ਸਰਕਾਰੀ ਡਿਸਪੈਂਸਰੀ ਦੇ ਸਾਹਮਣੇ ਪਾਰਕ ਵਿੱਚ ਖੜ੍ਹੇ ਹਰੇ ਭਰੇ ਦਰਖਤ ਕੱਟਣ ਦਾ ਮਾਮਲਾ ਭਖਿਆ

ਦਰਖਤ ਕੱਟਣ ਵਾਲਿਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਏਗੀ ਨਗਰ ਨਿਗਮ: ਕਮਿਸ਼ਨਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਇੱਥੋਂ ਦੇ ਫੇਜ਼-5 ਸਥਿਤ ਸਰਕਾਰੀ ਡਿਸਪੈਂਸਰੀ (ਧਰਾਨਾ ਭਵਨ) ਦੇ ਸਾਹਮਣੇ ਵਾਲੇ ਰਿਹਾਇਸ਼ੀ ਪਾਰਕ ਵਿੱਚ ਹਰੇ ਭਰੇ ਰੁੱਖਾਂ ਨੂੰ ਕੱਟਣ ਦਾ ਮਾਮਲਾ ਭਖ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਸ਼ਹਿਰ ਵਾਸੀ ਉਕਤ ਪਾਰਕ ਵਿੱਚ ਸੈਰ ਕਰਨ ਲਈ ਆਏ ਤਾਂ ਉਨ੍ਹਾਂ ਦੇਖਿਆ ਕਿ ਪਾਰਕ ਵਿੱਚ ਕਾਫ਼ੀ ਰੁੱਖਾਂ ’ਤੇ ਕੁਹਾੜਾ ਚਲਾਇਆ ਗਿਆ ਹੈ। ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ’ਚੋਂ ਕੁੱਝ ਦਰਖਤ ਜੜ੍ਹ ਤੋਂ ਕੱਟ ਕੇ ਉੱਥੇ ਮਿੱਟੀ ਪਾ ਦਿੱਤੀ ਗਈ ਹੈ ਜਦੋਂਕਿ ਇੱਕ ਦੋ ਥਾਵਾਂ ’ਤੇ ਨਵੇਂ ਬੂਟੇ ਲਗਾ ਦਿੱਤੇ ਗਏ ਹਨ।
ਖੁਸ਼ਬੀਰ ਸਿੰਘ ਅਤੇ ਇੰਦਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਾਰਕ ’ਚੋਂ ਕੱਟਣ ਸਬੰਧੀ ਸਫ਼ਾਈ ਕਰਨ ਵਾਲਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਨਗਰ ਨਿਗਮ ਵੱਲੋਂ ਕੀਤੀ ਗਈ ਹੈ ਅਤੇ ਰੱੁਖ ਕੱਟਣ ਵਾਲੇ ਵੱਡੇ ਤਣੇ ਅਤੇ ਟਾਹਣੇ ਗੱਡੀ ਵਿੱਚ ਭਰ ਕੇ ਲੈ ਗਏ ਹਨ। ਉਧਰ, ਨਿਗਮ ਅਧਿਕਾਰੀ ਅਤੇ ਕਰਮਚਾਰੀ ਅਜਿਹੀ ਕਿਸੇ ਕਾਰਵਾਈ ਤੋਂ ਸਾਫ਼ ਇਨਕਾਰ ਕਰ ਰਹੇ ਹਨ ਜਦੋਂਕਿ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।
ਮੁਹਾਲੀ ਇਨਵਾਇਰਮੈਂਟ ਸੁਸਾਇਟੀ ਦੇ ਜਨਰਲ ਸਕੱਤਰ ਆਰਐਸ ਬੈਦਵਾਨ ਅਤੇ ਵਾਤਾਵਰਨ ਪ੍ਰੇਮੀ ਗੁਰਮੇਲ ਸਿੰਘ ਮੌਜੇਵਾਲ, ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਅਰੁਣ ਸ਼ਰਮਾ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਦੇ ਅਧਿਕਾਰੀ ਆਨੇ ਬਹਾਨੇ ਹਰੇ ਭਰੇ ਰੁੱਖਾਂ ਨੂੰ ਕੱਟ ਰਹੇ ਹਨ, ਜੋ ਕਿ ਵਾਤਾਵਰਨ ਦਾ ਬਹੁਤ ਵੱਡਾ ਘਾਣ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਕਰੋਨਾ ਮਹਾਮਾਰੀ ਕਾਰਨ ਪੀੜਤ ਮਰੀਜ਼ਾਂ ਨੂੰ ਆਕਸੀਜ਼ਨ ਦੀ ਘਾਟ ਨਾਲ ਜੂਝਣਾ ਪਿਆ ਹੈ ਅਤੇ ਕਈ ਲੋਕਾਂ ਨੂੰ ਸਮੇਂ ਸਿਰ ਆਕਸੀਜ਼ਨ ਨਾ ਮਿਲਣ ਕਾਰਨ ਆਪਣੀ ਜਾਨ ਵੀ ਗੁਆਉਣੀ ਪਈ ਹੈ ਪ੍ਰੰਤੂ ਅਫ਼ਸਰਸ਼ਾਹੀ ਰੁੱਖਾਂ ਨੂੰ ਕੱਟਣ ਦੇ ਰਾਹ ਪੈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਰੁੱਖਾਂ ’ਤੇ ਕੁਹਾੜਾ ਚਲਾਉਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਪ੍ਰੰਤੂ ਜਿਸ ਕਿਸੇ ਨੇ ਵੀ ਪਾਰਕ ’ਚੋਂ ਹਰੇ ਭਰੇ ਦਰੱਖ਼ਤ ਕੱਟੇ ਹਨ, ਇਹ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਇਸ ਸਮੁੱਚੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਰਿਹਾਇਸ਼ੀ ਪਾਰਕ ਵਿੱਚ ਹਰੇ ਭਰੇ ਵੱਡੇ ਰੁੱਖ ਕੱਟਣ ਵਾਲਿਆਂ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕਰਵਾਉਣ ਲਈ ਪੁਲੀਸ ਨੂੰ ਲਿਖਿਆ ਜਾਵੇਗਾ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…