
ਲਾਂਡਰਾਂ ਵਿੱਚ ਕਿਸਾਨਾਂ ਨੇ ਬਲਬੀਰ ਸਿੱਧੂ ਨੂੰ ਕਾਲੇ ਝੰਡੇ ਦਿਖਾਏ, ਸਿਆਸੀ ਗੱਲਾਂ ਕਰਨ ਤੋਂ ਰੋਕਿਆ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਲਾਂਡਰਾਂ ਦੇ ਵਿਕਾਸ ਲਈ 28 ਲੱਖ ਦੀ ਗਰਾਂਟ ਦਿੱਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਲਾਂਡਰਾਂ ਵਿੱਚ ਗਲੀਆਂ-ਨਾਲੀਆਂ ਦੇ ਕੰਮ ਦਾ ਨੀਂਹ ਪੱਥਰ ਅਤੇ ਗਰਾਂਟ ਦੇਣ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਿਸਾਨਾਂ ਅਤੇ ਨੌਜਵਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਵਰ੍ਹਦੇ ਮੀਂਹ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਸਿੱਧੂ ਨੂੰ ਕਾਲੇ ਝੰਡੇ ਦਿਖਾਏ ਅਤੇ ਸਟੇਜ ’ਤੇ ਸਿਆਸੀ ਗੱਲ ਨਹੀਂ ਕਰਨ ਦਿੱਤੀ। ਜਿਸ ਕਾਰਨ ਮਜਬੂਰੀਵਸ ਮੰਤਰੀ ਚੰਦ ਕੁ ਮਿੰਟਾਂ ਵਿੱਚ ਆਪਣਾ ਪ੍ਰੋਗਰਾਮ ਸਮੇਟ ਕੇ ਵਾਪਸ ਮੁੜਨਾ ਪਿਆ। ਇਸ ਤੋਂ ਪਹਿਲਾਂ ਪਿੰਡ ਧਰਮਗੜ੍ਹ ਵਿੱਚ ਨੌਜਵਾਨਾਂ ਵੱਲੋਂ ਸਿੱਧੂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ।
ਨੌਜਵਾਨ ਕਿਸਾਨ ਆਗੂ ਗੀਤਇੰਦਰ ਸਿੰਘ ਗਿੱਲ, ਜਸਪਾਲ ਸਿੰਘ, ਬਿਕਰ ਸਿੰਘ, ਜਗਤਾਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਵੇਂ ਪੰਚ, ਬ੍ਰਿਜ ਮੋਹਨ ਸ਼ਰਮਾ, ਗੁਰਿੰਦਰ ਸਿੰਘ, ਕਮਲ ਲਾਂਡਰਾਂ ਨੇ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਪਿੰਡਾਂ ਵਿੱਚ ਸਿਆਸੀ ਸਰਗਰਮੀਆਂ ਬੰਦ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਸਬੰਧੀ ਜ਼ਿਆਦਾਤਰ ਪਿੰਡਾਂ ਵਿੱਚ ਸਾਂਝੇ ਮਤੇ ਪਾਏ ਗਏ ਹਨ ਅਤੇ ਕਈ ਪਿੰਡਾਂ ਵਿੱਚ ਜ਼ੁਬਾਨੀ ਤੌਰ ’ਤੇ ਇਹ ਨਿਰਣਾ ਲਿਆ ਗਿਆ ਹੈ ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਕਿਸਾਨ ਪਿੰਡਾਂ ਵਿੱਚ ਕਿਸੇ ਵੀ ਪਾਰਟੀ ਦੇ ਆਗੂ ਸਿਆਸੀ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਪਿੰਡ ਦੇ ਸਰਪੰਚ ਹਰਚਰਨ ਸਿੰਘ ਗਿੱਲ ਨੇ ਕਿਸਾਨਾਂ ਨੂੰ ਗੱਲੀਂ-ਬਾਤੀਂ ਸਮਝਾਉਣ ਦਾ ਯਤਨ ਕੀਤਾ ਅਤੇ ਵਿਕਾਸ ਦੇ ਰਾਹ ਵਿੱਚ ਦਿੱਕਤਾਂ ਖੜੀਆਂ ਨਾ ਕਰਨ ਦੀ ਦੁਹਾਈ ਦਿੱਤੀ ਪਰ ਕਿਸਾਨ ਕਿਸਾਨੀ ਅਤੇ ਕਾਲੇ ਝੰਡੇ ਲੈ ਕੇ ਡਟੇ ਰਹੇ।
ਗੀਤਇੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਵਿਕਾਸ ਵਿਰੋਧੀ ਨਹੀਂ ਹਨ ਅਤੇ ਸਰਪੰਚ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਜਿੰਨੇ ਮਰਜ਼ੀ ਨੀਂਹ ਪੱਥਰ ਰਖਵਾਉਣ ਅਤੇ ਗਰਾਂਟਾਂ ਦੇ ਚੈੱਕ ਲੈਣ ਪ੍ਰੰਤੂ ਕਿਸਾਨੀ ਸੰਘਰਸ਼ ਦੇ ਚੱਲਦਿਆਂ ਪਿੰਡ ਵਿੱਚ ਸਿਆਸੀ ਸਰਗਰਮੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਅੱਜ ਉਨ੍ਹਾਂ ਨੇ ਇਹੀ ਦਲੀਲ ਦਿੱਤੀ ਕਿ ਮੰਤਰੀ ਨੀਂਹ ਪੱਥਰ ਰੱਖਣ ਅਤੇ ਚੈੱਕ ਦੇਣ ਆਉਣ ਕੋਈ ਇਤਰਾਜ਼ ਨਹੀਂ ਲੇਕਿਨ ਮੰਚ ਤੋਂ ਸਿਆਸੀ ਗੱਲ ਨਹੀਂ ਕਰਨਗੇ।
ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਿੱਧੂ ਨੇ ਪੁਲੀਸ ਦੇ ਸਖ਼ਤ ਪਹਿਰੇ ਹੇਠ ਮਹਿਜ਼ 10 ਤੋਂ 15 ਕੁ ਮਿੰਟਾਂ ਵਿੱਚ 17 ਲੱਖ ਦੀ ਲਾਗਤ ਨਾਲ ਗਲੀਆਂ-ਨਾਲੀਆਂ ਬਣਾਉਣ ਦਾ ਨੀਂਹ ਪੱਥਰ ਰੱਖਣ ਸਮੇਤ ਸ਼ਮਸ਼ਾਨਘਾਟ ਲਈ 6 ਲੱਖ ਅਤੇ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦੇਣ ਮਗਰੋਂ ਬਿਨਾਂ ਭਾਸ਼ਣ ਦਿੱਤੇ ਉੱਥੋਂ ਖਿਸਕ ਗਏ। ਇਸ ਮੌਕੇ ਸਰਪੰਚ ਗੁਰਚਰਨ ਸਿੰਘ ਗਿੱਲ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਮੋਹਨ ਸਿੰਘ ਬਠਲਾਣਾ, ਸੋਹਾਣਾ ਥਾਣਾ ਦੇ ਐਸਐਚਓ ਭਗਵਤ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।