15 ਹਜ਼ਾਰ ਫੀਸ ਵਸੂਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੌਧਿਕ ਜਹਾਲਤ ਦਾ ਸਿਖਰ: ਬੀਰਦਵਿੰਦਰ ਸਿੰਘ

‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ’ਤੇ ਪਹਿਰਾ ਦੇ ਕੇ ਵਿਦਿਆਰਥੀਆਂ ਤੋਂ ਸਿਰਫ਼ 550 ਰੁਪਏ ਫੀਸ ਲਵੇ ਸਕੂਲ ਬੋਰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਉਤਸਵ ਅਤੇ ਸਕੂਲ ਬੋਰਡ ਦੀ ਗੋਲਡਨ ਜੁਬਲੀ ਦੀ ਦ੍ਰਿਸ਼ਟੀ ਵਿੱਚ ਮਾਰਚ 2004 ਅਤੇ ਉਸ ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀਅਪੀਅਰ ਹੋਣ ਦਾ ‘ਸੁਨਹਿਰੀ ਮੌਕਾ’ ਦਿੱਤਾ ਜਾਣਾ ਇਕ ਚੰਗਾ ਉਪਰਾਲਾ ਹੈ ਪ੍ਰੰਤੂ ਇਸ ਅਵਸਰ ’ਤੇ ਵਿਦਿਆਰਥੀਆਂ ਤੋਂ 15 ਹਜ਼ਾਰ ਰੁਪਏ ਪ੍ਰੀਖਿਆ ਫੀਸ ਵਸੂਲਣਾ ਬੱਚਿਆਂ ’ਤੇ ਵੱਡਾ ਅੱਤਿਆਚਾਰ ਹੀ ਨਹੀਂ ਸਗੋਂ ਇਹ ਬੋਰਡ ਦੀ ਬੌਧਿਕ ਜਹਾਲਤ ਦਾ ਸਿਖਰ ਹੈ। ਉਨ੍ਹਾਂ ਮੰਗ ਕੀਤੀ ਕਿ ਜੇ ‘ਸੁਨਹਿਰੀ ਮੌਕਾ’ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨਾ ਹੈ ਤਾਂ ਸਕੂਲ ਬੋਰਡ ਨੂੰ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ’ਤੇ ਪਹਿਰਾ ਦਿੰਦਿਆਂ ਵਿਦਿਆਰਥੀਆਂ ਤੋਂ ਸਿਰਫ਼ 550 ਰੁਪਏ ਫੀਸ ਲੈਣੀ ਚਾਹੀਦੀ ਹੈ।
ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਬੋਰਡ ਨੇ ਇਸ ਅਨੋਖੀ ਜੱਗੋਂ-ਤੇਰ੍ਹਵੀਂ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਉਤਸਵ ਦੇ ਸ਼ੱੁਭ ਅਵਸਰ ਦਾ ਹਵਾਲਾ ਦਿੱਤਾ ਹੈ। ਇੰਝ ਜਾਪਦਾ ਹੈ ਜਿਵੇਂ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਮੰਤਰੀ, ਬੋਰਡ ਮੁਖੀ ਅਤੇ ਸਕੱਤਰ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਤੋਂ ਉੱਕਾ ਹੀ ਨਾ-ਵਾਕਫ਼ ਅਤੇ ਕੋਰੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਫੁਰਮਾਇਆ ਸੀ। ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ (ਅੰਗ:356, ਸ੍ਰੀ ਗੁਰੂ ਗ੍ਰੰਥ ਸਾਹਿਬ) (ਭਾਵ ਜੇ ਤੂੰ ਇਲਮ ਦਾ ਵਿਚਾਰਵਾਨ ਹੈ, ਤਦ ਸਾਰਿਆਂ ਦਾ ਭਲਾ ਕਰਨ ਵਾਲਾ ਬਣ। ਗੁਰਬਾਣੀ ਦੀ ਇਸ ਤੁਕ ਦੀ ਜੇਕਰ ਹੋਰ ਤਸ਼ਰੀਹ ਕਰੀਏ ਤਾਂ ਭਾਵ ਸਾਫ਼ ਤੇ ਸਪੱਸ਼ਟ ਹੋ ਜਾਂਦਾ ਹੈ ਕਿ ਵਿਦਿਆ ਪ੍ਰਾਪਤ ਕਰਕੇ ਜੇ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਬਣ ਜਾਵੇ, ਇਹ ਤਦ ਹੀ ਸਮਝਣਾ ਚਾਹੀਦਾ ਹੈ, ਕਿ ਉਹ ਵਿਦਿਆ ਪ੍ਰਾਪਤ ਕਰਕੇ ਵਿਚਾਰਵਾਨ ਬਣ ਗਿਆ ਹੈ) ਜੇ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਵਿਦਿਆ ਨੂੰ ਵੀਚਾਰਿਆ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਉਤਸਵ ਦਾ ਸ਼ੁੱਭ ਅਵਸਰ ਉਨ੍ਹਾਂ ਨੂੰ ਪਰਉਪਕਾਰੀ ਬਣਨ ਦਾ ਸ਼ੁੱਭ ਅਵਸਰ ਦੇ ਰਿਹਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਸ ਲਈ ਚੰਗਾ ਹੋਵੇਗਾ ਜੇਕਰ ਸਿੱਖਿਆ ਬੋਰਡ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਵਿਦਿਆ ਦੇ ਪ੍ਰਕਾਸ਼ ਅਤੇ ਉਸ ਦੇ ਮਨੋਰਥ ਨੂੰ ਸਹੀ ਪਰਿਪੇਖ ਵਿੱਚ ਸਮਝ ਕੇ ਇਹ ‘ਸੁਨਹਿਰੀ ਮੌਕਾ’ ਵਿਦਿਆਰਥੀਆਂ ਨੂੰ ਪ੍ਰਸ਼ਾਦਿ ਰੂਪ ਵਿੱਚ ਵਰਤਾਵੇ ਅਤੇ ਇਹ ਦਾਖ਼ਲਾ ਫੀਸ 15 ਹਜ਼ਾਰ ਤੋਂ ਘਟਾ ਕੇ ਕੇਵਲ 550 ਰੁਪਏ ਕਰ ਦਿੱਤੀ ਜਾਵੇ ਨਹੀਂ ਤਾਂ ਇਸ ਕਠੋਰ ਅਮਲ ਨਾਲ ਗੁਰੂ ਨਾਨਕ ਦੇਵ ਜੀ ਦਾ ਪਾਵਨ ਤੇ ਪਵਿੱਤਰ ਨਾਮ ਨਾ ਜੋੜਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…