ਲੈਂਡ-ਪੁਲਿੰਗ ਲੈਣ ਵਾਲੇ ਕਿਸਾਨਾਂ ਨੂੰ ਕਾਰਨਰ ਤੇ ਪਾਰਕਿੰਗ ਲਈ ਨਹੀਂ ਦੇਣੇ ਪੈਣਗੇ ਵਾਧੂ ਪੈਸੇ

ਗਮਾਡਾ ਵੱਲੋਂ ਨੋਟੀਫ਼ਿਕੇਸ਼ਨ ਜਾਰੀ, ਪਹਿਲਾਂ ਜਮਾਂ ਕਰਾਏ ਪੈਸੇ 90 ਦਿਨਾਂ ਵਿੱਚ ਹੋਣਗੇ ਵਾਪਸ

ਸਿਹਤ ਮੰਤਰੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੁੱਡਾ ਮੰਤਰੀ ਸੁੱਖ ਸਰਕਾਰੀਆ ਦਾ ਕੀਤਾ ਧੰਨਵਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਅਧੀਨ ਆਉਂਦੇ ਐਰੋਸਿਟੀ, ਈਕੋ ਸਿਟੀ-2, ਆਈਟੀ ਸਿਟੀ ਅਤੇ ਸੈਕਟਰ-88 ਅਤੇ ਸੈਕਟਰ-89 ਦੇ ਲੈਂਡ-ਪੁਲਿੰਗ ਲੈਣ ਵਾਲੇ ਕਿਸਾਨਾਂ ਨੂੰ ਵਧੀਆਂ ਲੋਕੇਸ਼ਨ ਲਈ ਹੁਣ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਇਸ ਸਬੰਧੀ ਗਮਾਡਾ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਨ੍ਹਾਂ ਕਿਸਾਨਾਂ ਨੇ ਪਲਾਟਾਂ ਦੀਆਂ ਉਕਤ ਲੋਕੇਸ਼ਨਾਂ ਸਬੰਧੀ ਪਹਿਲਾਂ ਗਮਾਡਾ ਕੋਲ ਪੈਸੇ ਜਮਾਂ ਕਰਵਾਏ ਗਏ ਸਨ, ਉਨ੍ਹਾਂ ਕਿਸਾਨਾਂ ਦੇ ਪੈਸੇ ਤਿੰਨ ਮਹੀਨਿਆਂ ਦੇ ਅੰਦਰ ਵਾਪਸ ਕੀਤੇ ਜਾਣਗੇ।
ਇਸ ਗੱਲ ਦਾ ਖ਼ੁਲਾਸਾ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਗਮਾਡਾ ਦੇ ਇਸ ਫੈਸਲੇ ਨਾਲ ਮੁਹਾਲੀ ਹਲਕੇ ਦੇ ਲੈਂਡ-ਪੁਲਿੰਗ ਦੀ ਸਹੂਲਤ ਦਾ ਲਾਭ ਲੈਣ ਵਾਲੇ ਸੈਂਕੜੇ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ ਪ੍ਰੈਫਰੈਂਸ਼ੀਅਲ ਲੋਕੇਸ਼ਨ ਚਾਰਜਿੰਗ ਦੇ ਤੌਰ ’ਤੇ ਕਾਰਨਰ ਦੇ ਪਲਾਟ ਅਤੇ ਫੇਸਿੰਗ ਪਾਰਕ ਲਈ 10 ਫੀਸਦੀ ਅਤੇ ਦੋਵਾਂ ਦੇ ਸਾਂਝੇ ਹੋਣ ਦੀ ਸੂਰਤ ਵਿੱਚ 15 ਫੀਸਦੀ ਵਾਧੂ ਰਾਸ਼ੀ ਦੇਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਲੈਂਡ-ਪੁਲਿੰਗ ਵਾਲੇ ਅਲਾਟੀ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਵਾਧੂ ਸਰਚਾਰਜਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਸੀ। ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ (ਸਿੱਧੂ) ਦੀ ਮੰਗ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਰਾਂ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੁਹਾਲੀ ਹਲਕੇ ਦੇ ਲੋਕਾਂ ਨਾਲ ਕੀਤਾ ਵੱਡਾ ਵਾਅਦਾ ਪੂਰਾ ਕਰਕੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਦੇ ਤਾਜ਼ਾ ਫੈਸਲੇ ਦਾ ਨਵੀਆਂ ਜ਼ਮੀਨਾਂ ਐਕਵਾਇਰ ਹੋਣ ਸਮੇਂ ਲੈਂਡ-ਪੁਲਿੰਗ ਲੈਣ ਵਾਲੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ।
ਸ੍ਰੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੁੱਡਾ ਮੰਤਰੀ ਸੁਖਬਿੰਦਰ ਸਿੰਘ ਸੱੁਖ ਸਰਕਾਰੀਆ ਅਤੇ ਗਮਾਡਾ ਦੇ ਸਕੱਤਰ ਸਰਬਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੜਾਅਵਾਰ ਚੋਣ ਵਾਅਦੇ ਪੂਰੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਨਾਗਰਿਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਸ਼ਹਿਰ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…