ਬੋਰਡ ਮੈਨੇਜਮੈਂਟ ਦੀਆਂ ਚੂਲਾਂ ਹਿਲਾ ਦੇਵੇਗੀ 9 ਫਰਵਰੀ ਦੀ ਸੂਬਾ ਪੱਧਰੀ ਰੈਲੀ: ਮਹਾਸੰਘ

ਡੇਲੀਵੇਜ ਕਰਮਚਾਰੀਆਂ ਦਾ ਧਰਨਾ 5ਵੇਂ ਦਿਨ ’ਚ ਦਾਖ਼ਲ, ਨਾਅਰੇਬਾਜ਼ੀ ਦੀ ਥਾਂ ਕੀਰਤਨ ਚੱਲਿਆ

ਨਬਜ਼-ਏ-ਪੰਜਾਬ, ਮੁਹਾਲੀ, 5 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਖ਼ਿਲਾਫ਼ ਲੜੀਵਾਰ ਧਰਨਾ ਸੋਮਵਾਰ ਨੂੰ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਬਾਰਸ਼ ਦੇ ਬਾਵਜੂਦ ਕੱਚੇ ਮੁਲਾਜ਼ਮਾਂ ਨੇ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਸਾਲਾਨਾ ਧਾਰਮਿਕ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਕਾਰਨ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕਰਨ ਤੋਂ ਸੰਕੋਚ ਕੀਤਾ ਅਤੇ ਸਾਰਾ ਦਿਨ ਸ਼ਬਦ ਕੀਰਤਨ ਚੱਲਿਆ।
ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਇੰਦਰਜੀਤ ਸਿੰਘ, ਪ੍ਰੈਸ ਸਕੱਤਰ ਤੇਜਿੰਦਰ ਸਿੰਘ, ਰਾਜਪਾਲ ਕੌਰ ਅਤੇ ਨਰਿੰਦਰ ਕੌਰ ਨੇ ਕਿਹਾ ਕਿ ਡੇਲੀਵੇਜ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਰੈਗੂਲਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਸ਼ਰ੍ਹੇਆਮ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਕੇ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਮੈਨੇਜਮੈਂਟ ਵੱਲੋਂ ਵਰਕਰਾਂ ਨੂੰ ਧਮਕੀਆਂ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਧਿਕਾਰੀ ਫੋਨ ਕਰਕੇ ਵਰਕਰਾਂ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਤੋਂ ਰੋਕ ਰਹੇ ਹਨ ਅਤੇ ਕਾਰਵਾਈ ਕਰਨ ਦੀ ਕਥਿਤ ਧਮਕੀਆਂ ਦਿੱਤੀਆਂ ਜਰਾ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਪੰਜਾਬ ਰਾਜ ਸਹਿਕਾਰੀ ਬੋਰਡ\ਕਾਰਪੋਰੇਸ਼ਨ ਕਰਮਚਾਰੀ ਮਹਾਸੰਘ ਅਤੇ ਸੀਟੂ ਵੱਲੋਂ ਡੇਲੀਵੇਜ ਕਰਮਚਾਰੀਆਂ ਦੇ ਹੱਕ 9 ਫਰਵਰੀ ਨੂੰ ਸੂਬਾਈ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਬੋਰਡ ਕਰਮਚਾਰੀ ਅਤੇ ਹੋਰਨਾਂ ਜਥੇਬੰਦੀਆਂ ਦੇ ਮੈਂਬਰ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ। ਮਹਾਸੰਘ ਤੇ ਸੀਟੂ ਆਗੂ ਤਾਰਾ ਸਿੰਘ, ਬਲਵੰਤ ਸਿੰਘ, ਹਰਕੇਸ਼ ਰਾਣਾ, ਦੀਪਾ ਰਾਮ, ਗੁਰਦੀਪ ਸਿੰਘ ਤੇ ਚੰਦਰ ਸ਼ੇਖਰ ਨੇ ਕਿਹਾ ਕਿ ਇਹ ਰੈਲੀ ਫ਼ੈਸਲਾਕੁਨ ਸਾਬਤ ਹੋਵੇਗੀ ਅਤੇ ਇਸ ਨਾਲ ਬੋਰਡ ਮੈਨੇਜਮੈਂਟ ਦੀਆਂ ਚੂਲਾਂ ਹਿੱਲ ਜਾਣਗੀਆਂ।
ਬੁਲਾਰਿਆਂ ਨੇ ਕਿਹਾ ਕਿ ਅਧਿਕਾਰੀ ਸ਼ਾਂਤਮਈ ਸੰਘਰਸ਼ ਨੂੰ ਤਾਰਪੀਡੋ ਕਰਨ ਵਿੱਚ ਲੱਗੇ ਹੋਏ ਹਨ ਪ੍ਰੰਤੂ ਮੈਨੇਜਮੈਂਟ ਦੀ ਸਖ਼ਤੀ ਅਤੇ ਮੌਸਮ ਦੀ ਬੇਰੁਖ਼ੀ ਦੇ ਬਾਵਜੂਦ ਕੱਚੇ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਬੋਰਡ ਮੈਨੇਜਮੈਂਟ ਨਾਲ ਬੀਤੀ 18 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਡੇਲੀਵੇਜ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਬਾਰੇ ਬਣੀ ਸਹਿਮਤੀ ’ਤੇ ਕੋਈ ਅਮਲ ਨਹੀਂ ਕੀਤਾ ਜਾ ਰਿਹਾ। ਜਿਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡੇਲੀਵੇਜ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਅਤੇ ਬਾਕੀ ਜਾਇਜ਼ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਸ਼ਾਂਤਮਈ ਧਰਨਾ ਜਾਰੀ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…