
ਕਿਸਾਨਾਂ ਨੇ ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਵੈਟ ਦਰ ’ਚ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪੈਟਰੋਲ ਅਤੇ ਡੀਜ਼ਲ ’ਤੇ ਲਗਾਏ ਜਾਂਦੇ ਵੈਟ ਦੀ ਦਰ ਵਿੱਚ ਕੀਤੇ ਵਾਧੇ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਇਹ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਅੱਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਪਾਲ ਸਿੰਘ ਸਿਆਊ ਅਤੇ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਮੁਹਾਲੀ ਦੇ ਏਡੀਸੀ ਪਰਮਦੀਪ ਸਿੰਘ ਨੂੰ ਮੁੱਖ ਮੰਤਰੀ ਦੇ ਨਾਮ ਲਿਖਿਆ ਮੰਗ ਪੱਤਰ ਦਿੱਤਾ।
ਡੀਸੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਕਿਸਾਨ, ਮਜ਼ਦੂਰ ਤੇ ਗਰੀਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਪੈਟਰੋਲ ’ਤੇ ਵੈਟ 10.02 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਹੈ ਅਤੇ ਡੀਜ਼ਲ ’ਤੇ ਵੈਟ 14.25 ਫੀਸਦੀ ਤੋਂ ਵਧਾ ਕੇ 15.74 ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਤੇਲ ਕੀਮਤਾਂ ਵਿੱਚ ਵਾਧੇ ਨੂੰ ਲੋਕਾਂ ਦੀ ਜੇਬ ’ਤੇ ਡਾਕਾ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਮਹੀਨੇ ਡੀਜ਼ਲ ਦੀ ਖਪਤ 99121 ਮਿਲੀਅਨ ਟਨ ਤੋਂ ਵੱਧ ਹੈ। ਇਸ ਤਰ੍ਹਾਂ ਪ੍ਰਤੀ ਮਹੀਨਾ ਇਕੱਲੇ ਡੀਜ਼ਲ ਤੋਂ 100 ਕਰੋੜ ਰੁਪਏ ਲੋਕਾਂ ’ਤੇ ਬੋਝ ਪਵੇਗਾ।
ਇਸ ਤੋਂ ਪਹਿਲਾਂ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਵੈਟ ਦਾ ਵਾਧਾ ਕੀਤਾ ਸੀ। ਲੇਕਿਨ ਹੁਣ ਸਰਕਾਰ ਲੋਕਾਂ ਦੀ ਜੇਬ ’ਚੋਂ 2500 ਕਰੋੜ ਰੁਪਏ ਸਾਲਾਨਾ ਕੱਢਣ ਦੇ ਰੌਂਅ ਵਿੱਚ ਹੈ। ਜਿਸ ਨੂੰ ਪੰਜਾਬ ਦੇ ਕਿਸਾਨ ਬਿਲਕੁਲ ਸਹਿਣ ਨਹੀਂ ਕਰਨਗੇ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ, ਹਰਜੀਤ ਸਿੰਘ, ਰਵਿੰਦਰ ਸਿੰਘ ਵਜੀਦਪੁਰ, ਸੁਖਵੀਰ ਸਿੰਘ, ਮਨਦੀਪ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਪ੍ਰਦੀਪ ਸਿੰਘ, ਯਾਦਵਿੰਦਰ ਸ਼ਰਮਾ, ਅਵਤਾਰ ਸਿੰਘ, ਹਰਵਿੰਦਰ ਸਿੰਘ, ਟਹਿਲ ਸਿੰਘ, ਗੁਰਮੀਤ ਸਿੰਘ ਸਾਂਟੂ, ਹਰਵਿੰਦਰ ਸਿੰਘ, ਮਲਕੀਤ ਸਿੰਘ, ਜਸਮਿੰਦਰ ਸਿੰਘ, ਅਵਤਾਰ ਸਿੰਘ, ਜਗਮਿੰਦਰ ਸਿੰਘ, ਕਰਮ ਸਿੰਘ ਅਤੇ ਹੋਰ ਕਿਸਾਨ ਮੌਜੂਦ ਸਨ।