nabaz-e-punjab.com

ਪੁਰਾਣੀ ਰੰਜ਼ਿਸ਼: ਫੇਜ਼-9 ਵਿੱਚ ਦੁੱਧ ਪਾਉਣ ਆਏ ਦੋਧੀ ’ਤੇ ਜਾਨਲੇਵਾ ਹਮਲਾ, ਪੱਟ ’ਚ ਲੱਗੀ ਗੋਲੀ

ਤਿੰਨ ਨੌਜਵਾਨਾਂ ਨੇ ਦੋਧੀ ’ਤੇ ਗੋਲੀ ਚਲਾਈ, ਗੰਡਾਸੀ ਨਾਲ ਵੀ ਕੀਤਾ ਹਮਲਾ, ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਇੱਥੋਂ ਦੇ ਫੇਜ਼ 9 ਵਿਚਲੇ ਐਚਐਲ ਰਿਹਾਇਸ਼ੀ ਬਲਾਕ ਬੁੱਧਵਾਰ ਨੂੰ ਦੋਧੀ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੋਧੀ ਕਮਲਪ੍ਰੀਤ ਸਿੰਘ ਵਾਸੀ ਪਿੰਡ ਚਾਚੂਮਾਜਰਾ ਨੂੰ ਮੁਹੱਲੇ ਦੇ ਲੋਕਾਂ ਨੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਮਲਟੀ ਸਪੈਸ਼ਲਿਟੀ ਹਸਪਤਾਲ ਸੋਹਾਣਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੇ ਪੱਟ ’ਤੇ ਗੋਲੀ ਲੱਗੀ ਹੈ ਜਦੋਂਕਿ ਦੋਵੇਂ ਹੱਥਾਂ ’ਤੇ ਤੇਜ਼ਧਾਰ ਹਥਿਆਰ ਨਾਲ ਲੱਗੀਆਂ ਸੱਟਾਂ ਦੇ ਨਿਸ਼ਾਨ ਹਨ। ਇਹ ਵਾਰਦਾਤ ਇਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਅਨੁਸਾਰ ਬੀਏ ਪਾਸ ਕਮਲਪ੍ਰੀਤ ਸਿੰਘ ਨੂੰ ਨੌਕਰੀ ਨਾ ਮਿਲਣ ਕਾਰਨ ਉਸ ਨੇ ਆਪਣੇ ਪਿਤਾ ਗੁਰਮੀਤ ਸਿੰਘ ਵਾਂਗ ਲੋਕਾਂ ਦੇ ਘਰਾਂ ਦੁੱਧ ਪਾਉਣਾ ਸ਼ੁਰੂ ਕਰ ਦਿੱਤਾ। ਅੱਜ ਵੀ ਉਹ ਰੋਜ਼ਾਨਾ ਵਾਂਗ ਫੇਜ਼-9 ਵਿੱਚ ਆਪਣੇ ਪੱਕੇ ਗਾਹਕਾਂ ਦੇ ਘਰਾਂ ਵਿੱਚ ਦੁੱਧ ਪਾ ਰਿਹਾ ਸੀ। ਇਸ ਦੌਰਾਨ ਮੋਟਰ ਸਾਈਕਲ ’ਤੇ ਸਵਾਰ ਤਿੰਨ ਵਿਅਕਤੀ ਉੱਥੇ ਪਹੁੰਚ ਗਏ। ਜਿਨ੍ਹਾਂ ਨੇ ਉਸਦੇ ਨੇੜੇ ਮੋਟਰ ਸਾਈਕਲ ਰੋਕਿਆ ਅਤੇ ਉਸ ’ਤੇ ਗੰਡਾਸੀ ਨਾਲ ਹਮਲਾ ਕਰ ਦਿੱਤਾ। ਉਸ ਨੇ ਦੁੱਧ ਦੀ ਛੋਟੀ ਡਰੰਮੀ ਨਾਲ ਗੰਡਾਸੀ ਦੇ ਵਾਰ ਤੋਂ ਬਚਨ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਤੇਜ਼ਧਾਰ ਹਥਿਆਰ ਦੇ ਹਮਲੇ ਨਾਲ ਉਸ ਦੇ ਦੋਵੇਂ ਹੱਥ ਜ਼ਖ਼ਮੀ ਹੋ ਗਏ। ਏਨੇ ’ਚ ਇਕ ਹਮਲਾਵਰ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ ਅਤੇ ਉਸ ਦੇ ਪੱਟ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ। ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਇਸ ਮਗਰੋਂ ਹਮਲਾਵਰ ਲਲਕਾਰੇ ਮਾਰਦੇ ਹੋਏ ਉੱਥੋਂ ਫਰਾਰ ਹੋ ਗਏ।
ਸੋਹਾਣਾ ਹਸਪਤਾਲ ਵਿੱਚ ਜ਼ਖ਼ਮੀ ਕਮਲਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪ੍ਰੰਤੂ ਕਾਲਜ ਵਿੱਚ ਪੜ੍ਹਾਈ ਦੌਰਾਨ ਉਸ ਦੇ ਦੋਸਤ ਨਾਲ ਦੂਜੀ ਧਿਰ ਦੀ ਲੜਾਈ ਜ਼ਰੂਰ ਹੋਈ ਸੀ। ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਕ ਹਮਲਾਵਰ ਨੂੰ ਪਛਾਣ ਲਿਆ ਹੈ। ਜ਼ਖ਼ਮੀ ਕਮਲਪ੍ਰੀਤ ਅਨੁਸਾਰ ਹਮਲਾਵਰਾਂ ਵਿੱਚ ਇਕ ਵਿਅਕਤੀ ਕਾਲਜ ਦੀ ਲੜਾਈ ਵਿੱਚ ਸ਼ਾਮਲ ਸੀ ਅਤੇ ਇਹ ਉਸੇ ਲਾਗ ਡਾਟ ਦਾ ਨਤੀਜਾ ਜਾਪਦਾ ਹੈ।
ਉਧਰ, ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸੋਹਾਣਾ ਵਿੱਚ ਆਈਪੀਸੀ ਦੀ ਧਾਰਾ 307, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਇਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੋਟੋਜ਼ ਵੀ ਚੈੱਕ ਕੀਤੀਆਂ ਗਈਆਂ ਹਨ। ਜਿਸ ਵਿੱਚ ਦੇਸ਼ੀ ਕੱਟੇ ਨਾਲ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ ਅਤੇ ਪੁਲੀਸ ਨੇ ਮੌਕੇ ਤੋਂ ਇਕ ਖਾਲੀ ਹੋਲ ਵੀ ਬਰਾਮਦ ਕੀਤਾ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਸੋਹਾਣਾ ਹਸਪਤਾਲ ਦੇ ਡਾਕਟਰਾਂ ਅਨੁਸਾਰ ਜ਼ਖ਼ਮੀ ਦੋਧੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…