nabaz-e-punjab.com

ਨਾਬਾਲਗ ਧੀ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਪਿਤਾ ਨੂੰ ਉਮਰ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਮੁਹਾਲੀ ਅਦਾਲਤ ਨੇ ਅੱਠ ਕੁ ਮਹੀਨੇ ਪੁਰਾਣੇ ਜਬਰ ਜਨਾਹ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੀੜਤ ਨਾਬਾਲਗ ਲੜਕੀ ਦੇ ਮਤਰੇਅ ਪਿਤਾ ਹਰੀ ਪ੍ਰਸ਼ਾਦ ਵਾਸੀ ਬਿਹਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ (ਮਰਨ ਤੱਕ) ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧੀ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ 30 ਜਨਵਰੀ 2019 ਨੂੰ ਇੱਥੋਂ ਦੇ ਫੇਜ਼-1 ਥਾਣੇ ਵਿੱਚ ਹਰੀ ਪ੍ਰਸ਼ਾਦ ਦੇ ਖ਼ਿਲਾਫ਼ ਜਬਰ ਜਨਾਹ ਅਤੇ ਪੀੜਤ ਲੜਕੀ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਚਲ ਰਹੀ ਸੀ।
ਇਸ ਸਬੰਧੀ ਉਪ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਹਰੀ ਪ੍ਰਸ਼ਾਦ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇੱਥੇ ਮੈਕੇਨਿਕ ਦਾ ਕੰਮ ਕਰਦਾ ਸੀ। ਦੋਸ਼ੀ ਨੇ ਪੀੜਤ ਲੜਕੀ ਦੀ ਮਾਂ ਨਾਲ ਦੂਜਾ ਵਿਆਹ ਕਰਵਾਇਆ ਸੀ। ਜਿਸ ਕੋਲ ਪਹਿਲੇ ਪਤੀ ਦੇ ਤਿੰਨ ਬੱਚੇ ਹਨ। ਜਿਨ੍ਹਾਂ ’ਚੋਂ ਸਭ ਤੋਂ ਵੱਡੀ 12 ਸਾਲ ਦੀ ਬੇਟੀ ਸੀ। ਜਿਸ ਨੂੰ ਹਰੀ ਪ੍ਰਸ਼ਾਦ ਨੇ ਆਪਣ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀ ਦੀ ਪਤਨੀ ਅਨੁਸਾਰ ਜਨਵਰੀ ਮਹੀਨੇ ਵਿੱਚ ਉਸ ਦੀ ਬੇਟੀ ਦੇ ਪੇਟ ਵਿੱਚ ਦਰਜ ਹੋਣ ’ਤੇ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਦੀ ਰਿਪੋਰਟ ਵਿੱਚ ਆਪਣੀ ਨਾਬਾਲਗ ਧੀ ਨੂੰ ਗਰਭਵਤੀ ਹੋਣ ਦਾ ਪਤਾ ਲੱਗਣ ’ਤੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਜਦੋਂ ਮਾਂ ਬੇਟੀ ਨੂੰ ਪੁੱਛਿਆ ਤਾਂ ਉਸ ਨੇ ਆਪਬੀਤੀ ਦੱਸਦਿਆਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਉਸ ਦਾ ਮਤਰੇਅ ਬਾਪ ਉਸ ਨੂੰ ਡਰਾ ਧਮਕਾ ਕੇ ਜਬਰ ਜਨਾਹ ਕਰਦਾ ਆ ਰਿਹਾ ਹੈ। ਇਸ ਤਰ੍ਹਾਂ ਦੋਸ਼ੀ ਦੀ ਦੂਜੀ ਪਤਨੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਹਰੀ ਪ੍ਰਸ਼ਾਦ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਕੁਝ ਸਮਾਂ ਪਹਿਲਾਂ ਕੇਸ ਦੀ ਸੁਣਵਾਈ ਦੌਰਾਨ ਮਾਂ ਧੀ ਆਪਣੇ ਬਿਆਨਾਂ ਤੋਂ ਮੁੱਕਰ ਗਈਆਂ ਸਨ ਪ੍ਰੰਤੂ ਜਦੋਂ ਗਰਭਵਤੀ ਧੀ ਨੇ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ ਤਾਂ ਇਸ ਤੋਂ ਬਾਅਦ ਡੀਐਨਏ ਟੈਸਟ ਮਗਰੋਂ ਜ਼ਿਲ੍ਹਾ ਵਿਮੈਨ ਚਾਈਲਡ ਪ੍ਰੋਟੈਕਸ਼ਨ ਵਿਭਾਗ ਨੇ ਸਾਰਾ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ। ਅੱਜ ਖੁੱਲ੍ਹੀ ਅਦਾਲਤ ਵਿੱਚ ਜੱਜ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਰੀ ਪ੍ਰਸ਼ਾਦ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ (ਮਰਨ ਤੱਕ) ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …