ਕਰੋਨਾ ਦਾ ਖ਼ੌਫ਼: ਮੁਹਾਲੀ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਸਖ਼ਤ ਪਾਬੰਦੀਆਂ ਲਾਗੂ ਕਰਨ ਦੇ ਹੁਕਮ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਵੱਲੋਂ ਸੀਆਰਪੀਸੀ ਦੀ ਧਾਰਾ 144 ਦੇ ਅਧੀਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਵਾਧੂ ਪਾਬੰਦੀਆਂ ਲਗਾਈਆਂ ਹਨ। ਇਹ ਪਾਬੰਦੀਆਂ ਜ਼ਿਲ੍ਹੇ ਦੀਆਂ ਮਿਊਂਸਪਲ ਹੱਦਾਂ ਅੰਦਰ ਅੱਜ ਤੋਂ 31 ਅਗਸਤ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੀਆਂ। ਇਨ੍ਹਾਂ ਪਾਬੰਦੀਆਂ ਅਨੁਸਾਰ 31 ਅਗਸਤ ਤੱਕ ਜ਼ਿਲ੍ਹੇ ਦੇ ਸਾਰੇ ਮਿਉਂਸਪਲ ਕਸਬਿਆਂ ਅਤੇ ਸ਼ਹਿਰਾਂ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਹਫ਼ਤਾਵਾਰੀ ਕਰਫ਼ਿਊ ਲਾਗੂ ਹੋਵੇਗਾ।
ਰਾਤ ਦੇ ਕਰਫ਼ਿਊ ਬਾਰੇ ਉਨ੍ਹਾਂ ਕਿਹਾ ਕਿ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ’ਤੇ ਪਾਬੰਦੀ ਰਹੇਗੀ। ਹਾਲਾਂਕਿ, ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਵਸਤਾਂ ਦੀ ਆਵਾਜਾਈ, ਇੰਟਰ ਸਟੇਟ ਅਤੇ ਬਾਹਰੀ ਵਿਅਕਤੀਆਂ ਦੇ ਆਉਣ-ਜਾਣ, ਕਾਰਗੋ ਤੋਂ ਮਾਲ ਉਤਾਰਨ, ਅੰਤਰਰਾਜੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉੱਤਰਨ ਤੋਂ ਬਾਅਦ ਵਿਅਕਤੀਆਂ ਨੂੰ ਉਨ੍ਹਾਂ ਦੇ ਸਥਾਨਾਂ ’ਤੇ ਜਾਣ ਦੀ ਆਗਿਆ ਹੋਵੇਗੀ। ਜ਼ਰੂਰੀ ਸੇਵਾਵਾਂ ਵਿੱਚ ਸਿਹਤ, ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਫਿਸਿੰਗ ਦੀਆਂ ਗਤੀਵਿਧੀਆਂ, ਬੈਂਕ, ਏਟੀਐਮਜ਼, ਸਟਾਕ ਮਾਰਕੀਟ, ਬੀਮਾ ਕੰਪਨੀਆਂ, ਆਨਲਾਈਨ ਟੀਚਿੰਗ, ਜਨਤਕ ਸਹੂਲਤਾਂ, ਮਲਟੀਪਲ-ਸ਼ਿਫ਼ਟਾਂ ਵਿੱਚ ਪਬਲਿਕ ਟਰਾਂਸਪੋਰਟ ਉਦਯੋਗ, ਨਿਰਮਾਣ ਉਦਯੋਗ, ਪ੍ਰਾਈਵੇਟ ਦਫ਼ਤਰ ਅਤੇ ਸਰਕਾਰੀ ਦਫ਼ਤਰ, ਮੀਡੀਆ ਦੋਵੇਂ ਵੀਜ਼ੂਅਲ ਅਤੇ ਪ੍ਰਿੰਟ ਸ਼ਾਮਲ ਹਨ।
ਯੂਨੀਵਰਸਿਟੀਆਂ, ਬੋਰਡਾਂ, ਲੋਕ ਸੇਵਾ ਕਮਿਸ਼ਨਾਂ ਅਤੇ ਹੋਰ ਸੰਸਥਾਵਾਂ ਵੱਲੋਂ ਕਰਵਾਏ ਗਏ ਦਾਖ਼ਲਾ/ਦਾਖ਼ਲਾ ਟੈੱਸਟਾਂ, ਹਰ ਕਿਸਮ ਦੀਆਂ ਪ੍ਰੀਖਿਆਵਾਂ ਸਬੰਧੀ ਉਮੀਦਵਾਰਾਂ ਨੂੰ ਆਉਣ-ਜਾਣ ਦੀ ਆਗਿਆ ਹੋਵੇਗੀ। ਪ੍ਰੀਖਿਆਵਾਂ ਦੇ ਮਾਮਲੇ ਵਿੱਚ ਆਈਡੀ ਕਾਰਡਾਂ\ਦਾਖ਼ਲੇ ਕਾਰਡਾਂ ਨੂੰ ਇਨ੍ਹਾਂ ਜ਼ਰੂਰੀ ਉਦੇਸ਼ਾਂ ਲਈ ਯਾਤਰਾ ਲਈ ਲੋੜੀਂਦਾ ਪ੍ਰਮਾਣ ਮੰਨਿਆ ਜਾਵੇਗਾ। ਦੁਕਾਨਾਂ/ਮਾਲ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:30 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ ਪ੍ਰੰਤੂ ਸਨਿਚਰਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੀਆਂ। ਉਂਜ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਅਤੇ ਧਾਰਮਿਕ ਸਥਾਨ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੁੱਲ੍ਹੇ ਰਹਿਣਗੇ। ਇੰਜ ਹੀ ਖੇਡ ਕੰਪਲੈਕਸ, ਸਟੇਡੀਅਮ ਅਤੇ ਪਬਲਿਕ ਕੰਪਲੈਕਸ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੱੁਲੇ੍ਹ ਰਹਿਣਗੇ। ਰੈਸਟੋਰੈਂਟ (ਮਾਲ ਵਿਚਲੇ ਰੈਸਟੋਰੈਂਟ/ਹੋਟਲ ਵੀ ਸ਼ਾਮਲ ਹਨ) ਸ਼ਾਮ 6:30 ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਸਨਿਚਰਵਾਰ ਅਤੇ ਐਤਵਾਰ ਨੂੰ ਸ਼ਾਮ 6:30 ਵਜੇ ਤੱਕ ਸਿਰਫ਼ ਹੋਮ ਡਿਲਿਵਰੀ ਦੀ ਹੀ ਆਗਿਆ ਹੋਵੇਗੀ। ਸ਼ਰਾਬ ਦੇ ਠੇਕੇ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੱੁਲੇ੍ਹ ਰਹਿਣਗੇ।
ਮੁਹਾਲੀ ਸ਼ਹਿਰ ਵਿੱਚ 50 ਫੀਸਦੀ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ। ਕਿਸੇ ਵੀ ਦਿਨ ਗੈਰ-ਜ਼ਰੂਰੀ ਵਸਤਾਂ ਵਾਲੀਆਂ 50 ਫੀਸਦੀ ਤੋਂ ਵੱਧ ਦੁਕਾਨਾਂ ਸ਼ਹਿਰਾਂ ਵਿੱਚ ਖੱੁਲ੍ਹੀਆਂ ਨਹੀਂ ਰਹਿਣਗੀਆਂ। ਇਹ ਦੁਕਾਨਾਂ ਪੜਾਅਵਾਰ (ਈਵਨ/ਅੌਡ) ਨਾਲ ਖੱੁਲ੍ਹਣਗੀਆਂ। ਹਾਲਾਂਕਿ, ਜ਼ਰੂਰੀ ਵਸਤਾਂ ਜਿਵੇਂ ਕਿ ਭੋਜਨ, ਦਵਾਈਆਂ, ਦੁੱਧ ਅਤੇ ਦੁੱਧ ਦੇ ਉਤਪਾਦਾਂ, ਪੋਲਟਰੀ ਆਦਿ ਨਿਰਧਾਰਿਤ ਸਮੇਂ ਅਨੁਸਾਰ ਰੋਜ਼ਾਨਾ ਖੱੁਲ੍ਹੀਆਂ ਰਹਿਣਗੀਆਂ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਮਹੀਨੇ ਦੇ ਅੰਤ ਤੱਕ 50 ਫੀਸਦੀ ਸਟਾਫ਼ ਨਾਲ ਕੰਮ ਕਰਨਗੇ। ਇਹ ਹੁਕਮ ਜ਼ਰੂਰੀ ਕੋਵਿਡ-19 ਸਬੰਧੀ ਡਿਊਟੀ ਕਰਨ ਵਾਲੇ ਦਫ਼ਤਰਾਂ ਜਾਂ ਕਰੋਨਾ ਨਾਲ ਸਬੰਧਤ ਕਾਰਜਾਂ ਲਈ ਨਿਯੁਕਤ ਅਧਿਕਾਰੀਆਂ ’ਤੇ ਲਾਗੂ ਨਹੀਂ ਹੋਣਗੇ। ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਆਮਦ ਨੂੰ ਸੀਮਤ ਰੱਖਣ ਦੇ ਮੱਦੇਨਜ਼ਰ ਆਨਲਾਈਨ ਸ਼ਿਕਾਇਤਾਂ ਸੁਣੀਆਂ ਅਤੇ ਹਾਸਲ ਕੀਤੀਆਂ ਜਾਣਗੀਆਂ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…