ਡਾ. ਅੰਬੇਦਕਰ ਤੇ ਭਾਰਤੀ ਸਮਾਜਿਕ ਕ੍ਰਾਂਤੀ ਦੇ ਪਿਤਾਮਾ ਮਹਾਤਮਾ ਜੋਤੀਬਾ ਫੂਲੇ ਦਾ ਜਨਮ ਦਿਹਾੜਾ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਡਾ. ਬੀ.ਆਰ. ਅੰਬੇਦਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ, ਮੁਹਾਲੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਭਾਰਤੀ ਸਮਾਜਿਕ ਕ੍ਰਾਂਤੀ ਦੇ ਪਿਤਾਮਾ ਮਹਾਤਮਾ ਜੋਤੀਬਾ ਫੂਲੇ ਦਾ ਜਨਮ ਦਿਹਾੜਾ ਗੁਰੂ ਰਵਿਦਾਸ ਭਵਨ, ਫੇਜ਼-7 ਵਿੱਚ ਧੂਮਧਾਮ ਨਾਲ ਮਨਾਇਆ ਗਿਆ, ਜੋ ਨਾਰੀ ਸ਼ਕਤੀਕਰਨ ਦੇ ਵਿਸ਼ੇ ਨੂੰ ਸਮਰਪਿਤ ਸੀ। ਇਸ ਮੌਕੇ ਮੁੱਖ ਬੁਲਾਰੇ ਵਜੋਂ ਬਨਾਰਸ ਹਿੰਦੂ ਯੂਨੀਵਰਸਿਟੀ (ਯੂਪੀ) ਦੀ ਪ੍ਰੋਫੈਸਰ ਡਾ. ਇੰਦੂ ਚੌਧਰੀ ਨੇ ਸ਼ਿਰਕਤ ਕੀਤੀ, ਜਦੋਂਕਿ ਮੁੱਖ ਮਹਿਮਾਨ ਆਈਏਐਸ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਐਸ.ਆਰ. ਲੱਧੜ ਸਨ। ਦੱਸਣਯੋਗ ਹੈ ਕਿ ਮਹਾਤਮਾ ਫੂਲੇ ਦਾ ਜਨਮ ਦਿਨ 11 ਅਪਰੈਲ ਅਤੇ ਡਾ. ਅੰਬੇਦਕਰ ਦਾ 14 ਅਪਰੈਲ ਨੂੰ ਹੁੰਦਾ ਹੈ।
ਡਾ. ਇੰਦੂ ਚੌਧਰੀ ਨੇ ਆਪਣੇ ਸੰਬੋਧਨ ਦੌਰਾਨ ਬਾਬਾ ਸਾਹਿਬ ਅਤੇ ਮਹਾਤਮਾ ਜੋਤੀਬਾ ਫੂਲੇ ਵੱਲੋਂ ਇਸਤਰੀ ਜਾਤੀ ਦਾ ਜੀਵਨ ਸੁਧਾਰਨ ਲਈ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਦੱਸਿਆ ਕਿ ਬਾਬਾ ਸਾਹਿਬ ਨੇ ਹਿੰਦੂ ਕੋਲ ਬਿਲ ਰਾਹੀਂ ਦੇਸ਼ ਦੀਆਂ ਅੌਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿਵਾਏ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮਹਾਤਮਾ ਫੂਲੇ ਤੇ ਉਨ੍ਹਾਂ ਦੀ ਪਤਨੀ ਮਾਤਾ ਸਵਿੱਤਰੀ ਬਾਈ ਫੂਲੇ ਨੇ ਹੀ ਦੇਸ਼ ਦੀਆਂ ਅੌਰਤਾਂ ਲਈ ਵਿੱਦਿਆ ਦੇ ਦਰ ਖੋਲ੍ਹੇ ਸਨ।
ਸ੍ਰੀ ਲੱਧੜ ਨੇ ਕਿਹਾ ਕਿ ਡਾ. ਅੰਬੇਦਕਰ ਭਾਰਤ ਹੀ ਨਹੀਂ ਸਗੋਂ ਸੰਸਾਰ ਦੇ ਮਹਾਨ ਵਿਅਕਤੀਆਂ ਵਿੱਚੋਂ ਸਨ, ਜਿਨ੍ਹਾਂ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ। ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਸਿੰਪਲੇ ਤੇ ਜਨਰਲ ਸਕੱਤਰ ਅਨਿਲ ਕੁਮਾਰ ਨੇ ਆਏ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਚੰਡੀਗੜ੍ਹ ਤੇ ਮੁਹਾਲੀ ਦੀਆਂ ਵੱਖ-ਵੱਖ ਅੰਬੇਦਕਰੀ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਸਾਹਿਬ ਦੀ ਉਸਾਰੂ ਸੋਚ ਨਾਲ ਸਬੰਧਤ ਮਿਸ਼ਨਰੀ ਨੁੱਕੜ ਨਾਟਕ ਕੀਤੇ ਗਏ ਅਤੇ ਛੋਟੀਆਂ ਬੱਚੀਆਂ ਨੇ ਉਨ੍ਹਾਂ ਦੇ ਜੀਵਨ ਬਾਰੇ ਕੋਰੀਓਗ੍ਰਾਫ਼ੀ ਕੀਤੀ ਅਤੇ ਗੀਤ ਗਾਏ। ਸਮਾਗਮ ਦੀ ਇਹ ਵੀ ਵਿਸ਼ੇਸ਼ਤਾ ਸੀ ਕਿ ਇਸ ਦਾ ਸਾਰਾ ਸੰਚਾਲਨ ਇਸਤਰੀਆਂ ਵੱਲੋਂ ਹੀ ਕੀਤਾ ਗਿਆ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…