ਮੁੱਖ ਮੰਤਰੀ ਦੀ ਕੋਠੀ ਘੇਰਨ ਜਾ ਰਹੇ ਕਿਸਾਨਾਂ ਦਾ ਰਾਹ ਰੋਕਿਆ, ਕਈ ਥਾਵਾਂ ’ਤੇ ਹੋਏ ਧਰਨਾ ਪ੍ਰਦਰਸ਼ਨ

ਪੰਜਾਬ ਸਰਕਾਰ ਵੱਲੋਂ ਭਲਕੇ 19 ਅਕਤੂਬਰ ਨੂੰ ਮੀਟਿੰਗ ਦਾ ਸੱਦਾ ਦੇ ਕੇ ਕਿਸਾਨਾਂ ਨੂੰ ਸ਼ਾਂਤ ਕਰਨ ਦਾ ਯਤਨ

ਯੂਟੀ ਪੁਲੀਸ ਨੇ ਕਈ ਕਿਸਾਨ ਹਿਰਾਸਤ ਵਿੱਚ ਲਏ, ਮਨਜੀਤ ਧਨੇਰ ਦੀ ਪੱਗ ਲੱਥੀ, ਕਿਸਾਨਾਂ ਨੂੰ ਠੁੱਡੇ ਮਾਰੇ

ਨਬਜ਼-ਏ-ਪੰਜਾਬ, ਮੁਹਾਲੀ, 18 ਅਕਤੂਬਰ:
ਸੰਯੁਕਤ ਕਿਸਾਨ ਮੋਰਚਾ, ਸ਼ੈਲਰ ਮਾਲਕਾਂ, ਆੜ੍ਹਤੀ ਐਸੋਸੀਏਸ਼ਨਾਂ, ਅਨਾਜ ਮੰਡੀ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਝੋਨੇ ਦੀ ਖ਼ਰੀਦ ਅਤੇ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਪੁਲੀਸ ਨੇ ਰਸਤੇ ਵਿੱਚ ਹੀ ਮੁਹਾਲੀ-ਚੰਡੀਗੜ੍ਹ ਦੀਆਂ ਸਾਂਝੀਆਂ ਹੱਕਾਂ ’ਤੇ ਬੈਰੀਕੇਟ ਲਗਾ ਕੇ ਰੋਕ ਲਿਆ। ਜਿਸ ਕਾਰਨ ਨੱਕੋ-ਨੱਕ ਰੋਹ ਨਾਲ ਭਰੇ ਕਿਸਾਨ ਵੱਖ-ਵੱਖ ਸੜਕਾਂ ਉੱਤੇ ਧਰਨੇ ਲਗਾ ਕੇ ਬੈਠ ਗਏ। ਮੁਹਾਲੀ ਵਿੱਚ ਫੇਜ਼-2, ਫੇਜ਼-6, ਮਦਨਪੁਰ ਚੌਂਕ, ਨੇਚਰ ਪਾਰਕ ਫੇਜ਼-9 (ਬੁੜੈਲ ਜੇਲ੍ਹ ਦੇ ਪਿੱਛੇ) ਸਮੇਤ ਮੁਹਾਲੀ ਏਅਰਪੋਰਟ ਸੜਕ ’ਤੇ ਲਾਲ ਬੱਤੀ ਪੁਆਇੰਟ ਨੇੜੇ ਧਰਨੇ ਲਗਾ ਕੇ ਬੈਠ ਗਏ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਅਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੁਕਮਰਾਨਾਂ ਦਾ ਪਿੱਟ ਸਿਆਪਾ ਕੀਤਾ। ਬੁਲਾਰਿਆਂ ਨੇ ਮੁੱਖ ਮੰਤਰੀ ’ਤੇ ਕਿਸਾਨਾਂ ਨੂੰ ਮਿਲੇ ਬਿਨਾਂ ਚਲੇ ਜਾਣ ਦਾ ਦੋਸ਼ ਵੀ ਲਾਇਆ। ਪਿੰਡ ਛੱਤ ਨੇੜੇ ਵੀ ਕਿਸਾਨਾਂ ਦੇ ਕਾਫ਼ਲੇ ਨੂੰ ਰੋਕਿਆ ਗਿਆ।
ਇਸੇ ਦੌਰਾਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬੋਘ ਸਿੰਘ ਮਾਨਸਾ ਅਤੇ ਹੋਰਨਾਂ ਕਈ ਕਿਸਾਨਾਂ ਨੂੰ ਯੂਟੀ ਪੁਲੀਸ ਨੇ ਜ਼ਬਰਦਸਤੀ ਆਪਣੀ ਬੱਸ ਵਿੱਚ ਬਿਠਾ ਕੇ ਨਜ਼ਰਬੰਦ ਕਰ ਲਿਆ। ਬੱਸ ਵਿੱਚ ਡੱਕੇ ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਦਾ ਪ੍ਰਗਟਾਵਾ ਕੀਤਾ। ਹਾਲਾਂਕਿ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਭਲਕੇ 19 ਅਕਤੂਬਰ ਨੂੰ ਸ਼ਾਮ 4 ਵਜੇ ਕਿਸਾਨਾਂ ਨਾਲ ਮੀਟਿੰਗ ਸੱਦ ਲਈ ਹੈ ਪ੍ਰੰਤੂ ਫਿਲਹਾਲ ਕਿਸਾਨ ਧਰਨੇ ’ਤੇ ਡਟੇ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਹੁਣ ਭਾਵੇਂ ਸਰਕਾਰ ਭਲਕੇ ਮੀਟਿੰਗ ਲਈ ਕਹਿ ਰਹੀ ਹੈ ਪਰ ਅੱਜ ਜਿਹੜੇ ਕਿਸਾਨ ਅਤੇ ਮਜ਼ਦੂਰ ਸੜਕਾਂ ’ਤੇ ਖੱਜਲ ਖੁਆਰ ਹੋਏ ਹਨ। ਉਸ ਲਈ ਕੌਣ ਜ਼ਿੰਮੇਵਾਰ ਹੈ।
ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਅਤੇ ਤੇਜਿੰਦਰ ਸਿੰਘ ਪੂਨੀਆ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਗੁਰਦੁਆਰਾ ਸਾਹਿਬ ਮਟੌਰ ਤੋਂ ਲੰਗਰ ਪਾਣੀ ਲੈ ਕੇ ਕਿਸਾਨ ਭਵਨ ਪਹੁੰਚਿਆ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਲੰਗਰ ਪਰੋਸਿਆ ਗਿਆ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਡਾ) ਦੇ ਸੂਬਾ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸਾਥੀਆਂ ਨਾਲ ਛੱਤ ਨੇੜੇ ਪੁਲੀਸ ਵੱਲੋਂ ਕਾਫ਼ੀ ਖਿੱਚ ਧੂਹ ਕੀਤੀ ਗਈ। ਜਿਸ ਕਾਰਨ ਧਨੇਰ ਦੀ ਪੱਗ ਵੀ ਲੱਥ ਗਈ। ਪੁਲੀਸ ਨੇ ਕਿਸਾਨਾਂ ਦੇ ਠੁੱਡੇ ਵੀ ਮਾਰੇ। ਕਿਸਾਨਾਂ ਨੇ ਪੁਲੀਸ ’ਤੇ ਉਨ੍ਹਾਂ ਨੂੰ ਗਲਾਂ ਕੱਢਣ ਦੇ ਵੀ ਦੋਸ਼ ਲਾਏ। ਹਾਲਾਂਕਿ ਪੁਲੀਸ ਨੇ ਧੱਕੇ ਨਾਲ ਸਾਰੇ ਕਿਸਾਨਾਂ ਨੂੰ ਜ਼ਬਰਦਸਤੀ ਬੱਸਾਂ ਵਿੱਚ ਬਿਠਾ ਕੇ ਲਿਜਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸਾਨ ਬੱਸਾਂ ਤੋਂ ਥੱਲੇ ਉੱਤਰ ਕੇ ਮੁੜ ਧਰਨੇ ’ਤੇ ਬੈਠ ਗਏ।

ਕਿਸਾਨ ਜਥੇਬੰਦੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਬੀਕੇਯੂ ਤੋਤੇਵਾਲ ਦੇ ਪ੍ਰਧਾਨ ਸੁਖ ਗਿੱਲ ਮੋਗਾ, ਏਕਤਾ ਡਕੌਂਦਾ ਦੇ ਜ਼ਿਲ੍ਹਾ ਮੁਹਾਲੀ ਦੇ ਕਨਵੀਨਰ ਪ੍ਰਦੀਪ ਮੁਸਾਹਿਬ ਅਤੇ ਹੋਰਨਾਂ ਨੂੰ ਬੁੜੈਲ੍ਹ ਜੇਲ੍ਹ ਦੇ ਪਿੱਛੇ ਨੇਚਰ ਪਾਰਕ ਨੇੜੇ ਰੋਕ ਲਿਆ। ਸਾਰੇ ਇੱਥੇ ਹੀ ਮੁਹਾਲੀ-ਚੰਡੀਗੜ੍ਹ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ। ਉਧਰ, ਭਾਗੋਮਾਜਰਾ ਟੋਲ ’ਤੇ ਵੀ ਕਿਸਾਨਾਂ ਵੱਲੋਂ ਜਾਮ ਲਗਾ ਕੇ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਕਿਸਾਨਾਂ ਨੂੰ ਇੱਥੋਂ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਪ੍ਰੰਤੂ ਰਾਹ ਵਿੱਚ ਫਿਰ ਉਨ੍ਹਾਂ ਨੂੰ ਰੋਕ ਲਿਆ। ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਧਰਨੇ ਜਾਰੀ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …