nabaz-e-punjab.com

ਪੰਜਾਬ ਵਿਜੀਲੈਂਸ ਬਿਊਰੋ ਦੇ ਹੌਲਦਾਰ ’ਤੇ ਜਾਨਲੇਵਾ ਹਮਲਾ, ਕੇਸ ਦਰਜ

ਸਾਬਕਾ ਡੀਜੀਪੀ ਸੁਮੇਧ ਸੈਣੀ ਕੇਸ ਨਾਲ ਜੁੜ ਰਹੇ ਨੇ ਕੁੱਟਮਾਰ ਦੀ ਘਟਨਾ ਦੇ ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਪੰਜਾਬ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਤਾਇਨਾਤ ਹੌਲਦਾਰ ਵਰੁਣ ਕਪੂਰ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਕਰਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਦੇ ਤਾਰ ਸਾਬਕਾ ਡੀਜੀਪੀ ਸੁਮੇਧ ਸੈਣੀ ਕੇਸ ਨਾਲ ਜੋੜੇ ਜਾ ਰਹੇ ਹਨ। ਪੀੜਤ ਵਰੁਣ ਕਪੂਰ, ਸੈਣੀ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਦੇ ਮਾਮਲੇ ਦੀ ਪੜਤਾਲ ਕਰ ਰਹੇ ਵਿਜੀਲੈਂਸ ਦੇ ਇਕ ਜਾਂਚ ਅਧਿਕਾਰੀ ਦੀ ਟੀਮ ਵਿੱਚ ਸ਼ਾਮਲ ਹੈ। ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਘਟਨਾ ਬੀਤੀ 2 ਸਤੰਬਰ ਨੂੰ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਵਰੁਣ ਕਪੂਰ ਬੀਤੀ 2 ਸਤੰਬਰ ਨੂੰ ਰਾਤ 8 ਵਜੇ ਡਿਊਟੀ ਤੋਂ ਬਾਅਦ ਵਾਇਆ ਚੱਪੜਚਿੜੀ ਵਾਪਸ ਆਪਣੇ ਘਰ ਲਾਂਡਰਾਂ ਰੋਡ ਸਥਿਤ ਰਿਹਾਇਸ਼ੀ ਸੁਸਾਇਟੀ ਵਿੱਚ ਜਾ ਰਿਹਾ ਸੀ। ਜਦੋਂ ਉਹ ਚੱਪੜਚਿੜੀ ਨੇੜੇ ਪੁੱਜਾ ਤਾਂ ਇਸ ਦੌਰਾਨ ਅਚਾਨਕ ਮੋਟਰ ਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਰਸਤਾ ਪੁੱਛਣ ਲੱਗ ਪਏ। ਜਿਵੇਂ ਹੀ ਉਸ ਨੇ ਆਪਣੀ ਕਾਰ ਰੋਕ ਕੇ ਤਾਕੀ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਮੋਟਰ ਸਾਈਕਲ ਸਵਾਰਾਂ ਨੇ ਉਸ ਨੂੰ ਫੜ ਕੇ ਬਾਹਰ ਕੱਢ ਲਿਆ ਅਤੇ ਉਸ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਏਨੇ ਵਿੱਚ 8-10 ਹੋਰ ਵਿਅਕਤੀ ਡੰਡੇ ਅਤੇ ਰਾਡਾਂ ਲੈ ਕੇ ਆਉਂਦੇ ਦਿਖਾਈ ਤਾਂ ਉਹ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਉਣ ਲਈ ਕਾਰ ਵਿੱਚ ਬੈਠ ਕੇ ਨਿਕਲ ਗਿਆ। ਹਾਲਾਂਕਿ ਹਮਲਾਵਰਾਂ ਨੇ ਉਸ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਉਸ ਨੇ ਆਪਣੀ ਕਾਰ ਭਜਾ ਲਈ ਅਤੇ ਘਰ ਪਹੁੰਚ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਮੁਹਾਲੀ ਤੋਂ ਉਸ ਦਾ ਪਿੱਛਾ ਕਰਦੇ ਆ ਰਹੇ ਸਨ।
ਵਿਜੀਲੈਂਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਹਮਲਾਵਰਾਂ ਵਾਰ ਵਾਰ ਹੌਲਦਾਰ ਨੂੰ ਧਮਕਾਉਂਦੇ ਹੋਏ ਇਹ ਕਹਿ ਰਹੇ ਸੀ ਉਸ ਨੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਸਬੰਧੀ ਸੀਸੀਟੀਵੀ ਕੈਮਰੇ ਦੀ ਫੁਟੇਜ ਵਾਇਰਲ ਕਰਕੇ ਚੰਗਾ ਨਹੀਂ ਕੀਤਾ ਹੈ, ਉਸ ਨੇ ਵੀਡੀਓ ਕਿਉਂ ਵਾਇਰਲ ਕੀਤੀ। ਹੁਣ ਉਹ ਉਸ ਨੂੰ ਦੱਸਣਗੇ ਕਿਵੇਂ ਸੀਸੀਟੀਵੀ ਕੈਮਰੇ ਦੀ ਫੁਟੇਜ\ਵੀਡੀਓਜ਼ ਵਾਇਰਲ ਕੀਤੀ ਜਾਂਦੀ ਹੈ।
ਉਧਰ, ਬਲੌਂਗੀ ਥਾਣਾ ਦੇ ਐਸਐਚਓ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਪੀੜਤ ਵਰੁਣ ਕਪੂਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਹਮਲਾਵਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਹਮਲਾਵਰਾਂ ਦੀ ਪੈੜ ਨੱਪਣ ਲਈ ਮੋਬਾਈਲ ਟਾਵਰ ਦਾ ਡੰਪ ਚੁੱਕਿਆ ਜਾ ਰਿਹਾ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …