ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ

ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਵੱਲੋਂ ਉੱਘੀਆਂ ਸ਼ਖ਼ਸੀਅਤਾਂ ਨੂੰ ਵੀ ਸ਼ਰਧਾਂਜਲੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 19 ਅਕਤੂਬਰ:
15ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ (ਵਿਸ਼ੇਸ਼) ਸੈਸ਼ਨ ਦੇ ਪਹਿਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਦਨ ਨੇ ਸੋਮਵਾਰ ਨੂੰ ਉਨਾਂ ਸਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜੋ ਕਿ ਕੇਂਦਰ ਸਰਕਾਰ ਦੇ ਕਾਲੇ ਖੇਤੀਬਾੜੀ ਕਾਨੂੰਨਾਂ ਖਿਲਾਫ ਰੋਸ਼-ਮੁਜ਼ਾਹਰਾ ਕਰਦੇ ਹੋਏ ਆਪਣੀ ਜਾਨ ਗੁਆ ਬੈਠੇ ਹਨ।
ਸਦਨ ਵੱਲੋਂ ਆਜ਼ਾਦੀ ਘੁਲਾਟੀਆਂ, ਸਿਆਸੀ ਤੇ ਹੋਰ ਉੱਘੀਆਂ ਹਸਤੀਆਂ ਅਤੇ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਸਮੂਹ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੇ ਸਨਮਾਨ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਲਾਂਸ ਨਾਇਕ ਕਰਨੈਲ ਸਿੰਘ, ਪੰਜਾਬੀ ਭਾਸ਼ਾ ਦੇ ਉੱਘੇ ਵਿਗਿਆਨੀ ਤੇ ਸਾਹਿਤਕਾਰ-ਲੇਖਕ ਕੁਲਦੀਪ ਸਿੰਘ ਧੀਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਜੋਗਿੰਦਰ ਸਿੰਘ ਪੁਆਰ ਅਤੇ ਮਸ਼ਹੂਰ ਸੰਗੀਤਕਾਰ ਤੇ ਉੱਘੀ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਕੇਸਰ ਸਿੰਘ ਨਰੂਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ।
ਲਾਂਸ ਨਾਇਕ ਕਰਨੈਲ ਸਿੰਘ 30 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਿਸ਼ਨਾ ਘਾਟੀ ਖੇਤਰ ਵਿਚ ਦਹਿਸ਼ਤਗਰਦਾਂ ਖਿਲਾਫ ਇੱਕ ਓਪਰੇਸ਼ਨ ਦੌਰਾਨ ਸ਼ਹੀਦ ਹੋ ਗਏ ਸਨ। ਸਦਨ ਵੱਲੋਂ ਆਜ਼ਾਦੀ ਘੁਲਾਟੀਆਂ ਮਹਿੰਦਰ ਸਿੰਘ, ਸਰਦਾਰ ਸਿੰਘ, ਰਾਏ ਸਿੰਘ ਪਤੰਗਾ, ਮਹਿੰਦਰ ਸਿੰਘ ਅਤੇ ਹੇਮ ਰਾਜ ਮਿੱਤਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਆਜ਼ਾਦੀ ਦੀ ਲੜਾਈ ਵਿਚ ਇਨਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੇਨਤੀ ਉੱਤੇ ਸਪੀਕਰ ਵੱਲੋਂ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦਾ ਨਾਂ ਵੀ ਸ਼ਰਧਾਂਜਲੀਆਂ ਵਿਚ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਗਈ।
ਸਦਨ ਦੇ ਮੈਂਬਰਾਂ ਵੱਲੋਂ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਮਾਤਾ ਜੀ ਦਵਿੰਦਰ ਕੌਰ, ਪਠਾਨਕੋਟ ਤੋਂ ਵਿਧਾਇਕ ਅਮਿਤ ਵਿੱਜ ਦੇ ਪਿਤਾ ਅਨਿਲ ਵਿੱਜ, ਗੜਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਦੇ ਪਿਤਾ ਚੌਧਰੀ ਚੈਨ ਸਿੰਘ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਪਿਤਾ ਗੁਰਬੰਤ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨਾਂ ਦਾ ਦੇਹਾਂਤ ਹਾਲ ਹੀ ਵਿਚ ਹੋਇਆ ਸੀ।
ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਇਹ ਤਜਵੀਜ਼ ਪੇਸ਼ ਕੀਤੀ ਕਿ ਉਨਾਂ ਸਾਰੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ ਜੋ ਕਿ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੌਰਾਨ ਅਕਾਲ ਚਲਾਣਾ ਕਰ ਗਏ ਹਨ। ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸਪੀਕਰ ਨੇ ਵਿਛੜੀਆਂ ਰੂਹਾਂ ਦੇ ਪਰਿਵਾਰਾਂ ਨੂੰ ਸਦਨ ਵੱਲੋਂ ਸ਼ੋਕ ਸੰਦੇਸ਼ ਭੇਜਣ ਸਬੰਧੀ ਇੱਕ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕੀਤਾ ਗਿਆ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…