32 ਦਿਨਾਂ ਤੋਂ ਲਾਪਤਾ ਪੁੱਤ ਨੂੰ ਲੱਭਣ ਲਈ ਪਿਤਾ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

ਪਿਤਾ ਵੱਲੋਂ ਦੱਸੇ ਜਾ ਰਹੇ ਸ਼ੱਕੀ ਨੌਜਵਾਨਾਂ ਤੋਂ ਪੁੱਛਗਿੱਛ ਨਹੀਂ ਕਰ ਰਹੀ ਬਲੌਂਗੀ ਪੁਲੀਸ

ਲਾਪਤਾ ਹੋਣ ਤੋਂ 15 ਦਿਨ ਪਹਿਲਾਂ ਕੁਝ ਨੌਜਵਾਨਾਂ ਨਾਲ ਹੋਇਆ ਸੀ ਝਗੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਇੱਥੋਂ ਦੇ ਕਸਬਾਨੁਮਾ ਪਿੰਡ ਬਲੌਂਗੀ ਦੇ ਆਜ਼ਾਦ ਨਗਰ ਦਾ ਵਸਨੀਕ ਸ਼ਿਵਾਸ਼ੂ (18) ਪਿਛਲੇ 32 ਦਿਨਾਂ ਤੋਂ ਭੇਤਭਰੀ ਹਾਲਤ ਲਾਪਤਾ ਵਿੱਚ ਹੈ। ਹਾਲਾਂਕਿ ਇਸ ਸਬੰਧੀ ਬਲੌਂਗੀ ਪੁਲੀਸ ਨੇ ਡੀਡੀਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕੁੱਝ ਸ਼ੱਕੀ ਵਿਅਕਤੀਆਂ ਦੇ ਨਾਮ ਪੁਲੀਸ ਨੂੰ ਦੱਸੇ ਸੀ ਲੇਕਿਨ ਪੁਲੀਸ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਤੋਂ ਟਾਲਾ ਵੱਟ ਰਹੀ ਹੈ। ਜਿਸ ਕਾਰਨ ਆਪਣੇ ਪੁੱਤ ਨੂੰ ਲੱਭਣ ਲਈ ਪਿਤਾ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।
ਦਿਹਾੜੀਦਾਰ ਛੋਟੇ ਲਾਲ ਨੇ ਅੱਜ ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸਦਾ ਬੇਟਾ ਸ਼ਿਵਾਂਸ਼ੂ ਬੀਤੀ 23 ਮਈ ਦੀ ਰਾਤ ਤੋਂ ਲਾਪਤਾ ਹੈ। ਉਸ ਰਾਤ ਉਹ ਖਾਣਾ ਖਾ ਕੇ ਘਰ ਤੋਂ ਬਾਹਰ ਸੈਰ ਕਰਨ ਗਿਆ ਸੀ ਪ੍ਰੰਤੂ ਹੁਣ ਤੱਕ ਮੁੜ ਵਾਪਸ ਨਹੀਂ ਪਰਤਿਆ। ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤ ਲਾਪਤਾ ਹੋਣ ਤੋਂ 15 ਕੁ ਦਿਨਾਂ ਪਹਿਲਾਂ ਬਲੌਂਗੀ ਦੇ ਹੀ ਰਹਿਣ ਵਾਲੇ ਕੁੱਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਜਿਨ੍ਹਾਂ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਸੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਝਗੜਾ ਕਰਨ ਵਾਲੇ ਨੌਜਵਾਨਾਂ ਨੇ ਕਿਤੇ ਉਸਦੇ ਪੁੱਤ ਦਾ ਕਤਲ ਕਰਕੇ ਲਾਸ਼ ਖੁਰਦ ਬੁਰਦ ਨਾ ਕਰ ਦਿੱਤਾ ਹੋਵੇ। ਛੋਟੇ ਲਾਲ ਨੇ ਦੱਸਿਆ ਕਿ ਸਾਲ ਪਹਿਲਾਂ ਵੀ ਉਕਤ ਨੌਜਵਾਨਾਂ ਨਾਲ ਸ਼ਿਵਾਂਸ਼ੂ ਦਾ ਝਗੜਾ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਉਸ ਦੇ ਪੁੱਤ ਨੂੰ ਲੱਭਣ ਲਈ ਦਿਲਚਸਪੀ ਨਹੀਂ ਦਿਖਾ ਰਹੀ ਹੈ।
ਉਧਰ, ਬਲੌਂਗੀ ਥਾਣਾ ਦੇ ਐਸਐਚਓ ਰਾਜਪਾਲ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਗੁੰਮਸ਼ੁਦਗੀ ਬਾਰੇ ਡੀਡੀਆਰ ਦਰਜ ਕਰ ਲਈ ਗਈ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਿਵਾਸ਼ੂ ਦਿਮਾਗੀ ਮਰੀਜ਼ ਹੈ, ਜਿਸਦਾ ਇਲਾਜ ਚਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਇੱਕ ਵਾਰ ਪਹਿਲਾਂ ਵੀ ਕਾਨਪੁਰ ਤੋਂ ਆਪਣੀ ਨਾਨੀ ਦੇ ਘਰ ਤੋਂ ਭੱਜ ਗਿਆ ਸੀ। ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਨੌਜਵਾਨ ਨੂੰ ਲੱਭਣ ਦੀ ਪੁਰੀ ਕੋਸ਼ਿਸ਼ ਕਰ ਜਾ ਰਹੀ ਹੈ ਅਤੇ ਜਿੰਨੀ ਛੇਤੀ ਸੰਭਵ ਹੋਇਆ ਉਸ ਨੂੰ ਲੱਭ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…