ਪੰਜਾਬ ਦੀ ਆਪ ਸਰਕਾਰ ਖ਼ਿਲਾਫ਼ ਕਾਨੂੰਨੀ ਲੜਾਈ ਲੜਨਗੇ ਸਿੱਧੂ ਭਰਾਵਾਂ ਦੇ ਸਾਥੀ ਕੌਂਸਲਰ

ਸੀਨੀਅਰ ਡਿਪਟੀ ਮੇਅਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ 27 ਕੌਂਸਲਰਾਂ ਨੇ ਜੀਤੀ ਸਿੱਧੂ ਨਾਲ ਖੜੇ ਰਹਿਣ ਦਾ ਅਹਿਦ ਲਿਆ

ਵਿਦੇਸ਼ ’ਚੋਂ ਪਰਤ ਕੇ ਕਾਨੂੰਨੀ ਮਾਹਰਾਂ ਨਾਲ ਸਲਾਹ ਮਸ਼ਵਰਾ ਕਰਕੇ ਉੱਚ ਅਦਾਲਤ ਦਾ ਬੂਹਾ ਖੜਕਾਉਣਗੇ ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਮੁਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ 3 ਜਨਵਰੀ ਨੂੰ ਵਿਦੇਸ਼ (ਅਮਰੀਕਾ) ਤੋਂ ਵਾਪਸ ਪਰਤਣਗੇ। ਪਿਛਲੇ ਦਿਨੀਂ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਖ਼ਾਰਜ ਕੀਤੇ ਜਾਣ ਨਾਲ ਮੇਅਰ ਦਾ ਅਹੁਦਾ ਖਾਲੀ ਹੋ ਗਿਆ ਹੈ। ਪੰਜਾਬ ਵਿੱਚ ਸਤਾ ਪਰਿਵਰਤਨ ਤੋਂ ਬਾਅਦ ਜੀਤੀ ਸਿੱਧੂ ਆਪਣੇ ਵੱਡੇ ਭਰਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ, ਭਾਵੇਂ ਕਾਂਗਰਸੀ ਕੌਂਸਲਰ ਭਾਜਪਾ ਵਿੱਚ ਤਾਂ ਸ਼ਾਮਲ ਨਹੀਂ ਹੋਏ ਪ੍ਰੰਤੂ ਬਹੁਗਿਣਤੀ ਕਾਂਗਰਸੀ ਕੌਂਸਲਰ ਹਾਲੇ ਵੀ ਸਿੱਧੂ ਪਰਿਵਾਰ ਨਾਲ ਚਟਾਨ ਵਾਂਗ ਖੜੇ ਹਨ। ਇਸ ਸਬੰਧੀ ਕਾਂਗਰਸ ਹਾਈ ਕਮਾਨ ਨੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਪਾਰਟੀ ’ਚੋਂ ਬਾਹਰ ਕੀਤਾ ਗਿਆ ਸੀ ਪ੍ਰੰਤੂ ਬਾਕੀ ਕੌਂਸਲਰਾਂ ਖ਼ਿਲਾਫ਼ ਅਜੇ ਤਾਈਂ ਕੋਈ ਕਾਰਵਾਈ ਨਹੀਂ ਹੋਈ।
ਉਧਰ, ਹੁਕਮਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਨਗਰ ਨਿਗਮ ’ਤੇ ਕਾਬਜ਼ ਹੋਣ ਲਈ ਅੰਦਰਖਾਤੇ ਸਿਆਸਤ ਭਖਾ ਦਿੱਤੀ ਹੈ ਅਤੇ ਕਾਂਗਰਸੀ ਕੌਂਸਲਰਾਂ ਨਾਲ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੀਤੀ ਸਿੱਧੂ ਦੀ ਮੈਂਬਰੀ ਰੱਦ ਹੋਣ ਤੋਂ ਬਾਅਦ ਮੇਅਰ ਦੀ ਕੁਰਸੀ ਹਥਿਆਉਣ ਲਈ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਹੋਰ ਆਗੂ ਸਰਗਰਮ ਹੋ ਗਏ ਹਨ। ਪਿਛਲੇ ਦਿਨੀਂ ਛੁੱਟੀ ਲੈ ਕੇ ਨਿੱਜੀ ਦੌਰੇ ’ਤੇ ਅਮਰੀਕਾ ਗਏ ਜੀਤੀ ਸਿੱਧੂ ਨੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਸੂਬਾ ਸਰਕਾਰ ਦੇ ਇਨ੍ਹਾਂ ਇੱਕਪਾਸੜ ਹੁਕਮਾਂ ਖ਼ਿਲਾਫ਼ ਕਾਨੂੰਨੀ ਚਾਰਾਜੋਈ ਲਈ ਆਪਣੀ ਵਾਪਸੀ ਦੀ ਟਿਕਟ ਬੁੱਕ ਕਰਵਾ ਲਈ ਹੈ ਅਤੇ ਉਹ 3 ਜਨਵਰੀ ਨੂੰ ਵਾਪਸ ਮੁਹਾਲੀ ਪਰਤ ਰਹੇ ਹਨ। ਇਸ ਸਬੰਧੀ ਕਾਨੂੰਨੀ ਮਾਹਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਿੱਧੂ ਭਰਾਵਾਂ ਵੱਲੋਂ ਇਨਸਾਫ਼ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਜਾਵੇਗਾ।
ਕਾਂਗਰਸ ਦੇ 37 ਕੌਂਸਲਰ ਚੋਣ ਜਿੱਤੇ ਸਨ। ਜਦਕਿ ਤਿੰਨ ਮੈਂਬਰ (ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕੁਲਦੀਪ ਕੌਰ ਧਨੋਆ ਤੇ ਨਿਰਮਲ ਕੌਰ) ਆਜ਼ਾਦ ਚੋਣ ਲੜੇ ਸੀ ਅਤੇ ਬਾਕੀ ਦੀਆਂ 10 ਸੀਟਾਂ ’ਤੇ ਆਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ ਰਹੇ ਸਨ, ਪ੍ਰੰਤੂ ਬਾਅਦ ਵਿੱਚ 2 ਮੈਂਬਰ ਵਾਪਸ ਅਕਾਲੀ ਦਲ ਵਿੱਚ ਚਲੇ ਗਏ ਸਨ ਅਤੇ ਸਿੱਧੂ ਭਰਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਕਈ ਕਾਂਗਰਸੀ ਕੌਂਸਲਰਾਂ ਨੇ ਹਾਈ ਕਮਾਨ ਦੇ ਕਹਿਣ ’ਤੇ ਮੇਅਰ ਤੋਂ ਸਮਰਥਨ ਵਾਪਸ ਲੈ ਲਿਆ ਸੀ ਪ੍ਰੰਤੂ ਸਿੱਧੂ ਪਰਿਵਾਰ ਬਾਕੀ ਕੌਂਸਲਰਾਂ ਨੂੰ ਆਪਣੇ ਨਾਲ ਤੋਰਨ ਵਿੱਚ ਕਾਮਯਾਬ ਰਹੇ ਸਨ ਲੇਕਿਨ ਜੀਤੀ ਸਿੱਧੂ ਦੀ ਮੈਂਬਰੀ ਰੱਦ ਹੋਣ ਤੋਂ ਬਾਅਦ ਕੀ ਕਾਂਗਰਸੀ ਕੌਂਸਲਰ ਹੁਣ ਵੀ ਉਨ੍ਹਾਂ ਨਾਲ ਖੜੇ ਰਹਿਣਗੇ ਜਾਂ ਸਰਕਾਰ ਵੱਲ ਝੁੱਕ ਜਾਣਗੇ? ਇਸ ਸਮੇਂ ਵੀ ਸਿੱਧੂ ਭਰਾਵਾਂ ਕੋਲ ਕਰੀਬ 27 ਕੌਂਸਲਰ ਹਨ।
ਮਿਲੀ ਜਾਣਕਾਰੀ ਅਨੁਸਾਰ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਦੀ ਅਗਵਾਈ ਹੇਠ ਜੀਤੀ ਸਿੱਧੂ ਦੇ ਘਰ ਹੋਈ ਮੀਟਿੰਗ ਵਿੱਚ ਤਾਜ਼ਾ ਹਾਲਾਤਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਹਾਜ਼ਰ ਕੌਂਸਲਰਾਂ ਨੇ ਜੀਤੀ ਸਿੱਧੂ ਦੀ ਮੈਂਬਰੀ ਰੱਦ ਕਰਨ ਦੇ ਫ਼ੈਸਲੇ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਇਸ ਧੱਕੇਸ਼ਾਹੀ ਖ਼ਿਲਾਫ਼ ਕਾਨੂੰਨੀ ਲੜਾਈ ਲੜਨ ਅਤੇ ਪੰਜਾਬ ਸਰਕਾਰ ਪ੍ਰਤੀ ਨਾ ਝੁਕਣ ਦਾ ਅਹਿਦ ਲਿਆ। ਮੀਟਿੰਗ ਵਿੱਚ 27 ਕੌਂਸਲਰ ਸ਼ਾਮਲ ਦੱਸੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…