ਫਾਜ਼ਿਲਕਾ ਜੇਲ੍ਹ ਘਟਨਾ ਨੇ ਪੰਜਾਬ ਵਿੱਚ ਬਾਦਲਾਂ ਤੇ ਅਪਰਾਧੀਆਂ ਨਾਲ ਮਿਲੀਭੁਗਤ ਨੂੰ ਉਜਾਗਰ ਕੀਤਾ: ਕੈਪਟਨ ਅਮਰਿੰਦਰ

ਕਾਂਗਰਸ ਆਗੂ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਸੌਂਪਿਆ ਸ਼ਿਕਾਇਤ ਪੱਤਰ, ਬਾਦਲ ਸਰਕਾਰ ’ਤੇ ਘਟਨਾ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਜਨਵਰੀ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਾਜ਼ਿਲਕਾ ਜੇਲ੍ਹ ਦੀ ਘਟਨਾ ਨੇ ਸੂਬੇ ਅੰਦਰ ਬਾਦਲਾਂ ਤੇ ਅਪਰਾਧੀਆਂ ਨਾਲ ਕਥਿਤ ਮਿਲੀਭੁਗਤ ਦੇ ਮਾਮਲੇ ਨੂੰ ਉਜਾਗਰ ਕਰ ਦਿੱਤਾ ਹੈ। ਜਿਹੜਾ ਪੂਰੀ ਤਰ੍ਹਾਂ ਨਾਲ ਅਰਾਜਕਤਾ ਨਾਲ ਘਿਰਿਆ ਹੋਇਆ ਹੈ ਅਤੇ ਇਹੀ ਨਹੀਂ ਖ਼ੁਦ ਡੀਜੀਪੀ ਵੀ ਮੰਨ ਚੁੱਕੇ ਹਨ ਕਿ ਪੰਜਾਬ ਵਿੱਚ 52 ਹਥਿਆਰਬੰਦ ਗਰੋਹ ਅਜ਼ਾਦ ਘੁੰਮ ਰਹੇ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਨਾਭਾ ਜੇਲ ਬਰੇਕ ਮਾਮਲੇ ਅਤੇ ਫਾਜ਼ਿਲਕਾ ਸਬ ਜੇਲ੍ਹ ਦੀ ਘਟਨਾ ਵਿੱਚ ਬਾਦਲਾਂ ਦਾ ਪਰਦਾਫਾਸ ਕਰਨਗੇ ਅਤੇ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।
ਉਧਰ, ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਅਤੇ ਸੁਨੀਲ ਜਾਖੜ ਵੱਲੋਂ ਉਕਤ ਮੁੱਦੇ ’ਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੀ.ਕੇ ਸਿੰਘ ਨੂੰ ਇਕ ਮੰਗ ਪੱਤਰ ਸੌਂਪਣ ਗਏ ਜਾਖੜ ਨੇ ਕਿਹਾ ਕਿ ਬਾਦਲ ਸਰਕਾਰ ਹਾਲੇ ਵੀ ਘਟਨਾ ਦੀ ਜਾਂਚ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਕੇਸ ਨੂੰ ਕਮਜ਼ੋਰ ਕਰ ਰਹੀ ਹੈ। ਇਸ ਲੜੀ ਹੇਠ ਪੁਲੀਸ ਤੱਥਾਂ ਨੂੰ ਨਸ਼ਟ ਕਰਕੇ ਗੈਂਗਸਟਰ ਘਟਨਾਵਾਂ ਲਈ ਜ਼ਿੰੇਮਵਾਰੀ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਾਂਗਰਸ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਇਸ ਗੱਲ ਨੂੰ ਪੁਖਤਾ ਕਰਨ ਲਈ ਇਕ ਟੀਮ ਭੇਜਣ ਲਈ ਕਿਹਾ ਕਿ ਸੁਪਰਡੈਂਟ ਦਫ਼ਤਰ ਵਿੱਚ ਕਿੰਨੇ ਲੋਕ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਸੁਪਰਡੈਂਟ ਦਫਤਰ ਵਿੱਚ ਛੇ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ, ਜਦਕਿ ਮੀਟਿੰਗ ਕਰਦੇ ਫੜੇ ਗਏ ਲੋਕਾਂ ਦੀ ਗਿਣਤੀ ਦੋ ਦਰਜਨ ਤੋਂ ਵੀ ਵੱਧ ਹੈ। ਜਾਖੜ ਨੇ ਮਾਮਲੇ ਵਿੱਚ ਵੱਖ ਵੱਖ ਧਾਰਾਵਾਂ ਜੋੜੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਜੇਲ੍ਹ ਨਹੀਂ, ਸਗੋਂ ਸੁਖਬੀਰ ਸਿੰਘ ਬਾਦਲ ਦੇ ਸੁਖਵਿਲਾਸ ਦੀ ਇਕ ਬ੍ਰਾਂਚ ਹੈ, ਜਿਥੇ ਪ੍ਰਵੇਸ਼ ਦੀ ਫੀਸ 3.25 ਲੱਖ ਰੁਪਏ (ਜਿਹੜੀ ਰਕਮ ਜੇਲ੍ਹ ਤੋਂ ਜ਼ਬਤ ਕੀਤੀ ਗਈ ਹੈ) ਹੈ, ਜਦਕਿ ਸੁਖਵਿਲਾਸ ’ਚ ਇਕ ਰਾਤ ਲਈ 5 ਲੱਖ ਰੁਪਏ ਦਾ ਖਰਚਾ ਆਉਂਦਾ ਹੈ।
ਸ਼ਿਕਾਇਤ ਪੱਤਰ ਵਿੱਚ ਕਾਂਗਰਸ ਨੇ ਫਾਜ਼ਿਲਕਾ ਸਬ ਜੇਲ੍ਹ ਦੀ ਘਟਨਾ ਦੀ ਜਾਂਚ ਇਕ ਕੇਂਦਰੀ ਏਜੰਸੀ ਹਵਾਲੇ ਕੀਤੇ ਜਾਣ ਦੀ ਮੰਗ ਕਰਨ ਤੋਂ ਇਲਾਵਾ, ਇਸਦੇ ਮੱਦੇਨਜ਼ਰ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਤੇ ਰਾਸ਼ਟਰਪਤੀ ਸ਼ਾਸਨ ਹੇਠ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਚੋਣ ਪ੍ਰੀਕ੍ਰਿਆ ’ਚ ਕਿਸੇ ਵੀ ਤਰ੍ਹਾਂ ਦੀ ਦਖਲ ਤੇ ਰੁਕਾਵਟ ਤੋਂ ਬੱਚਿਆ ਜਾ ਸਕੇ। ਇਸ ਦੌਰਾਨ ਜਾਖੜ ਨੇ ਸਿੰਘ ਵੱਲੋਂ ਅਕਾਲੀ ਸ਼ੈਅ ਪ੍ਰਾਪਤ ਗੁੰਡਿਆਂ ਨੂੰ ਸਫਲਤਾਪੂਰਵਕ ਲਗਾਮ ਲਗਾਏ ਜਾਣ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਬਾਦਲ ਸਰਕਾਰ ਬੀਤੇ ਦੱਸ ਸਾਲਾਂ ਦੌਰਾਨ ਸੂਬੇ ’ਚ ਫੈਲ੍ਹੀ ਗੁੰਡਾਗਰਦੀ ’ਤੇ ਰੋਕ ਲਗਾਉਣ ’ਚ ਨਾਕਾਮ ਰਹੀ ਸੀ। ਸ੍ਰੀ ਜਾਖੜ ਨੇ ਕਿਹਾ ਕਿ ਇਸ ਘਟਨਾ ਨੇ ਸ੍ਰੋਅਦ ਦੇ ਪੰਜਾਬ ’ਚ ਅਪਰਾਧੀਆਂ ਤੇ ਗਿਰੋਹਾਂ ਨਾਲ ਨਾਪਾਕ ਸਬੰਧਾਂ ਦਾ ਖੁਲਾਸਾ ਕਰ ਦਿੱਤਾ ਹੈ ਤੇ ਇਸ ਨਾਲ ਇਕ ਵਾਰ ਫਿਰ ਤੋਂ ਸਾਫ ਹੋ ਗਿਆ ਹੈ ਕਿ ਬਾਦਲ ਅਗਵਾਈ ਵਾਲੀ ਸ੍ਰੋਅਦ ਦੇ ਸ਼ਾਸਨ ਹੇਠ ਸੂਬੇ ਅੰਦਰ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਇਆ ਜਾਣਾ ਮੁਮਕਿਨ ਨਹੀਂ ਹੈ। ਜੇਲ੍ਹ ਵਿੱਚ ਲੋਕਾਂ ਦੇ ਪ੍ਰਵੇਸ਼ ਉਪਰ ਸਵਾਲ ਕਰਦਿਆਂ, ਜਾਖੜ ਨੇ ਕਿਹਾ ਕਿ ਇਹ ਲੋਕ ਜਾਂ ਤਾਂ ਜਬਰਦਸਤੀ ਅੰਦਰ ਵੜੇ ਹੋਣਗੇ, ਜੋ ਅਪਰਾਧਿਕ ਪ੍ਰਵੇਸ਼ ਜਾਂ ਜੇਲ੍ਹ ਤੋੜਨ ਸਮਾਨ ਹੈ, ਜਾਂ ਫਿਰ ਉਨ੍ਹਾਂ ਨੇ ਰਿਸ਼ਵਤ ਦਾ ਰਸਤਾ ਚੁਣਿਆ ਅਤੇ ਅਜਿਹੇ ਮਾਮਲੇ ’ਚ ਅਪਰਾਧੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਨੂੰ ਜੋੜਿਆ ਜਾਣਾ ਬਣਦਾ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਪ੍ਰਵੇਸ਼ ਉੱਚ ਪੱਧਰ ’ਤੇ ਮਿਲੀਭੁਗਤ ਨੂੰ ਦਰਸਾਉਂਦਾ ਹੈ ਤੇ ਸਵਾਲ ਕੀਤਾ ਕਿ ਕਿਉਂ ਹੱਤਿਆ ਦੇ ਦੋਸ਼ੀ ਤੇ ਸੁਖਬੀਰ ਦੇ ਵਫਾਦਾਰ ਸ਼ਿਵ ਲਾਲ ਡੋਡਾ ਦਾ ਨਾਂਮ ਕੇਸ ’ਚ ਨਹੀਂ ਸ਼ਾਮਿਲ ਕੀਤਾ ਗਿਆ ਤੇ ਜੇਲ੍ਹ ਸੁਪਰੀਟੈਂਡੇਂਟ ਦਾ ਬਿਆਨ ਲੋਕਾਂ ਵਿਚਾਲੇ ਲਿਆਏ ਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਬੰਧਤ ਡੀ.ਸੀ ਤੇ ਡੀ.ਐਸ.ਪੀ ਦੇ ਕਾਲ ਰਿਕਾਰਡ ਲੋਕਾਂ ਸਾਹਮਣੇ ਲਿਆਏ ਜਾਣੇ ਚਾਹੀਦੇ ਹਨ, ਤਾਂ ਜੋ ਪਤਾ ਚੱਲ ਸਕੇ ਕਿ ਛਾਪੇਮਾਰੀ ਸ਼ੁਰੂ ਹੋਣ ਤੋਂ ਬਾਅਦ ਕਿੰਨੀ ਵਾਰ ਸੁਖਬੀਰ ਨੇ ਕਾਲ ਕੀਤੀ ਸੀ ਤੇ ਮਾਮਲੇ ਵਿੱਚ ਦਖ਼ਲ ਦਿੱਤੀ ਸੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…