Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਡਾਕਟਰਾਂ ਲਈ ਭੈਅ ਮੁਕਤ ਮਾਹੌਲ ਸਿਰਜਿਆ ਜਾਵੇਗਾ: ਸਿੱਧੂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡਾਇਲ 108 ਨੰਬਰ ਵਾਲੀਆਂ 20 ਐਂਬੂਲੈਂਸਾਂ ਨੂੰ ਦਿਖਾਈ ਹਰੀ ਝੰਡੀ ਹਸਪਤਾਲਾਂ ’ਚ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਹੋਰ ਸਿਹਤ ਅਮਲੇ ਦੀਆਂ ਖਾਲੀ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ: ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਸਬੰਧੀ ਅਨੇਕਾਂ ਹੀ ਯੋਜਨਾਵਾਂ ਉਲੀਕੀਆਂ ਗਈਆਂ ਹਨ ਅਤੇ ਸਿਹਤ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਵਿਹੜੇ ’ਚੋਂ 20 ਐਂਬੂਲੈਂਸਾਂ (ਡਾਇਲ 108, ਐਮਰਜੈਂਸੀ ਰਿਸਪਾਂਸ ਸਰਵਿਸ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਲਈ ਨਵੀਆਂ 20 ਐਂਬੂਲੈਂਸਾਂ ਹੋਰ ਜੁੜਨ ਨਾਲ ਸਿਹਤ ਸੇਵਾਵਾਂ ਵਿੱਚ ਸੁਧਾਰ ਹੋਵੇਗਾ। ਇਸ ਸਾਲ ਹੁਣ ਤੱਕ 80 ਐਂਬੂਲੈਂਸਾਂ ਇਸ ਸੇਵਾ ਨਾਲ ਜੁੜੀ ਚੁੱਕੀਆਂ ਹਨ, ਜਿਸ ਨਾਲ ਪੰਜਾਬ ਵਿੱਚ ਵਿਭਾਗ ਕੋਲ ਮੌਜੂਦ ਐਂਬੂਲੈਂਸਾਂ ਦੀ ਗਿਣਤੀ ਵਧ ਕੇ 242 ਹੋ ਗਈ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਡਾਕਟਰਾਂ ਲਈ ਭੈਅ ਮੁਕਤ ਮਾਹੌਲ ਸਿਰਜਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਡਾਇਲ 108 ਨੰਬਰ ਐਂਬੂਲੈਂਸਾਂ ਦਾ ਉਪਰਾਲਾ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਸ਼ੁਰੂ ਕੀਤਾ ਸੀ। ਜਿਸ ਦਾ ਪੰਜਾਬ ਸਮੇਤ ਦੇਸ਼ ਭਰ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਇਆ ਹੈ। ਸਿਹਤ ਤੇ ਸਿੱਖਿਆ ਨੂੰ ਪੰਜਾਬ ਸਰਕਾਰ ਦੇ ਤਰਜੀਹੀ ਖੇਤਰ ਐਲਾਨਦਿਆਂ ਉਨ੍ਹਾਂ ਕਿਹਾ ਕਿ ਸੂਬੇ ਪੰਜਾਬ ਵਿੱਚ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਹੋਰ ਸਿਹਤ ਅਮਲੇ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸਾਰੀਆਂ ਆਸਾਮੀਆਂ ਭਰੀਆਂ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਜਿੱਥੇ ਰਾਜ ਵਿੱਚ ਡਾਕਟਰਾਂ ਲਈ ਕੰਮਕਾਜ ਵਾਸਤੇ ਉਸਾਰੂ ਮਾਹੌਲ ਸਿਰਜਿਆ ਜਾਵੇਗਾ, ਉਥੇ ਚੰਗਾ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਅਫ਼ਸਰਾਂ ਦਾ ਪੂਰਾ ਸਨਮਾਨ ਕੀਤਾ ਜਾਵੇਗਾ। ਉਂਜ ਉਨ੍ਹਾਂ ਡਾਕਟਰਾਂ ਨੂੰ ਨਿੱਜ ਸਵਾਰਥ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਚੇਤਾਵਨੀ ਵੀ ਦਿੱਤੀ ਕਿ ਡਿਊਟੀ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਦੇ 43 ਲੱਖ ਪਰਿਵਾਰਾਂ ਨੂੰ ਕੈਸ਼ਲੈੱਸ ਸਿਹਤ ਬੀਮਾ ਉਪਲਬਧ ਕਰਵਾਉਂਦਿਆਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਘੇਰੇ ਵਿੱਚ ਲਿਆ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਡਾਇਲ 108 ਨੰਬਰ ਐਂਬੂਲੈਂਸਾਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸ਼ਹਿਰੀ ਖੇਤਰ ਵਿੱਚ ਇਹ ਐਂਬੂਲੈਂਸ ਫੋਨ ਕਰਨ ਤੋਂ 20 ਮਿੰਟ ਵਿੱਚ ਅਤੇ ਪੇਂਡੂ ਖੇਤਰ ਵਿੱਚ 30 ਮਿੰਟ ਵਿੱਚ ਮੌਕੇ ’ਤੇ ਪੁੱਜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਨੂੰ ਹੋਰ ਕਾਰਗਰ ਬਣਾਉਣ ਲਈ ਐਪ ਆਧਾਰਿਤ ਟੈਕਸੀ ਸੇਵਾ ਵਾਂਗ ਇੰਟਰਨੈੱਟ ਰਾਹੀਂ ਨਿਗਰਾਨੀ ਦੇ ਘੇਰੇ ਵਿੱਚ ਲਿਆ ਜਾਵੇਗਾ ਤਾਂ ਕਿ ਸਬੰਧਤ ਵਿਅਕਤੀ ਨੂੰ ਆਪਣੇ ਮੋਬਾਈਲ ’ਤੇ ਪਤਾ ਲੱਗ ਸਕੇ ਕਿ ਐਂਬੂਲੈਂਸ ਕਿਹੜੀ ਥਾਂ ਪੁੱਜੀ ਹੈ। ਸਮਾਗਮ ਨੂੰ ਪੰਜਾਬ ਸਿਹਤ ਨਿਗਮ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਅਤੇ ਐਮਡੀ ਅਮਿਤ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਡਾ. ਜਸਪਾਲ ਕੌਰ, ਡਾ. ਅਵਨੀਤ ਕੌਰ, ਡਾਇਰੈਕਟਰ ਕੌਮੀ ਸਿਹਤ ਮਿਸ਼ਨ ਡਾ. ਰੀਟਾ ਭਾਰਦਵਾਜ, ਈਐਸਆਈ ਦੇ ਡਾਇਰੈਕਟਰ ਡਾ. ਜਗਪਾਲ ਸਿੰਘ ਅਤੇ 108 ਐਂਬੂਲੈਂਸਾਂ ਦੇ ਪ੍ਰੋਗਰਾਮ ਅਫ਼ਸਰ ਡਾ. ਵਿਸ਼ਾਲ ਕੁਮਾਰ ਅਤੇ ਸ਼ਵਿੰਦਰ ਸਿੰਘ ਸਹਿਦੇਵ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ