Nabaz-e-punjab.com

ਫਤਿਹਵੀਰ ਮਾਮਲੇ ਵਿੱਚ ਪੰਜਾਬ ਸਰਕਾਰ ਨਹੀਂ ਬਲਕਿ ਕੇਂਦਰੀ ਜਾਂਚ ਏਜੰਸੀ ਹੈ ਜ਼ਿੰਮੇਵਾਰ

ਸਿੱਖ ਰਿਫਰੈਂਸ ਲਾਇਬਰੇਰੀ ਦਾ ਸਮਾਨ ਵਿਦੇਸ਼ਾਂ ’ਚ ਵੇਚਣ ਦੇ ਮਾਮਲੇ ਵਿੱਚ ਬਾਦਲ ਜ਼ਿੰਮੇਵਾਰ

ਬੇਅਦਬੀ ਮਾਮਲੇ ਵਿੱਚ ਲੋੜ ਪੈਣ ’ਤੇ ਇਕ ਹੋਰ ਸਪਲੀਮੈਂਟ ਚਲਾਨ ਪੇਸ਼ ਕੀਤਾ ਜਾ ਸਕਦਾ, ਨਵਜੋਤ ਸਿੱਧੂ ਮਾਮਲੇ ’ਚ ਚੁੱਪ ਵੱਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ ਕੇ ਮਰੇ ਦੋ ਸਾਲਾਂ ਦੇ ਫਤਿਹਵੀਰ ਸਿੰਘ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜ ਸਰਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨੂੰ ਦੋਸ਼ੀ ਠਹਿਰਾਉਣਾ ਬਿਲਕੁਲ ਗਲਤ ਹੈ ਕਿਉਂਕਿ ਸਰਕਾਰ ਕੋਲ ਅਜਿਹੀ ਕੋਈ ਮਸ਼ੀਨਰੀ ਨਾ ਹੋਣ ਕਰਕੇ ਇਹ ਕੰਮ ਕੇਂਦਰੀ ਜਾਂਚ ਏਜੰਸੀ ਐਨਡੀਆਰਐਫ਼ ਨੂੰ ਸੌਂਪਿਆ ਗਿਆ ਸੀ। ਇਸ ਲਈ ਬੱਚੇ ਦੀ ਮੌਤ ਲਈ ਕੇਂਦਰੀ ਏਜੰਸੀ ਹੀ ਜ਼ਿੰਮੇਵਾਰ ਹੈ।
ਸ੍ਰੀ ਰੰਧਾਵਾ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਲਿਊ ਸਟਾਰ ਅਪਰੇਸ਼ਨ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਸਿੱਖ ਰਿਫਰੈਂਸ ਲਾਇਬਰੇਰੀ ਦਾ ਸਮਾਨ ਵਿਦੇਸ਼ਾਂ ਵਿੱਚ ਕਰੋੜਾਂ ਵਿੱਚ ਵੇਚਣ ਲਈ ਬਾਦਲ ਪਰਿਵਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਲਾਇਬਰੇਰੀ ਦਾ ਸਮਾਨ ਵਾਪਸ ਲੈਣ ਸਮੇਂ ਦਸਖ਼ਤ ਕਰਨ ਵਾਲਿਆਂ ਵਿੱਚ ਐਸਜੀਪੀਸੀ ਦੇ ਅਧਿਕਾਰੀ ਸਨ। ਜਿਨ੍ਹਾਂ ’ਚੋਂ ਇਕ ਹਾਲੇ ਵੀ ਜਿਊਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਬਾਦਲ ਦਲ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
(ਬਾਕਸ ਆਈਟਮ)
ਸਥਾਨਕ ਸਰਕਾਰਾਂ ਵਿਭਾਗ ਤੋਂ ਲਾਂਭੇ ਕੀਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿੱਚ ਸ੍ਰੀ ਰੰਧਾਵਾ ਨੇ ਕਿਹਾ ਕਿ ਉਹ (ਸਿੱਧੂ) ਨਵੇਂ ਮਹਿਕਮੇ ਦਾ ਚਾਰਜ ਸੰਭਾਲਣ ਜਾਂ ਨਾ ਪ੍ਰੰਤੂ ਉਨ੍ਹਾਂ ਨੂੰ ਬਿਜਲੀ ਵਿਭਾਗ ਦਾ ਚਾਰਜ ਸਰਕਾਰ ਨੇ ਤਾਂ ਦੇ ਦਿੱਤਾ ਹੈ। ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਸਪਲਾਈ ਅਤੇ ਬਿਜਲੀ ਸਬਸਿਡੀ ਬਾਰੇ ਪੁੱਛੇ ’ਤੇ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੇ ਤਿੰਨ ਟਿਊਬਵੈੱਲਾਂ ਦੀ ਸਬਸਿਡੀ ਛੱਡ ਦਿੱਤੀ ਹੈ ਅਤੇ ਹੁਣ ਹੋਰਨਾਂ ਮੰਤਰੀਆਂ ਅਤੇ ਰਾਜਸੀ ਆਗੂਆਂ ਨੂੰ ਵੀ ਪਹਿਲਕਦਮੀ ਕਰਨੀ ਚਾਹੀਦੀ ਹੈ।
(ਬਾਕਸ ਆਈਟਮ)
ਪਿੰਡ ਬਰਗਾੜੀ ਸਮੇਤ ਪੰਜਾਬ ’ਚ ਵੱਖ ਵੱਖ ਥਾਵਾਂ ’ਤੇ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕਾਨੂੰਨੀ ਪ੍ਰਕਿਰਿਆ ਬਾਰੇ ਪੁੱਛੇ ਜਾਣ ’ਤੇ ਜੇਲ੍ਹ ਮੰਤਰੀ ਨੇ ਪੰਜਾਬ ਸਰਕਾਰ ਦਾ ਪੱਖ ਸਪੱਸ਼ਟ ਕਰਦਿਆਂ ਆਖਿਆ ਕਿ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਕਾਨੂੰਨ ਮੁਤਾਬਕ ਸਜਾਵਾਂ ਦਿੱਤੀਆਂ ਜਾਣਗੀਆਂ ਅਤੇ ਇਸ ਸਬੰਧੀ ਲੋੜ ਪੈਣ ’ਤੇ ਹੋਰ ਵੀ ਸਪਲੀਮੈਂਟ ਚਲਾਨ ਪੇਸ਼ ਕੀਤੇ ਜਾ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …