ਗੰਦਾ ਪਾਣੀ ਖੜਨ ਕਾਰਨ ਭਿਆਨਕ ਬਿਮਾਰੀ ਫੈਲਣ ਦਾ ਡਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਮਈ:
ਸਿਹਤ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿਚ ਡੇਂਗੂ ਅਤੇ ਚਿਕਣਗੁਣੀਆਂ ਬਿਮਾਰੀ ਤੋਂ ਬਚਾਅ ਲਈ ਵੱਡੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਲੋਕਾਂ ਨੂੰ ਘਰਾਂ ਵਿਚ ਅਤੇ ਆਲੇ ਦੁਆਲੇ ਗੰਦਾ ਪਾਣੀ ਨਾ ਖੜਨ ਦੇਣ ਦੀਆਂ ਰੋਜ਼ਾਨਾਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਸ਼ਹਿਰ ਦੇ ਵਾਰਡ ਨੰਬਰ 12 ਦੀ ਕਲੋਨੀ ਏਵਨ ਸਿਟੀ ਵਿਚ ਸਥਿਤੀ ਕੁਝ ਵੱਖਰੀ ਬਣੀ ਹੋਈ ਹੈ ਇਸ ਮੁਹੱਲੇ ਵਿਚ ਬਣੀਆਂ ਨਾਲੀਆਂ ਥਾਂ ਥਾਂ ਤੋਂ ਟੁੱਟ ਚੁੱਕੀਆਂ ਹਨ ਅਤੇ ਨਾਲੀਆਂ ਰਾਂਹੀ ਜਾਣ ਵਾਲਾ ਗੰਦਾ ਪਾਣੀ ਖਾਲੀ ਪਲਾਟਾਂ ਵਿਚ ਟੋਭਿਆਂ ਦਾ ਰੂਪ ਧਾਰ ਰਿਹਾ ਹੈ ਜਿਸ ਕਾਰਨ ਵਾਰਡ ਵਿਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਇਕੱਤਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਗੰਦੇ ਪਾਣੀ ਵਿਚੋਂ ਉੱਠ ਰਹਿ ਬਦਬੂ ਜਿਥੇ ਲੋਕਾਂ ਦਾ ਜੀਣਾ ਮੁਹਾਲ ਕਰ ਰਹੀ ਹੈ ਉਥੇ ਗੰਦੇ ਪਾਣੀ ਕਾਰਨ ਇਲਾਕੇ ਵਿਚ ਮੱਛਰਾਂ ਦੀ ਭਰਮਾਰ ਹੈ ਇਸ ਮੌਕੇ ਪ੍ਰੋ. ਮੇਹਰ ਸਿੰਘ, ਰੋਸ਼ਨ ਲਾਲ, ਮਹਿੰਦਰ ਕੌਰ ਸਮੇਤ ਹੋਰਨਾਂ ਮੁਹੱਲਾ ਵਾਸੀਆਂ ਨੇ ਕਿਹਾ ਕਿ ਕੁਝ ਲੋਕਾਂ ਨੇ ਇਸ ਇਲਾਕੇ ਵਿਚ ਪਲਾਟ ਖਰੀਦ ਕੇ ਖਾਲੀ ਛੱਡੇ ਹੋਏ ਹਨ ਤੇ ਸਮਾਂ ਆਉਣ ਤੇ ਉਹ ਲੋਕ ਵੱਡੇ ਮੁਨਾਫ਼ੇ ਨਾਲ ਇਨ੍ਹਾਂ ਨੂੰ ਅੱਗੇ ਵੇਚ ਦੇਣਗੇ ਪਰ ਹੁਣ ਇਨ੍ਹਾਂ ਖਾਲੀ ਪਲਾਟਾਂ ਵਿਚ ਖੜੇ ਗੰਦੇ ਪਾਣੀ ਕਾਰਨ ਜਿਹੜੀਆਂ ਸਮੱਸਿਆਵਾਂ ਆਮ ਲੋਕਾਂ ਨੂੰ ਭੁਗਤਣੀਆਂ ਪੈ ਰਹੀਆਂ ਹਨ ਉਸ ਤੋਂ ਸਬੰਧਿਤ ਕੌਂਸਲਰ ਅਤੇ ਕਾਰਜ ਸਾਧਕ ਅਸਫਰ ਅਣਜਾਣ ਹਨ। ਉਨ੍ਹਾਂ ਕਿਹਾ ਕਿ ਜਿਹੜੇ ਖਾਲੀ ਪਲਾਟਾਂ ਵਿਚ ਗੰਦਾ ਪਾਣੀ ਖੜਾ ਹੈ ਉਨ੍ਹਾਂ ਖਿਲਾਫ ਨਗਰ ਕੌਂਸਲ ਕਾਰਵਾਈ ਕਰ ਸਕਦਾ ਹੈ ਪਰ ਇਸ ਮੁਹੱਲੇ ਵੱਲ ਕੋਈ ਵੀ ਪ੍ਰਸ਼ਾਨਿਕ ਅਧਿਕਾਰੀ ਨਗਰ ਕੌਂਸਲ ਵਿਚ ਦਿੱਤੀ ਲਿਖਤ ਸ਼ਿਕਾਇਤ ਦੇ ਬਾਵਜੂਦ ਨਹੀਂ ਪਹੁੰਚਿਆ ਜਿਸ ਦਾ ਖਮਿਆਜਾ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਇਕੱਤਰ ਲੋਕਾਂ ਨੇ ਕਿਹਾ ਕਿ ਸੀਵਰੇਜ ਪਾਇਆ ਹੋਣ ਦੇ ਬਾਵਜੂਦ ਇਥੋਂ ਦੀਆਂ ਗਲੀਆਂ ਨੂੰ ਪੱਕਿਆਂ ਨਹੀਂ ਕੀਤਾ ਗਿਆ। ਮੁਹੱਲਾ ਨਿਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਸਮਸਿਆਵਾਂ ਨੂੰ ਵੇਖਦੇ ਹੋਏ ਇਨ੍ਹਾਂ ਦਾ ਪੁਖਤਾ ਹੱਲ ਕੀਤਾ ਜਾਵੇ।
ਕੀ ਕਹਿਣਾ ਕਾਰਜ ਸਾਧਕ ਅਫਸਰ ਦਾ
ਇਸ ਸਬੰਧੀ ਗਲਬਾਤ ਕਰਦਿਆਂ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਸ਼ਾਹੀ ਨੇ ਕਿਹਾ ਕਿ ਇਹ ਸਮਸਿਆ ਉਨ੍ਹਾਂ ਦੇ ਧਿਆਨ ਵਿਚ ਹੈ ਪਰ ਉਕਤ ਕਲੋਨੀ ਅਣਅਧਿਕਾਰਤ ਹੋਣ ਕਾਰਨ ਉਥੇ ਵਿਕਾਸ ਕਾਰਜ ਨਹੀਂ ਕਰਵਾਏ ਜਾ ਸਕਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਕੰਮ ਉਕਤ ਕਲੋਨੀ ਵਿਚ ਹੋਏ ਹਨ ਉਹ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਗਏ। ਸ਼ਾਹੀ ਅਨੁਸਾਰ ਜਦੋਂ ਕਲੋਨੀ ਨੂੰ ਪ੍ਰਵਾਨਗੀ ਮਿਲ ਜਾਵੇਗੀ ਉਦੋਂ ਨਗਰ ਕੌਂਸਲ ਸਾਰੇ ਕੰਮ ਖੁੱਦ ਕਰਵਾ ਦੇਵੇਗੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…