nabaz-e-punjab.com

ਕਰਫਿਊ ਦੌਰਾਨ ਭੁੱਖਮਰੀ ਵਧਣ ਦਾ ਖ਼ਦਸ਼ਾ, ਪੀੜਤ ਲੋਕ ਹੱਥੋਪਾਈ ’ਤੇ ਉਤਰੇ, ਦੋ ਅੌਰਤਾਂ ਗ੍ਰਿਫ਼ਤਾਰ

ਹੁਕਮਰਾਨ ਪਾਰਟੀ ਦੇ ਕੌਂਸਲਰ ਜਸਬੀਰ ਸਿੰਘ ਮਾਣਕੂ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਦੇਸ਼ ਵਿੱਚ ਕਰਫਿਊ ਲੱਗਣ ਕਾਰਨ ਦਿਹਾੜੀਦਾਰ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਅਤੇ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਦਾ ਫਿਕਰ ਸਤਾਉਣ ਲੱਗ ਪਿਆ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਕਥਿਤ ਭੁੱਖਮਰੀ ਵਧਣ ਦਾ ਖ਼ਦਸ਼ਾ ਹੈ ਅਤੇ ਮੌਜੂਦਾ ਸਮੇਂ ਵਿੱਚ ਪੀੜਤ ਗਰੀਬ ਪਰਿਵਾਰ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਹੱਥੋਪਾਈ ਅਤੇ ਵਿਰੋਧ ਪ੍ਰਦਰਸ਼ਨ ਕਰਨ ’ਤੇ ਉਤਰ ਆਏ ਹਨ। ਬੀਤੇ ਦਿਨੀਂ ਜਿੱਥੇ ਕੁੰਭੜਾ ਵਿੱਚ ਅਕਾਲੀ ਕੌਂਸਲਰ ਦਾ ਪੁਤਲਾ ਸਾੜ ਕੇ ਲੋਕਾਂ ਨੇ ਰੋਸ ਵਿਖਾਵਾ ਕੀਤਾ ਗਿਆ ਸੀ, ਉੱਥੇ ਹੁਣ ਹੁਕਮਰਾਨ ਪਾਰਟੀ ਦੇ ਕੌਂਸਲਰ ਜਸਬੀਰ ਸਿੰਘ ਮਾਣਕੂ ਦੇ ਘਰ ਦਾਖ਼ਲ ਹੋ ਕੇ ਪੀੜਤ ਲੋਕਾਂ ਵੱਲੋਂ ਹੱਥੋਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਬੀਤੀ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਮੁਹਾਲੀ ਪੁਲੀਸ ਨੇ ਕੌਂਸਲਰ ਮਾਣਕੂ ਦੀ ਸ਼ਿਕਾਇਤ ’ਤੇ ਥਾਣਾ ਫੇਜ਼11 ਵਿੱਚ ਦੋ ਅੌਰਤਾਂ ਫੁਲ ਕੁਮਾਰੀ ਅਤੇ ਸਰੋਜ ਰਾਣੀ ਸਮੇਤ ਹੋਰਨਾਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 323, 452, 506, 34, 269, 270 ਅਤੇ ਕਰਫਿਊ ਉਲੰਘਣਾ ਦੀ ਧਾਰਾ 188 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਫੁਲ ਕੁਮਾਰੀ ਅਤੇ ਸਰੋਜ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਅਣਪਛਾਤੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਜਸਬੀਰ ਸਿੰਘ ਮਾਣਕੂ ਨੇ ਦੱਸਿਆ ਕਿ ਬੀਤੀ ਸ਼ਾਮ ਕੁਝ ਵਿਅਕਤੀ ਜਿਨ੍ਹਾਂ ਵਿੱਚ ਅੌਰਤਾਂ ਵੀ ਸ਼ਾਮਲ ਸਨ। ਉਨ੍ਹਾਂ ਦੇ ਘਰ ਆਏ ਅਤੇ ਕਹਿਣ ਲੱਗੇ ਕਿ ਬਾਵਾ ਵਾਈਟ ਹਾਊਸ ਫੇਜ਼-11 ਨੇੜੇ ਲੋੜਵੰਦਾਂ ਨੂੰ ਰਾਸ਼ਨ ਵੰਡਿਆਂ ਜਾ ਰਿਹਾ ਹੈ ਅਤੇ ਰਾਸ਼ਨ ਵੰਡਣ ਵਾਲੇ ਸੱਜਣ ਉਨ੍ਹਾਂ ਨੂੰ ਇਲਾਕੇ ਦੇ ਪ੍ਰਧਾਨ ਤੋਂ ਪਰਚੀ ਲੈ ਕੇ ਆਉਣ ਲਈ ਕਹਿ ਰਹੇ ਹਨ। ਸ੍ਰੀ ਮਾਣਕੂ ਅਨੁਸਾਰ ਉਸ ਨੇ ਲੋੜਵੰਦ ਵਿਅਕਤੀਆਂ ਨੂੰ ਦੱਸਿਆ ਕਿ ਉਸ ਕੋਲ ਨਾ ਤਾਂ ਰਾਸ਼ਨ ਆਇਆ ਹੈ ਅਤੇ ਨਾ ਹੀ ਪਰਚੀ ਸਿਸਟਮ ਬਾਰੇ ਉਸ ਨੂੰ ਕੋਈ ਜਾਣਕਾਰੀ ਹੈ। ਇਹ ਗੱਲ ਸੁਣ ਕੇ ਉਕਤ ਵਿਅਕਤੀ ਅਤੇ ਅੌਰਤਾਂ ਉਸ ਦੇ ਗਲ ਪੈ ਗਏ ਅਤੇ ਹੱਥੋਪਾਈ ’ਤੇ ਉਤਰ ਆਏ। ਉਨ੍ਹਾਂ ਦੇ ਘਰ ਇਕੱਠੇ ਹੋਏ ਵਿਅਕਤੀਆਂ ’ਚੋਂ ਕਿਸੇ ਨੇ ਕਿਹਾ ਕਿ ਜਿਵੇਂ ਪਟਿਆਲਾ ਵਿੱਚ ਨਿਹੰਗਾਂ ਨੇ ਥਾਣੇਦਾਰ ਹਰਜੀਤ ਸਿੰਘ ਗੁੱਟ ਵੱਢਿਆ ਸੀ, ਹੁਣ ਉਨ੍ਹਾਂ ਨੂੰ ਵੀ ਉਹੀ ਰਸਤਾ ਅਖ਼ਤਿਆਰ ਕਰਨਾ ਪਵੇਗਾ, ਤੱਦ ਕਿਤੇ ਜਾ ਰਹੇ ਉਨ੍ਹਾਂ ਨੂੰ ਰਾਸ਼ਨ ਮਿਲੇਗਾ।
ਸ੍ਰੀ ਮਾਣਕੂ ਨੇ ਦੱਸਿਆ ਕਿ ਬੇਕਾਬੂ ਹੋਈ ਭੀੜ ਨੂੰ ਦੇਖ ਕੇ ਉਸ ਨੇ ਪੁਲੀਸ ਕੰਟਰੋਲ ਰੂਮ ਨਾਲ ਤਾਲਮੇਲ ਕਰਕੇ ਘਟਨਾ ਤੋਂ ਜਾਣੂ ਕਰਵਾਇਆ ਅਤੇ ਸੂਚਨਾ ਮਿਲਦੇ ਹੀ ਇਸ ਖੇਤਰ ਦੀ ਪੀਸੀਆਰ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਗਈ। ਜਦੋਂ ਪੁਲੀਸ ਉੱਥੇ ਪਹੁੰਚੀ ਤਾਂ ਕਾਫੀ ਲੋਕ ਫਰਾਰ ਹੋ ਗਏ ਸੀ ਪ੍ਰੰਤੂ ਪੁਲੀਸ ਕਰਮਚਾਰੀ ਉਕਤ ਦੋਵੇਂ ਅੌਰਤਾਂ ਨੂੰ ਫੜ ਕੇ ਥਾਣੇ ਲੈ ਗਏ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …