ਤੇਜ਼ ਹਨੇਰੀ ਝੱਖੜ: ਮੁਹਾਲੀ ਦੇ ਫੇਜ਼-6 ਵਿੱਚ 24 ਘੰਟੇ ਤੋਂ ਵੱਧ ਸਮੇਂ ਤੱਕ ਰਹੀ ਬਿਜਲੀ ਗੁੱਲ

ਫੇਜ਼-1 ਤੋਂ ਫੇਜ਼-7 ਸਮੇਤ ਹੋਰਨਾਂ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ, ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਬੀਤੀ ਸ਼ਾਮ ਅਚਾਨਕ ਤੇਜ਼ ਹਨੇਰੀ ਅਤੇ ਤੂਫ਼ਾਨ ਆਉਣ ਕਾਰਨ ਬਹੁਤ ਸਾਰੀਆਂ ਥਾਵਾਂ ’ਤੇ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਟੁੱਟ ਕੇ ਸੜਕਾਂ ’ਤੇ ਡਿੱਗ ਗਏ ਅਤੇ ਪੂਰੇ ਇਲਾਕੇ ਵਿੱਚ ਤੁਰੰਤ ਬਿਜਲੀ ਗੁੱਲ ਹੋ ਗਈ। ਸਥਾਨਕ ਫੇਜ਼-6 ਵਿੱਚ ਹਨੇਰੀ ਕਾਰਨ ਦੋ ਦਰਜਨ ਤੋਂ ਵੱਧ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਟੁੱਟ ਗਏ। ਸਰਕਾਰੀ ਸਕੂਲ ਉੱਤੇ ਵੀ ਸਫੈਦੇ ਦੇ ਦਰੱਖ਼ਤ ਟੁੱਟ ਕੇ ਗਿਰੇ ਹਨ। ਇਸ ਤੋਂ ਇਲਾਵਾ ਰਿਹਾਇਸ਼ੀ ਖੇਤਰ ਵਿੱਚ ਕਈ ਕਾਰਾਂ ’ਤੇ ਦਰੱਖ਼ਤ ਡਿੱਗੇ ਹਨ। ਇਸ ਖੇਤਰ ਵਿੱਚ ਪਿੱਛਲੇ 24 ਘੰਟੇ ਤੋਂ ਵੱਧ ਸਮੇਂ ਤੱਕ ਲਗਾਤਾਰ ਬਿਜਲੀ ਸਪਲਾਈ ਠੱਪ ਰਹੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਹਨਾਂ ’ਤੇ ਦਰੱਖਤ ਡਿੱਗਣ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਉਧਰ, ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਮੇਅਰ ਕੁਲਵੰਤ ਸਿੰਘ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਫੌਰੀ ਰਾਹਤ ਪਹੁੰਚਾਉਣ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਮੇਅਰ ਨੇ ਐਸਡੀਓ ਕੰਵਲਦੀਪ ਸਿੰਘ ਤੇ ਚੀਫ਼ ਸੈਨੇਟਰੀ ਇੰਸਪੈਕਟਰ ਹਰਬੰਤ ਸਿੰਘ ਨੂੰ ਤਿੰਨ ਜੇਸੀਬੀ ਮਸ਼ੀਨਾਂ ਅਤੇ 20 ਕਰਮਚਾਰੀਆਂ ਦੀ ਫੌਜ ਦੇ ਕੇ ਮੌਕੇ ’ਤੇ ਭੇਜਿਆ। ਜਿਨ੍ਹਾਂ ਨੇ ਸੜਕਾਂ ’ਤੇ ਡਿੱਗੇ ਹੋਏ ਦਰੱਖਤਾਂ ਨੂੰ ਪਾਸੇ ਹਟਾ ਕੇ ਆਵਾਜਾਈ ਚਾਲੂ ਕਰਵਾਈ।
ਸ੍ਰੀ ਸ਼ਰਮਾ ਦਾ ਕਹਿਣਾ ਸੀ ਕਿ ਜੇਕਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਵਿਦੇਸ਼ੀ ਮਸ਼ੀਨ ਦੀ ਖਰੀਦ ’ਤੇ ਰੋਕ ਨਾ ਲਗਾਈ ਹੁੰਦੀ ਤਾਂ ਫੇਜ਼-6 ਵਿੱਚ ਸ਼ਾਇਦ ਅੱਜ ਏਨੀ ਜ਼ਿਆਦਾਤ ਤਬਾਹੀ ਨਾ ਹੁੰਦੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਅਤੇ ਅੱਜ ਦਿਨ ਭਰ ਮੁਹਾਲੀ ਨਿਗਮ ਅਤੇ ਬਿਜਲੀ ਬੋਰਡ ਦੇ 90 ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਰਾਹਤ ਕਾਰਜਾਂ ਵਿੱਚ ਜੁੱਟੇ ਰਹੇ। ਐਤਵਾਰ ਰਾਤ ਤੱਕ ਬਿਜਲੀ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਬਿਜਲੀ ਦੇ ਖੰਭੇ ਗੱਡਣ ਅਤੇ ਟੁੱਟੀਆਂ ਤਾਰਾਂ ਠੀਕ ਕਰਨ ਵਿੱਚ ਲੱਗੇ ਹੋਏ ਹਨ।
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਐਕਸ਼ੀਅਨ ਐਚ.ਐਸ. ਓਬਰਾਏ ਨੇ ਦੱਸਿਆ ਕਿ ਫੇਜ਼-6 ਵਿੱਚ ਸੜਕਾਂ ਕਿਨਾਰੇ ਭਾਰੀ ਦਰੱਖ਼ਤ ਟੁੱਟਣ ਕਾਰਨ ਕਰੀਬ 25 ਬਿਜਲੀ ਦੇ ਖੰਭੇ ਟੁੱਟ ਗਏ ਹਨ। ਜਿਸ ਕਾਰਨ ਪਾਵਰਕੌਮ ਨੂੰ 5 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਹਨੇਰੀ ਕਾਰਨ ਟੁੱਟੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨੂੰ ਠੀਕ ਕਰਨ ਲਈ ਬੀਤੀ ਰਾਤ ਅਤੇ ਅੱਜ ਸਾਰਾ ਦਿਨ ਬਿਜਲੀ ਕਰਮਚਾਰੀ ਲੱਗੇ ਰਹੇ ਅਤੇ ਸ਼ਾਮ ਤੱਕ 50 ਫੀਸਦੀ ਖੇਤਰ ਵਿੱਚ ਬਿਜਲੀ ਸਪਲਾਈ ਬਹਾਲ ਹੋ ਗਈ ਸੀ ਅਤੇ ਬਾਕੀ ਏਰੀਆ ਵਿੱਚ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿਛਲੇ ਹਫ਼ਤੇ ਫੇਜ਼-7 ਵਿੱਚ ਵਿੱਚ ਵੱਡਾ ਰੁੱਖ ਟੁੱਟ ਕੇ ਤਾਰਾਂ ਉੱਤੇ ਡਿੱਗਣ ਕਾਰਨ ਬਿਜਲੀ ਦਾ ਖੰਭਾ ਟੁੱਟ ਗਿਆ ਸੀ ਤੱਦ ਵੀ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਜੇਕਰ ਨਗਰ ਨਿਗਮ ਜਾਂ ਗਮਾਡਾ ਨੇ ਉੱਚੇ ਲੰਮੇ ਦਰੱਖਤਾਂ ਨੂੰ ਉੱਪਰੋਂ ਛਾਂਗਿਆ ਹੁੰਦਾ ਤਾਂ ਸ਼ਾਇਦ ਬਿਜਲੀ ਬੋਰਡ ਦਾ ਵਿੱਤੀ ਨੁਕਸਾਨ ਤੋਂ ਬਚ ਸਕਦਾ ਸੀ ਅਤੇ ਲੋਕਾਂ ਨੂੰ ਵੀ ਬਹੁਤੀ ਪ੍ਰੇਸ਼ਾਨੀ ਨਹੀਂ ਹੋਣੀ ਸੀ।
ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਅਤੇ ਗੁਰਮੀਤ ਕੌਰ ਸੈਣੀ ਨੇ ਦੱਸਿਆ ਕਿ ਫੇਜ਼-1, ਫੇਜ਼-3ਬੀ1 ਅਤੇ ਫੇਜ਼-7 ਸਮੇਤ ਹੋਰਨਾਂ ਇਲਾਕਿਆਂ ਵਿੱਚ ਵੀ ਹਨੇਰੀ ਕਾਰਨ ਦਰੱਖਤ ਟੁੱਟਣ ਦਾ ਸਮਾਚਾਰ ਮਿਲਿਆ। ਕਈ ਥਾਵਾਂ ’ਤੇ ਮਸ਼ਹੂਰੀ ਬੋਰਡ ਵੀ ਟੁੱਟੇ ਹਨ। ਮੈਕਸ ਹਸਪਤਾਲ ਨੇੜੇ ਬਿਜਲੀ ਦਾ ਟਰਾਂਸਫਰਮਰ ਟੁੱਟ ਕੇ ਜ਼ਮੀਨ ’ਤੇ ਡਿੱਗਣ ਬਾਰੇ ਪਤਾ ਲੱਗਾ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…