਰ ਕਰਨਾ ਚਾਹੁੰਦਾ ਹੈ। ਖੇਤੀ ਕਾਨੂੰਨ, ਮੰਡੀਕਰਨ ਬਾਰੇ ਮੌਜੂਦਾ ਡਰਾਫ਼ਟ ਉਸੇ ਦਿਸ਼ਾ ਵਿੱਚ ਕਦਮ ਹਨ। ਇਸ ਨਾਲ ਭੁੱਖਮਰੀ ਵਧਣ ਦੀ ਖ਼ਦਸ਼ਾ ਹੈ। ਇਸ ਨੀਤੀ ’ਤੇ ਚੱਲਦਿਆਂ ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ ਦਾ ਗਲਾ ਘੁੱਟਣਾ ਚਾਹੁੰਦੀ ਹੈ, ਜਿਸ ਤਹਿਤ ਗਰੀਬ ਲੋਕਾਂ ਸਸਤਾ ਆਟਾ-ਦਾਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਇਹ ਕਾਨੂੰਨ ਲਾਗੂ ਕਰਕੇ ਕਾਰਪੋਰੇਟ ਦੇ ਹੱਕ ਵਿੱਚ ਭੁਗਤਣਾ ਚਾਹੁੰਦੀ ਹੈ ਪਰ ਦੇਸ਼ਵਾਸੀ ਇਨ੍ਹਾਂ ਲੋਕ ਵਿਰੋਧੀ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਇਸ ਮੌਕੇ ਕਿਰਪਾਲ ਸਿੰਘ ਸਿਆਊ, ਅਮਰਜੀਤ ਸਿੰਘ ਸੁੱਖਗੜ੍ਹ, ਸੱਜਣ ਸਿੰਘ ਮੁਹਾਲੀ, ਕੁਲਵੰਤ ਸਿੰਘ ਚਿੱਲਾ, ਦਰਸ਼ਨ ਸਿੰਘ, ਬਲਵੀਰ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਕੰਡਾਲਾ, ਨੰਬਰਦਾਰ ਕਰਮਜੀਤ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ ਮਾਵੀ, ਜਸਵਿੰਦਰ ਸਿੰਘ ਢੇਲਪੁਰ, ਰਣਵੀਰ ਸਿੰਘ ਗਰੇਵਾਲ, ਰਾਮ ਕ੍ਰਿਸਨ ਧੁਨਕੀਆ, ਸਰਬਜੀਤ ਸਿੰਘ ਮੌਲੀ, ਐਡਵੋਕੇਟ ਜਸਪਾਲ ਸਿੰਘ ਦੱਪਰ ਅਤੇ ਹੋਰ ਕਿਸਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ‘ਸਾਈਬਰ ਸਮਾਰਟ ਕਿਵੇਂ ਬਣੀਏ’ ਵਿਸ਼ੇ ’ਤੇ ਸੈਮੀਨਾਰ

ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ‘ਸਾਈਬਰ ਸਮਾਰਟ ਕਿਵੇਂ ਬਣੀਏ’ ਵਿਸ਼ੇ ’ਤੇ ਸੈਮੀਨਾਰ ਨਬਜ਼-ਏ-ਪੰਜਾਬ,…