
ਕਿਸਾਨਾਂ ਵੱਲੋਂ ਬੈਸਟੈੱਕ ਮਾਲ ਦੇ ਬਾਹਰ ਨਾਅਰੇਬਾਜ਼ੀ ਬੈਲ ਬੋਟਮ ਫਿਲਮ ਬੰਦ ਕਰਵਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਇੱਥੋਂ ਦੇ ਸੈਕਟਰ-66 ਸਥਿਤ ਬੈਸਟੈੱਕ ਮਾਲ ਦੇ ਬਾਹਰ ਇਲਾਕੇ ਦੇ ਕਿਸਾਨਾਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮਾਲ ਅੰਦਰ ਚੱਲ ਰਹੀ ਅਦਾਕਾਰ ਅਕਸ਼ੈ ਕੁਮਾਰ ਦੀ ਬੈਲ ਬੋਟਮ ਫਿਲਮ ਬੰਦ ਕੀਤੀ ਜਾਵੇਗੀ। ਕਿਸਾਨ ਆਗੂ ਗੁਰਪ੍ਰੀਤ ਸਿੰਘ ਧਾਲੀਵਾਲ ਮਟਰਾਂ ਨੇ ਦੱਸਿਆ ਕਿ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਮਾਲ ਪ੍ਰਬੰਧਕਾਂ ਨੇ ਫਿਲਮ ਤੁਰੰਤ ਬੰਦ ਕਰ ਦਿੱਤੀ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਉਹ ਬੈਲ ਬੋਟਮ ਫਿਲਮ ਨਹੀਂ ਲਗਾਉਣਗੇ। ਇਸ ਭਰੋਸੇ ਮਗਰੋਂ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ ਕਰਦਿਆਂ ਬੈਸਟੈੱਕ ਮਾਲ ਦੇ ਬਾਹਰ ਪਹੁੰਚੇ ਸਾਰੇ ਕਿਸਾਨ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਮਨਿੰਦਰ ਸਿੰਘ ਚਿੱਲਾ, ਇੰਦਰਪਾਲ ਸਿੰਘ ਮੁਹਾਲੀ, ਲਾਭ ਸਿੰਘ ਕੰਬਾਲੀ, ਮਨਜੀਤ ਸਿੰਘ ਕੁੰਭੜਾ, ਕਾਕਾ ਸਿੰਘ ਕੁੰਭੜਾ, ਰਵਿੰਦਰ ਸਿੰਘ ਧਰਮਗੜ੍ਹ, ਸੁਖਬੀਰ ਸਿੰਘ, ਸੁਖਵੀਰ ਸਿੰਘ ਫਤਿਹਗੜ੍ਹ ਸਾਹਿਬ, ਰਣਜੀਤ ਸਿੰਘ ਪਾਪੜੀ, ਗੁਰਪ੍ਰੀਤ ਸਿੰਘ ਨੰਡਿਆਲੀ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ। ਉਧਰ, ਕਿਸਾਨਾਂ ਨੇ ਕਰਨਾਲ ਵਿੱਚ ਖੱਟੜ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹੁਕਮਰਾਨ ਕਿਸਾਨਾਂ ਦੇ ਸੰਘਰਸ਼ ਨੂੰ ਦੇਖ ਕੇ ਬੁਖਲਾ ਗਏ ਹਨ।