Nabaz-e-punjab.com

ਪਾਈਪਲਾਈਨ ਟੁੱਟੀ: ਮੁਹਾਲੀ ਨੇੜਲੇ ਕਈ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਸੁੱਕਣ ਦਾ ਖ਼ਦਸ਼ਾ

ਚੰਡੀਗੜ੍ਹ ਦੇ ਗੰਦੇ ਪਾਣੀ ਦੀਆਂ ਦੋ ਪਾਈਪਲਾਈਨਾਂ ਟੁੱਟਣ ਕਾਰਨ ਕਈ ਪਿੰਡਾਂ ਦੇ ਕਿਸਾਨ ਅੌਖੇ

ਦੋਵੇਂ ਪਾਈਪਲਾਈਨਾਂ ਦੀ ਮੁਰੰਮਤ ਦੇ ਕੰਮ ਨੂੰ ਘੱਟੋ ਘੱਟ ਮਹੀਨੇ ਦਾ ਸਮਾਂ ਲੱਗੇਗਾ: ਐਕਸੀਅਨ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਚੰਡੀਗੜ੍ਹ ਦੇ ਗੰਦੇ ਪਾਣੀ ਦੀਆਂ ਦੋ ਪਾਈਪਲਾਈਨਾਂ ਟੁੱਟਣ ਕਾਰਨ ਮੁਹਾਲੀ ਨੇੜਲੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਲਈ ਝੋਨਾ ਅਤੇ ਹੋਰ ਫਸਲਾਂ ਦੀ ਸਿੰਚਾਈ ਕਰਨ ਲਈ ਮੁਸ਼ਕਲ ਖੜੀ ਹੋ ਗਈ ਹੈ। ਪਿੰਡ ਬੜੀ ਦੇ ਸਰਪੰਚ ਮਨਫੂਲ ਸਿੰਘ, ਕਿਸਾਨ ਰਣਧੀਰ ਸਿੰਘ, ਹਰਨੇਕ ਸਿੰਘ, ਦੀਦਾਰ ਸਿੰਘ ਅਤੇ ਕਰਨੈਲ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਅੱਜ ਪਾਈਪਲਾਈਨ ਦੀ ਮੁਰੰਮਤ ਦਾ ਸੁਸਤ ਚਾਲ ਚੱਲਣ ਕਾਰਨ ਮੌਕੇ ’ਤੇ ਪਹੁੰਚ ਕੇ ਯੂਟੀ ਪ੍ਰਸ਼ਾਸਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਉਧਰ, ਐਕਸੀਅਨ ਨੇ ਮੁਰੰਮਤ ਦੇ ਕੰਮ ਨੂੰ ਮਹੀਨਾ ਲੱਗ ਸਕਦਾ ਹੈ ਆਖ ਕੇ ਕਿਸਾਨਾਂ ਦੀ ਮੁਸ਼ਕਲ ਹੋ ਵਧਾ ਦਿੱਤੀ ਹੈ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਲੰਮੇ ਅਰਸੇ ਤੋਂ ਚੰਡੀਗੜ੍ਹ ਦੇ ਗੰਦੇ ਪਾਣੀ ਦਾ ਨਾਲ ਮੁਹਾਲੀ ਨੇੜਿਓਂ ਲੰਘਦਾ ਹੈ ਅਤੇ ਇਸ ਸਬੰਧੀ ਸਕਾਨਕ ਫੇਜ਼-11 ਵਿੱਚ ਡਿੱਗੀਆਂ ਅਤੇ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਗਿਆ ਹੈ ਅਤੇ ਟਰੀਟ ਹੋਏ ਪਾਣੀ ਨਾਲ ਇਲਾਕੇ ਦੇ ਕਿਸਾਨ ਆਪਣੀਆਂ ਫਸਲਾਂ ਨੂੰ ਪਾਣੀ ਦਿੰਦੇ ਹਨ। ਸਰਪੰਚ ਮਨਫੂਲ ਸਿੰਘ ਨੇ ਦੱਸਿਆ ਕਿ ਪਿੰਡ ਬੜੀ, ਮਟਰਾਂ ਅਤੇ ਸਿਆਊ ਦੇ ਖੇਤਾਂ ਵਿੱਚ ਪਾਣੀ ਸਬੰਧੀ ਬਕਸੇ ਲੱਗੇ ਹੋਏ ਹਨ ਅਤੇ ਇਸ ਤੋਂ ਅੱਗੇ ਕਿਸਾਨ ਖਾਲ੍ਹਾਂ ਰਾਹੀਂ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਹਨ ਜਦੋਂਕਿ ਪਿੰਡ ਕੁਰੜਾ, ਕੁਰੜੀ, ਤੰਗੋਰੀ ਅਤੇ ਪੱਤੋਂ ਸਮੇਤ ਹੋਰਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਇੰਜ਼ਨ ਲਗਾ ਕੇ ਪਾਈਪਲਾਈਨ ’ਚੋਂ ਸਿੱਧੇ ਤੌਰ ’ਤੇ ਪਾਣੀ ਲਿਆ ਜਾਂਦਾ ਹੈ। ਮੁਹਾਲੀ ਵਿੱਚ ਜ਼ਮੀਨ ਹੇਠਲਾਂ ਪਾਣੀ ਕਾਫੀ ਡੂੰਘਾ ਹੋਣ ਕਾਰਨ ਟਿਊਬਵੈੱਲ ਲੋੜ ਅਨੁਸਾਰ ਪਾਣੀ ਨਹੀਂ ਖਿੱਚਦੇ ਹਨ। ਇਸ ਤਰ੍ਹਾਂ ਕਿਸਾਨਾਂ ਕੋਲ ਆਪਣੀਆਂ ਫਸਲਾਂ ਦੀ ਪੈਦਾਵਾਰ ਲਈ ਇਕੋ ਇਕ ਸਿੰਚਾੲਾਂੀ ਦਾ ਇਹੀ ਸਾਧਨ ਹੈ। ਪਹਿਲਾਂ ਯੂਟੀ ਪ੍ਰਸ਼ਾਸਨ ਕਿਸਾਨਾਂ ਕੋਲੋਂ 70 ਤੋਂ 100 ਰੁਪਏ ਪ੍ਰਤੀ ਏਕੜ ਪੈਸੇ ਲੈਂਦਾ ਸੀ ਲੇਕਿਨ ਜਦ ਤੋਂ ਗਮਾਡਾ ਨੇ ਐਰੋਸਿਟੀ ਲਈ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਹਨ, ਉਦੋਂ ਤੋਂ ਕਿਸਾਨਾਂ ਨੂੰ ਮੁਫ਼ਤ ਪਾਣੀ ਮਿਲ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਇਕ ਪਾਈਪਲਾਈਨ ਟੁੱਟੀ ਹੋਈ ਸੀ ਲੇਕਿਨ ਪਿਛਲੇ ਦਿਨੀਂ ਲਗਾਤਾਰ ਤਿੰਨ ਚਾਰ ਭਾਰੀ ਬਾਰਸ ਹੋਣ ਕਾਰਨ ਦੂਜੀ ਪਾਈਪਲਾਈਨ ਵੀ ਟੁੱਟ ਗਈ ਹੈ। ਜਿਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਪਿੰਡਾਂ ਵਿੱਚ ਖੇਤਾਂ ਵਿੱਚ ਖੜੀ ਕਿਸਾਨਾਂ ਦੀ ਝੋਨੇ ਦੀ ਫਸਲ ਸੁੱਕਣੀ ਸ਼ੁਰੂ ਹੋ ਗਈ ਹੈ। ਖੇਤ ਸੁੱਕੇ ਹੋਣ ਕਾਰਨ ਫਸਲਾਂ ਨੁਕਸਾਨੇ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਪਾਈਪਲਾਈਨਾਂ ਦੀ ਮੁਰੰਮਤ ਦਾ ਕੰਮ ਜਲਦੀ ਨੇਪਰੇ ਚਾੜ੍ਹਿਆ ਜਾਵੇ, ਨਹੀਂ ਇਹ ਕੰਮ ਕਿਸਾਨਾਂ ਨੂੰ ਸੌਂਪਿਆ ਜਾਵੇ।
(ਬਾਕਸ ਆਈਟਮ)
ਯੂਟੀ ਪ੍ਰਸ਼ਾਸਨ ਦੇ ਐਕਸੀਅਨ ਆਈਡੀ ਸ਼ਰਮਾ ਨੇ ਪਿਛਲੇ ਦਿਨੀਂ ਲਗਾਤਾਰ ਹੋਈ ਬਾਰਸ ਦੇ ਚੱਲਦਿਆਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ ਦੀਆਂ ਦੋ ਪਾਈਪਲਾਈਨ ਟੁੱਟ ਗਈਆਂ ਹਨ। ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਕਰਮਚਾਰੀ ਦਿਨ ਰਾਤ ਮੁਰੰਮਤ ਕਾਰਜਾਂ ਵਿੱਚ ਜੁੱਟੇ ਹੋਏ ਹਨ ਅਤੇ ਪਾਈਪਲਾਈਨਾਂ ਦੀ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਦੇ ਯਤਨ ਕੀਤੇ ਜਾ ਰਹੇ ਹਨ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਇਸ ਕੰਮ ਨੂੰ ਹਾਲੇ ਘੱਟੋ ਘੱਟ ਇਕ ਮਹੀਨਾ ਹੋਰ ਲੱਗ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…