nabaz-e-punjab.com

ਜਨਮ ਦਿਹਾੜੇ ਮੌਕੇ ਵਿਸ਼ੇਸ਼: ਦ੍ਰਾਵਿੜ ਅੰਦੋਲਨ ਦੇ ਪਿਤਾਮਾ ਪੇਰੀਅਰ ਰਾਮਾਸਵਾਮੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਸਤੰਬਰ:
‘ਉੱਤਰ-ਪੂਰਬੀ’ ਸੂਬੇ ਤ੍ਰਿਪੁਰਾ ਵਿੱਚ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ਉੱਥੇ ਕਮਿਊਨਿਸਟ ਲਹਿਰ ਦੇ ਮਹਾਨ ਇਨਕਲਾਬੀ ਆਗੂਆਂ ਦੇ ਬੁੱਤਾਂ ਨੂੰ ਢਾਹ ਦਿੱਤਾ ਗਿਆ। ਫਿਰ ਬੁੱਤਸ਼ਿਕਨੀ ਦਾ ਇਹ ਨਾਂਹ-ਪੱਖੀ ਵਰਤਾਰਾ ਸਾਰੇ ਦੇਸ਼ ਵਿੱਚ ਫੈਲ ਗਿਆ ਅਤੇ ਵੱਖ ਵੱਖ ਥਾਵਾਂ ‘ਤੇ ਕਮਿਊਨਿਸਟ ਆਗੂਆਂ ਸਣੇ ਡਾ. ਭੀਮ ਰਾਓ ਅੰਬੇਦਕਰ, ਮਹਾਤਮਾ ਜੋਤੀਬਾ ਫੂਲੇ, ਉਨ੍ਹਾਂ ਦੀ ਪਤਨੀ ਮਾਤਾ ਸਵਿੱਤਰੀ ਬਾਈ ਫੂਲੇ ਆਦਿ ਦੇ ਬੁੱਤਾਂ ਅਤੇ ਹੋਰ ਨਿਸ਼ਾਨੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਪ੍ਰਤੀਕਰਮ ਵਜੋਂ ਕੁਝ ਥਾਈਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਬੇਹੁਰਮਤੀ ਦਾ ਸ਼ਿਕਾਰ ਹੋਈਆਂ।
ਇਸ ਦੌਰਾਨ ਇੱਕ ਹੋਰ ਮਹਾਨ ਹਸਤੀ ਖ਼ਾਸਕਰ ਤਾਮਿਲ ਨਾਡੂ ਵਿੱਚ ਬੁੱਤਸ਼ਿਕਨਾਂ ਦਾ ਸ਼ਿਕਾਰ ਬਣੀ। ਉਹ ਸਨ ਭਾਰਤ ਵਿੱਚ ਦ੍ਰਾਵਿੜ ਸਵੈਮਾਣ ਅੰਦੋਲਨ ਦੇ ਪਿਤਾਮਾ ਤੇ ਮਹਾਨ ਸਮਾਜ ਸੁਧਾਰਕ ਪੇਰੀਆਰ ਈ.ਵੀ. ਰਾਮਾਸਵਾਮੀ (ਜਾਂ ਰਾਮਾਸਾਮੀ)। ਉਨ੍ਹਾਂ ਦਾ ਪੂਰਾ ਨਾਂ ਇਰੋਡ ਵੈਂਕਟੱਪਾ ਰਾਮਾਸਵਾਮੀ ਨਾਈਕਰ ਸੀ ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰ ਪਿਆਰ ਨਾਲ ਪੇਰੀਆਰ (ਸਤਿਕਾਰਤ) ਜਾਂ ਤੰਦਈ ਪੇਰੀਆਰ (ਸਤਿਕਾਰਤ ਪਿਤਾ) ਆਖਦੇ ਸਨ। ਉਨ੍ਹਾਂ ਦਾ ਜਨਮ 17 ਸਤੰਬਰ 1879 ਨੂੰ ਤਾਮਿਲ ਨਾਡੂ ਦੇ ਸ਼ਹਿਰ ਇਰੋਡ ਵਿੱਚ ਪਿਤਾ ਵੈਂਕਟਾ ਨਾਈਕਰ ਅਤੇ ਮਾਤਾ ਚਿੰਨਾਤਾਈ ਦੇ ਖ਼ੁਸ਼ਹਾਲ ਤੇ ਪਰੰਪਰਾਵਾਦੀ ਹਿੰਦੂ ਪਰਿਵਾਰ ਵਿੱਚ ਹੋਇਆ। ਉਹ ਸਾਰੀ ਜ਼ਿੰਦਗੀ ਹਿੰਦੂ ਸਮਾਜ ਦੇ ਅੰਧ-ਵਿਸ਼ਵਾਸਾਂ ਖ਼ਾਸਕਰ ਇਸ ਦੇ ਜਾਤੀ ਪ੍ਰਬੰਧ ਖ਼ਿਲਾਫ਼ ਅਤੇ ਨੀਵੇਂ ਕਰਾਰ ਦਿੱਤੇ ਗਏ ਗ਼ੈਰ-ਆਰੀਆ ਦ੍ਰਾਵਿੜ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ। ਉਨ੍ਹਾਂ ਰੂਸ ਤੇ ਹੋਰ ਯੂਰਪੀ ਮੁਲਕਾਂ ਦਾ ਦੌਰਾ ਕਰ ਕੇ ਸਾਮਵਾਦ ਦਾ ਅਸਰ ਵੀ ਕਬੂਲਿਆ।
ਉਹ ਮੁੱਢਲੀ ਪੜ੍ਹਾਈ ਵੀ ਪੂਰੀ ਨਹੀਂ ਸਨ ਕਰ ਸਕੇ ਜਦੋਂ ਉਨ੍ਹਾਂ ਨੂੰ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਲੱਗਣਾ ਪਿਆ। ਉਨ੍ਹਾਂ ਦੇ ਘਰ ਹਮੇਸ਼ਾ ਪੂਜਾ-ਪਾਠ ਚੱਲਦਾ ਰਹਿੰਦਾ ਸੀ ਪਰ ਆਪਣੀ ਤਰਕਸ਼ੀਲ ਸੋਚ ਸਦਕਾ ਉਹ ਹਿੰਦੂ ਧਰਮ ਗ੍ਰੰਥਾਂ ਵਿਚਲੀਆਂ ਆਪਾ-ਵਿਰੋਧੀ ਗੱਲਾਂ ਅਤੇ ਉਨ੍ਹਾਂ ਦੀ ਹਕੀਕਤ ਉੱਤੇ ਸਵਾਲ ਖੜ੍ਹੇ ਕਰਨ ਲੱਗੇ। ਉਨ੍ਹਾਂ ਦਾ ਵਿਆਹ 19 ਸਾਲ ਦੀ ਉਮਰ ਵਿੱਚ 13 ਵਰ੍ਹਿਆਂ ਦੀ ਨਾਗਾਮਾਈ ਨਾਲ ਕਰ ਦਿੱਤਾ ਗਿਆ ਜਿਨ੍ਹਾਂ ਦੀ 1933 ਵਿੱਚ ਮੌਤ ਹੋ ਗਈ। ਉਨ੍ਹਾਂ 1948 ਵਿੱਚ ਮਨੀਆਮਾਈ ਨਾਲ ਦੂਜਾ ਵਿਆਹ ਕਰਵਾ ਲਿਆ। ਉਨ੍ਹਾਂ ਦੀ ਦੂਜੀ ਪਤਨੀ ਪੇਰੀਆਰ ਦੇ 1973 ਵਿੱਚ ਚਲਾਣਾ ਕਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਸਮਾਜਿਕ ਕਾਰਜਾਂ ਨੂੰ ਅੱਗੇ ਵਧਾਉਂਦੀ ਰਹੀ।
ਰਾਮਾਸਵਾਮੀ ਦੀ ਸੋਚ ਵਿੱਚ ਇਨਕਲਾਬੀ ਮੋੜ 1904 ਵਿੱਚ ਆਇਆ ਜਦੋਂ ਉਹ ਉੱਤਰ ਪ੍ਰਦੇਸ਼ ਸਥਿਤ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਮੰਨੇ ਜਾਂਦੇ ਸ਼ਹਿਰ ਕਾਸ਼ੀ (ਵਾਰਾਣਸੀ) ਗਏ। ਉਨ੍ਹਾਂ ਆਪਣੇ ਪਿਤਾ ਦੀ ਕਿਸੇ ਨਾਰਾਜ਼ਗੀ ਕਾਰਨ ਘਰ ਛੱਡ ਦਿੱਤਾ ਸੀ। ਕਾਸ਼ੀ ਵਿੱਚ ਉਨ੍ਹਾਂ ਨੂੰ ਜਾਤੀਵਾਦੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਉੱਥੇ ਮੁਫ਼ਤ ਭੋਜ ਵਿੱਚੋਂ ਭੋਜਨ ਖਾਣ ਦੀ ਕੋਸ਼ਿਸ਼ ਕੀਤੀ, ਪਰ ਭੋਜ ਸਿਰਫ਼ ਬ੍ਰਾਹਮਣ ਵਰਗ ਲਈ ਹੋਣ ਕਾਰਨ ਉਨ੍ਹਾਂ ਨੂੰ ਦੁਰਕਾਰ ਦਿੱਤਾ ਗਿਆ। ਬਹੁਤ ਭੁੱਖੇ ਤੇ ਕੋਲ ਪੈਸੇ ਨਾ ਹੋਣ ਕਾਰਨ ਉਨ੍ਹਾਂ ਗਲ਼ ਵਿੱਚ ਜਨੇਊ ਪਾ ਕੇ ਬ੍ਰਾਹਮਣ ਰੂਪ ਵਿੱਚ ਵੀ ਉੱਥੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਮੁੱਛਾਂ ਕਾਰਨ ਪਛਾਣੇ ਗਏ। ਦਰਬਾਨ ਨੇ ਉਨ੍ਹਾਂ ਨੂੰ ਧੱਕੇ ਦੇ ਕੇ ਭਜਾ ਦਿੱਤਾ। ਮਜਬੂਰਨ ਉਨ੍ਹਾਂ ਨੂੰ ਪੱਤਲਾਂ ਦੇ ਢੇਰ ਤੋਂ ਜੂਠਾ ਬਚਿਆ ਭੋਜਨ ਖਾਣਾ ਪਿਆ। ਉਨ੍ਹਾਂ ਦਾ ਦਿਲ ਬਹੁਤ ਦੁਖੀ ਹੋਇਆ ਕਿ ਜਾਤੀ ਵਿਤਕਰੇ ਕਾਰਨ ਉਨ੍ਹਾਂ ਨੂੰ ਉਹ ਖਾਣਾ ਵੀ ਖਾਣ ਦੀ ਇਜਾਜ਼ਤ ਨਹੀਂ ਜਿਹੜਾ ਦੱਖਣ ਦੇ ਹੀ ਗ਼ੈਰਬ੍ਰਾਹਮਣ ਸ਼ਰਧਾਲੂ ਦੇ ਚੜ੍ਹਾਵੇ ਨਾਲ ਬਣਿਆ ਸੀ। ਇਸ ਤਰ੍ਹਾਂ ਧਾਰਮਿਕ ਸ਼ਰਧਾਵੱਸ ਕਾਸ਼ੀ ਪੁੱਜਾ ਆਸਤਿਕ ਰਾਮਾਸਵਾਮੀ, ਉੱਥੋਂ ਨਾਸਤਿਕ ਬਣ ਕੇ ਪਰਤਿਆ।
ਕਾਸ਼ੀ ਤੋਂ ਤਾਮਿਲ ਨਾਡੂ, ਜਿਸ ਨੂੰ ਅੰਗਰੇਜ਼ ਹਕੂਮਤ ਦੌਰਾਨ ਮਦਰਾਸ ਪ੍ਰੈਜ਼ੀਡੈਂਸੀ ਆਖਿਆ ਜਾਂਦਾ ਸੀ, ਪੁੱਜ ਕੇ ਉਨ੍ਹਾਂ ਬ੍ਰਾਹਮਣਵਾਦ ਖ਼ਿਲਾਫ਼ ਝੰਡਾ ਚੁੱਕ ਲਿਆ। ਉਨ੍ਹਾਂ ਹਿੰਦੂ ਧਰਮ ਦੀਆਂ ਬੁਰਾਈਆਂ ਜਾਤਪਾਤ, ਛੂਤਛਾਤ, ਬਾਲ ਵਿਆਹ, ਦੇਵਦਾਸੀ ਪ੍ਰਥਾ ਅਤੇ ਵਿਧਵਾਵਾਂ ਨੂੰ ਮੁੜ ਵਿਆਹ ਦੀ ਇਜਾਜ਼ਤ ਨਾ ਦੇਣ ਦਾ ਵਿਰੋਧ ਆਰੰਭ ਦਿੱਤਾ। ਉਨ੍ਹਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨਾਲ ਮਿਲ ਕੇ ਵੀ ਕੰਮ ਕੀਤਾ। ਉਹ ਦੱਖਣ ਵਿੱਚ ਹਿੰਦੀ ਭਾਸ਼ਾ ਲਾਗੂ ਕੀਤੇ ਜਾਣ ਦੇ ਵੀ ਸਖ਼ਤ ਵਿਰੋਧੀ ਸਨ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਦੱਖਣ ਦੀਆਂ ਦ੍ਰਾਵਿੜ ਭਾਸ਼ਾਵਾਂ ਦੀ ਹੋਂਦ ਖ਼ਤਰੇ ਵਿੱਚ ਪੈ ਜਾਵੇਗੀ। ਉਨ੍ਹਾਂ ਨਾਸਤਿਕਤਾ ਦਾ ਖ਼ੂਬ ਪ੍ਰਚਾਰ ਕੀਤਾ ਅਤੇ ਰੱਬ ਦੀ ਹੋਂਦ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਨੇ ਹਿੰਦੂ ਧਰਮ ਨੂੰ ਗ਼ੈਰ-ਬ੍ਰਾਹਮਣ ਵਰਗਾਂ ਨੂੰ ਗੁਲਾਮ ਬਣਾ ਕੇ ਰੱਖਣ ਦਾ ਇੱਕ ਸਾਧਨ ਕਰਾਰ ਦਿੱਤਾ।
ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਇੱਕ ਪਾਸੇ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਦੀ ਲਹਿਰ ਚੱਲ ਰਹੀ ਸੀ ਤੇ ਦੂਜੇ ਪਾਸੇ ਅੰਗਰੇਜ਼ਾਂ ਵੱਲੋਂ ਸਾਰੇ ਭਾਰਤੀਆਂ ਲਈ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਜਾਣ ਸਦਕਾ ਵਿੱਦਿਆ ਦੇ ਚਾਨਣ ਦੀ ਲੋਅ ਹਜ਼ਾਰਾਂ ਸਾਲਾਂ ਤੋਂ ਜਾਤੀਵਾਦੀ ਗ਼ੁਲਾਮੀ ਕਾਰਨ ਗ਼ਰੀਬੀ ਤੇ ਅਨਪੜ੍ਹਤਾ ਦਾ ਹਨੇਰਾ ਢੋਅ ਰਹੇ ਅਛੂਤ ਤੇ ਪਛੜੇ ਲੋਕਾਂ ਤਕ ਪੁੱਜਣੀ ਸ਼ੁਰੂ ਹੋ ਗਈ ਸੀ। ਇਸ ਸਦਕਾ ਦੇਸ਼ ਵਿੱਚ ਬ੍ਰਾਹਮਣਵਾਦੀ ਢਾਂਚੇ ਤੋਂ ਆਜ਼ਾਦੀ ਹਾਸਲ ਕਰਨ ਦੀ ਲਹਿਰ ਨੇ ਅੰਗੜਾਈ ਭਰਨੀ ਸ਼ੁਰੂ ਕਰ ਦਿੱਤੀ ਸੀ। ਮਹਾਰਾਸ਼ਟਰ ਵਿੱਚ ਮਹਾਤਮਾ ਜੋਤੀਬਾ ਫੂਲੇ ਤੇ ਮਾਤਾ ਸਵਿੱਤਰੀ ਬਾਈ ਫੂਲੇ ਵੱਲੋਂ ਜਗਾਏ ਵਿੱਦਿਆ ਦੇ ਦੀਵੇ ਨੂੰ ਮਸ਼ਾਲ ਬਣਾ ਕੇ ਡਾ. ਅੰਬੇਦਕਰ ਨੇ ਸਾਰੇ ਦੇਸ਼ ਦੇ ਦਲਿਤ ਵਿਹੜਿਆਂ ਨੂੰ ਰੁਸ਼ਨਾਉਣ ਦਾ ਰਾਹ ਫੜਿਆ ਹੋਇਆ ਸੀ। ਉੱਤਰੀ ਭਾਰਤ, ਖ਼ਾਸਕਰ ਪੰਜਾਬ ਵਿੱਚ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਆਦਿ ਧਰਮ ਲਹਿਰ ਇਸ ਮੁਹਿੰਮ ਨੂੰ ਹੁਲਾਰਾ ਦੇ ਰਹੀ ਸੀ। ਗਦਰ ਪਾਰਟੀ ਦੇ ਬਾਨੀਆਂ ਵਿੱਚ ਸ਼ਾਮਲ ਰਹੇ ਬਾਬੂ ਮੰਗੂ ਰਾਮ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗਦਰ ਪਾਰਟੀ ਦੀ ਮੁਹਿੰਮ ਤਹਿਤ ਅਮਰੀਕਾ ਤੋਂ ਭਾਰਤ ਰਵਾਨਾ ਹੋਏ ਸਨ ਪਰ ਇਸ ਮਿਸ਼ਨ ਨੂੰ ਅੰਗਰੇਜ਼ਾਂ ਵੱਲੋਂ ਨਾਕਾਮ ਕਰ ਦਿੱਤਾ ਗਿਆ।
ਬਾਬੂ ਜੀ ਬੜੀ ਮੁਸ਼ਕਿਲ ਨਾਲ ਸ੍ਰੀਲੰਕਾ ਹੁੰਦੇ ਹੋਏ 1925 ਵਿੱਚ ਭਾਰਤ ਪੁੱਜੇ। ਇਸ ਦੌਰਾਨ ਦੇਸ਼ ਦੇ ਧੁਰ ਦੱਖਣ ਤੋਂ ਉੱਤਰ ਵਿੱਚ ਪੰਜਾਬ ਵੱਲ ਆਉਂਦਿਆਂ ਉਨ੍ਹਾਂ ਨੂੰ ਦਲਿਤਾਂ-ਅਛੂਤਾਂ ਦੀ ਬਹੁਤ ਮੰਦੜੀ ਹਾਲਤ ਦੇਖਣ ਦਾ ਮੌਕਾ ਮਿਲਿਆ ਜੋ ਪੰਜਾਬ ਵਿੱਚ ਵੀ ਬਿਹਤਰ ਨਹੀਂ ਸੀ। ਇਸ ਨੂੰ ਦੇਖਦਿਆਂ ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ 1926 ਵਿੱਚ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਅਤੇ ਬ੍ਰਾਹਮਣਵਾਦੀ ਜ਼ੁਲਮਾਂ ਖ਼ਿਲਾਫ਼ ਝੰਡਾ ਬੁਲੰਦ ਕੀਤਾ। ਅਜਿਹੀ ਹੀ ਮੁਹਿੰਮ ਦੱਖਣ ਵਿੱਚ ਪੇਰੀਆਰ ਰਾਮਾਸਵਾਮੀ ਚਲਾ ਰਹੇ ਸਨ।
ਪੇਰੀਆਰ ਰਾਮਾਸਵਾਮੀ 1919 ਵਿੱਚ ਸੀ. ਰਾਜਗੋਪਾਲਾਚਾਰੀ (ਬਾਅਦ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ) ਦੀ ਪ੍ਰੇਰਨਾ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਰੋਡ ਨਗਰ ਪਾਲਿਕਾ ਦੇ ਪ੍ਰਧਾਨ ਚੁਣੇ ਜਾਣ ‘ਤੇ ਉਨ੍ਹਾਂ ਸਮਾਜ ਸੁਧਾਰ ਦੇ ਅਨੇਕਾਂ ਕੰਮ ਕੀਤੇ। ਉਨ੍ਹਾਂ ਗ਼ੈਰ-ਬ੍ਰਾਹਮਣ ਦ੍ਰਾਵਿੜਾਂ ਦੇ ਸਵੈਮਾਣ ਸਬੰਧੀ ਅੰਦੋਲਨ ਦੀ ਵਾਗਡੋਰ ਸੰਭਾਲੀ ਤਾਂ ਕਿ ਅੰਗਰੇਜ਼ ਸਰਕਾਰ ਉੱਤੇ ਪੱਛੜੇ ਤੇ ਦਲਿਤ ਲੋਕਾਂ ਦੀ ਹਾਲਤ ਸੁਧਾਰਨ ਲਈ ਦਬਾਅ ਪਾਇਆ ਜਾ ਸਕੇ। ਉਹ ਮਦਰਾਸ ਪ੍ਰੈਜ਼ੀਡੈਂਸੀ (ਜਿਸ ਵਿੱਚ ਉਦੋਂ ਤਾਮਿਲ ਨਾਡੂ, ਮੌਜੂਦਾ ਆਂਧਰਾ ਪ੍ਰਦੇਸ਼ ਤੇ ਲਕਸ਼ਦੀਪ ਤੋਂ ਇਲਾਵਾ ਕਰਨਾਟਕ, ਕੇਰਲ ਅਤੇ ਉੜੀਸਾ ਦੇ ਇਲਾਕੇ ਵੀ ਸ਼ਾਮਲ ਸਨ) ਦੀ ਕਾਂਗਰਸ ਕਮੇਟੀ ਦਾ ਪ੍ਰਧਾਨ ਚੁਣੇ ਗਏ। ਇਸ ਹੈਸੀਅਤ ਵਿੱਚ ਉਨ੍ਹਾਂ ਕੇਰਲ ਦੇ ਟ੍ਰਾਵਨਕੋਰ ਵਿੱਚ ਵਾਇਕੌਮ ਸੱਤਿਆਗ੍ਰਹਿ ਦੀ ਅਗਵਾਈ ਕੀਤੀ। ਇਹ ਅੰਦੋਲਨ ਵਾਇਕੌਮ ਕਸਬੇ ਵਿੱਚ ਅਛੂਤਾਂ ਨੂੰ ਮੰਦਰ ਵੱਲ ਜਾਂਦੇ ਰਸਤਿਆਂ ਤੋਂ ਲੰਘਣ ਦਾ ਹੱਕ ਦਿਵਾਉਣ ਲਈ ਸੀ।
ਮਦਰਾਸ ਪ੍ਰੈਜ਼ੀਡੈਂਸੀ ਕਾਂਗਰਸ ਦੇ ਪ੍ਰਧਾਨ ਵਜੋਂ ਉਨ੍ਹਾਂ ਡਾ. ਅੰਬੇਦਕਰ ਦੀ ਸੇਧ ਨਾਲ ਦ੍ਰਾਵਿੜ ਪਛੜੇ ਤੇ ਦਲਿਤ ਲੋਕਾਂ ਲਈ ਰਾਖਵੇਂਕਰਨ ਦਾ ਸੁਝਾਅ ਦਿੱਤਾ ਪਰ ਇਸ ਨੂੰ ਕਾਂਗਰਸ ਨੇ ਨਾਮਨਜ਼ੂਰ ਕਰ ਦਿੱਤਾ। ਉਨ੍ਹਾਂ ਦਾ ਬ੍ਰਾਹਮਣਵਾਦੀ ਦਬਦਬੇ ਕਾਰਨ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਜਿਸ ਨੂੰ 1925 ਵਿੱਚ ਛੱਡ ਕੇ ਉਹ ਗ਼ੈਰ-ਬ੍ਰਾਹਮਣ ਆਗੂਆਂ ਵੱਲੋਂ ਬਣਾਈ ਜਸਟਿਸ ਪਾਰਟੀ ਵਿੱਚ ਸ਼ਾਮਲ ਹੋ ਗਏ। ਸ੍ਰੀ ਰਾਜਗੋਪਾਲਾਚਾਰੀ ਨੇ 1937 ਵਿੱਚ ਮਦਰਾਸ ਪ੍ਰੈਜ਼ੀਡੈਂਸੀ ਦੇ ਮੁੱਖ ਮੰਤਰੀ ਬਣਨ ਪਿੱਛੋਂ ਹਿੰਦੀ ਨੂੰ ਲਾਜ਼ਮੀ ਭਾਸ਼ਾ ਵਜੋਂ ਲਾਗੂ ਕੀਤਾ ਤਾਂ ਰਾਮਾਸਵਾਮੀ ਨੇ ਇਸ ਖ਼ਿਲਾਫ਼ ਜ਼ੋਰਦਾਰ ਸਮਾਜਿਕ ਅੰਦੋਲਨ ਖੜ੍ਹਾ ਕਰ ਦਿੱਤਾ। ਉਨ੍ਹਾਂ ‘ਤਾਮਿਲਨਾਡੂ ਸਿਰਫ਼ ਤਾਮਿਲਾਂ ਲਈ’ ਦਾ ਨਾਅਰਾ ਵੀ ਦਿੱਤਾ।
ਉਨ੍ਹਾਂ ਦੱਖਣ ਭਾਰਤ ਨੂੰ ਦ੍ਰਾਵਿੜ ਨਾਡੂ ਨਾਂ ਹੇਠ ਵੱਖਰਾ ਮੁਲਕ ਬਣਾਉਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ। ਉਹ ਅਜੋਕੇ ਤਾਮਿਲ ਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਆਧਾਰਿਤ ਆਜ਼ਾਦ ਮੁਲਕ ਚਾਹੁੰਦੇ ਸਨ। ਦ੍ਰਾਵਿੜ ਨਾਡੂ ਲਈ ਅੰਦੋਲਨ 1940ਵਿਆਂ ਤੋਂ 60ਵਿਆਂ ਤਕ ਸਿਖਰਾਂ ‘ਤੇ ਰਿਹਾ। ਬਾਅਦ ਵਿੱਚ ਇਸ ਮੰਗ ਨੂੰ ਵੱਖਰੇ ਮੁਲਕ ਤਾਮਿਲ ਨਾਡੂ ਤਕ ਸੀਮਤ ਕਰ ਦਿੱਤਾ ਗਿਆ। ਉਹ 1939 ਵਿੱਚ ਜਸਟਿਸ ਪਾਰਟੀ ਦੇ ਪ੍ਰਧਾਨ ਚੁਣੇ ਗਏ ਜਿਸ ਦਾ ਨਾਂ 1944 ਵਿੱਚ ਬਦਲ ਕੇ ਦ੍ਰਾਵਿੜ ਕੜਗਮ (ਦ੍ਰਾਵਿੜ ਐਸੋਸੀਏਸ਼ਨ) ਰੱਖਿਆ ਗਿਆ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਚੋਣਾਂ ਨਹੀਂ ਲੜੇਗੀ ਅਤੇ ਸਮਾਜਿਕ ਅੰਦੋਲਨ ਹੀ ਚਲਾਵੇਗੀ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਸੀ.ਐੱਨ. ਅੰਨਾਦੁਰਈ ਨੇ 1949 ਵਿੱਚ ਵੱਖਰੀ ਪਾਰਟੀ ਦ੍ਰਾਵਿੜ ਮੁਨੇਤਰਾ ਕੜਗਮ (ਡੀਐੱਮਕੇ) ਭਾਵ ਦ੍ਰਾਵਿੜ ਪ੍ਰਗਤੀਸ਼ੀਲ ਐਸੋਸੀਏਸ਼ਨ ਬਣਾ ਲਈ। ਦ੍ਰਾਵਿੜ ਕੜਗਮ ਵੱਲੋਂ ਸਿਆਸੀ ਰਾਹ ਛੱਡਣਾ ਅਤੇ ਬਜ਼ੁਰਗ ਪੇਰੀਆਰ ਵੱਲੋਂ ਆਪਣੇ ਤੋਂ ਬਹੁਤ ਛੋਟੀ ਮਨੀਆਮਾਈ ਨਾਲ ਵਿਆਹ, ਪਾਰਟੀ ਵਿੱਚ ਫੁੱਟ ਦੇ ਮੁੱਖ ਕਾਰਨ ਬਣੇ। ਡੀਐੱਮਕੇ ਵੀ ਲੰਬਾ ਸਮਾਂ ਵੱਖਰੇ ਮੁਲਕ ਦੀ ਮੰਗ ‘ਤੇ ਡਟੀ ਰਹੀ ਪਰ 1963 ਵਿੱਚ ਜਵਾਹਰ ਲਾਲ ਨਹਿਰੂ ਦੀ ਕੇਂਦਰ ਸਰਕਾਰ ਵੱਲੋਂ ਵੱਖਵਾਦ ਨੂੰ ਜੁਰਮ ਕਰਾਰ ਦੇ ਦਿੱਤੇ ਜਾਣ ਪਿੱਛੋਂ ਇਹ ਮੰਗ ਛੱਡ ਦਿੱਤੀ ਗਈ। ਡੀਐੱਮਕੇ ਤੋਂ ਵੱਖ ਹੋ ਕੇ 1972 ਵਿੱਚ ਨਾਮੀ ਫਲਿਮ ਅਦਾਕਾਰ ਐੱਮ.ਜੀ. ਰਾਮਾਚੰਦਰਨ ਨੇ ਆਲ ਇੰਡੀਆ ਅੰਨਾ ਡੀਐੱਮਕੇ ਬਣਾ ਲਈ।
ਪੇਰੀਆਰ ਰਾਮਾਸਵਾਮੀ ਨੇ ਆਪਣੀ ਇਨਕਲਾਬੀ ਸੋਚ ਅਤੇ ਕੰਮਾਂ ਰਾਹੀਂ ਦੱਖਣੀ ਭਾਰਤ ਨੂੰ ਨਵੀਂ ਦਿਸ਼ਾ ਤੇ ਸੇਧ ਦਿੱਤੀ। ਇਹ ਉਨ੍ਹਾਂ ਘਾਲਣਾ ਦਾ ਹੀ ਸਿੱਟਾ ਹੈ ਕਿ ਅੱਜ ਵੀ ਤਾਮਿਲ ਨਾਡੂ ਵਿੱਚ ਉਨ੍ਹਾਂ ਦੀ ਪਾਰਟੀ ‘ਚੋਂ ਨਿਕਲੀਆਂ ਡੀਐੱਮਕੇ ਤੇ ਅੰਨਾ ਡੀਐੱਮਕੇ ਹੀ ਬਦਲ-ਬਦਲ ਕੇ ਸੱਤਾ ਸੰਭਾਲ ਰਹੀਆਂ ਹਨ ਜੋ ਉਨ੍ਹਾਂ ਦੀ ਸੋਚ ਤੇ ਆਦਰਸ਼ਾਂ ਉੱਤੇ ਚੱਲਣ ਦੇ ਦਾਅਵੇ ਕਰਦੀਆਂ ਹਨ। ਸੂਬੇ ਵਿੱਚ 1967 ਤੋਂ ਬਾਅਦ ਕਾਂਗਰਸ ਦੇ ਦੁਬਾਰਾ ਪੈਰ ਹੀ ਨਹੀਂ ਲੱਗ ਸਕੇ ਅਤੇ ਹੁਣ ਭਾਜਪਾ ਨੂੰ ਵੀ ਉੱਥੇ ਪੈਰ ਟਿਕਾਉਣ ਵਿੱਚ ਮੁਸ਼ਕਲ ਆ ਰਹੀ ਹੈ। ਇਹ ਵੀ ਸੱਚ ਹੈ ਕਿ ਉਨ੍ਹਾਂ ਦੇ ਇਨਕਲਾਬੀ ਵਿਚਾਰਾਂ ਕਾਰਨ ਹੀ ਕੁਝ ਲੋਕ ਉਨ੍ਹਾਂ ਨੂੰ ਨਾਪਸੰਦ ਵੀ ਕਰਦੇ ਹਨ ਜੋ ਅਕਸਰ ਸੂਬੇ ਵਿੱਚ ਥਾਂ-ਥਾਂ ਸਥਾਪਿਤ ਉਨ੍ਹਾਂ ਦੀਆਂ ਮੂਰਤੀਆਂ ਤੇ ਹੋਰ ਯਾਦਗਾਰਾਂ ਨੂੰ ਨੁਕਸਾਨ ਪਹੁੰਚਾ ਕੇ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। (ਧੰਨਵਾਦ ਸਾਹਿਤ: ਬਲਵਿੰਦਰ ਸਿੰਘ ਸਿਪਰੇ, ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…