nabaz-e-punjab.com

ਪੰਥਕ ਕਾਨਫਰੰਸ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਿਲੇ ਹੁਲਾਰੇ ਤੋਂ ਬਾਅਦ ਐਸਜੀਪੀਸੀ ’ਤੇ ਕਾਬਜ਼ ਰਾਜਸੀ ਲੋਕ ਘਬਰਾਏ

ਐਸਜੀਪੀਸੀ ’ਤੇ ਕਾਬਜ਼ ਰਾਜਸੀ ਲੋਕ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਮੁਲਾਜ਼ਮਾਂ ਨੂੰ ਬਣਾ ਰਹੇ ਨੇ ਢਾਲ

ਪੰਥਕ ਅਕਾਲੀ ਲਹਿਰ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ’ਤੇ ਪਲਟਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਰਾਜਸੀ ਲੋਕ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਐਸਜੀਪੀਸੀ ਦੇ ਮੁਲਾਜ਼ਮਾਂ ਤੋਂ ਗਲਤ ਬਿਆਨਬਾਜ਼ੀ ਕਰਵਾ ਕੇ ਆਪਣੇ ਕਥਿਤ ਕਾਲੇ ਕਾਰਨਾਮਿਆਂ ’ਤੇ ਪਰਦਾ ਪਾ ਰਹੇ ਹਨ। ਪੰਥਕ ਅਕਾਲੀ ਲਹਿਰ ਦੇ ਆਗੂ ਜੋਗਾ ਸਿੰਘ ਚੱਪੜ, ਰਜਿੰਦਰ ਸਿੰਘ ਫਤਹਿਗੜ੍ਹ ਛੰਨਾ, ਸਰੂਪ ਸਿੰਘ ਸੰਧਾ, ਨੌਜਵਾਨ ਆਗੂ ਲਖਵੰਤ ਸਿੰਘ ਦੁਬੁਰਜੀ ਨੇ ਅੱਜ ਇੱਥੇ ਜਾਰੀ ਸਾਂਝੇ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ’ਤੇ ਪਲਟਵਾਰ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੇ ਬਿਆਨ ਨੂੰ ਤੱਥਹੀਣ ਤੇ ਆਪਣੇ ਆਕਾ ਦੀ ਖ਼ੁਸ਼ੀ ਲੈਣ ਵਾਲਾ ਦੱਸਿਆ ਹੈ।
ਆਗੂਆਂ ਨੇ ਕਿਹਾ ਕਿ ਬੀਤੀ 2 ਅਕਤੂਬਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਹੋਈ ਪੰਥਕ ਕਾਨਫਰੰਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਿਲ ਰਹੇ ਲਾ ਮਿਸਾਲ ਹੁਲਾਰੇ ਤੋਂ ਬਾਅਦ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਲੋਕ ਬੁਖਲਾ ਗਏ ਹਨ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਖ਼ੁਦ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਹੁਣ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਮੋਹਰਾ ਬਣਾ ਕੇ ਸੱਚ ’ਤੇ ਪਰਦਾ ਪਾਉਣ ਦੇ ਯਤਨ ਕਰ ਰਹੇ ਹਨ।
ਪੰਥਕ ਕਾਨਫਰੰਸ ਵਿੱਚ ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਗੋਲਕਾਂ ਦੀ ਹੋ ਰਹੀ ਅੰਨੇ੍ਹਵਾਹ ਲੁੱਟ ਅਤੇ ਉਜਾੜੇ ਜਾ ਰਹੇ ਪੰਥਕ ਸਰਮਾਏ ਦੀ ਅਸਲ ਕਹਾਣੀ ਸਿੱਖ ਕੌਮ ਦੇ ਸਾਹਮਣੇ ਰੱਖ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਸਿਆਸੀ ਆਗੂਆਂ ਦੇ ਕਹਿਣ ਮੁਤਾਬਕ ਸਫ਼ਾਈ ਵਜੋਂ ਜੋ ਅੰਕੜੇ ਪੇਸ਼ ਕੀਤੇ ਹਨ, ਉਹ ਸਚਾਈ ਤੋਂ ਕੋਹਾਂ ਦੂਰ ਹਨ। ਪੰਥਕ ਲਹਿਰ ਨੇ ਜੋ ਸਵਾਲ ਉਠਾਏ ਉਨ੍ਹਾਂ ਦਾ ਜਵਾਬ ਸ਼੍ਰੋਮਣੀ ਕਮੇਟੀ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੱਸੇ ਕਿ ਦਰਬਾਰ ਸਾਹਿਬ ਦੇ ਵਿੱਚ ਰੋਜ਼ਾਨਾ ਕਿੰਨੇ ਸ਼ਰਧਾਲੂ ਮੱਥਾ ਟੇਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਆਮ ਦਿਨਾਂ ਵਿੱਚ ਇਕ ਲੱਖ ਤੋਂ ਵੱਧ, ਛੁੱਟੀਆਂ ਅਤੇ ਇਤਿਹਾਸਕ ਦਿਹਾੜਿਆਂ ’ਤੇ ਦੋ ਲੱਖ ਤੋਂ ਵੱਧ ਅੰਦਾਜ਼ਨ ਸੰਗਤ ਦੀ ਆਮਦ ਰਹਿੰਦੀ ਹੈ। ਹਾਲਾਂਕਿ ਜੀਐਸਟੀ ਮੁੱਦੇ ’ਤੇ ਐਸਜੀਪੀਸੀ ਨੇ ਖ਼ੁਦ ਬਿਆਨ ਜਾਰੀ ਕੀਤੇ ਸਨ ਕਿ ਇਕ ਲੱਖ ਤੋਂ ਵੱਧ ਸ਼ਰਧਾਲੂ ਗੁਰੂ ਰਾਮਦਾਸ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਹਨ ਪਰ ਹੁਣ ਮੈਨੇਜਰ ਦੇ ਬਿਆਨ ਵਿੱਚ ਬੇਈਮਾਨੀ ਝਲਕ ਰਹੀ ਹੈ।
ਉਹ ਆਪਣੇ ਬਣਾਏ ਅਖੌਤੀ ਬਜਟ ਦੀ ਜਾਣਕਾਰੀ ਤਾਂ ਦੇ ਰਿਹਾ ਹੈ ਪ੍ਰੰਤੂ ਜੋ ਉਥੇ ਹਰ ਰੋਜ਼ ਮੱਥਾ ਟੇਕਣ ਵਾਲਿਆ ਦੀ ਆਮਦ ਹੈ ਉਸ ਬਾਰੇ ਚੁੱਪ ਕਰ ਗਿਆ ਹੈ। ਪੰਥਕ ਅਕਾਲੀ ਲਹਿਰ ਨੇ ਹਿ ਸਵਾਲ ਕੀਤਾ ਕਿ ਸ੍ਰੋਮਣੀ ਕਮੇਟੀ ਨੇ ਜੋ ਬਿਆਨ ਜਾਰੀ ਕੀਤਾ ਉਸ ਵਿੱਚ ਇਹ ਨਹੀਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਉਸ ਹਦੂਦ ਵਿੱਚ ਵੀਹ ਦੇ ਕਰੀਬ ਗੋਲਕਾਂ ਹੋਰ ਹਨ ਜਿਨਾਂ ਵਿੱਚ ਤਿੰਨ ਹਰਮੰਦਰ ਸਾਹਿਬ ਦੇ ਅੰਦਰ ਦੋ ਸ੍ਰੀ ਅਕਾਲ ਤਖ਼ਤ ਸਾਹਿਬ, ਇੱਕ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ, ਤਿੰਨੇ ਬੇਰੀਆਂ ਤੇ ਗੋਲਕਾਂ ਫੇਰ ਸ਼ਹੀਦ ਬਾਬਾ ਦੀਪ ਸਿੰਘ ਪ੍ਰਕਰਮਾ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਹਾਲ ਦੇ ਵਿੱਚ ਗੋਲਕ, ਗੁਰੂ ਰਾਮਦਾਸ ਸਾਹਿਬ ਲੰਗਰ ਹਾਲ ਦੀ ਗੋਲਕ ਇਥੋ ਸਪੱਸ਼ਟ ਅੰਦਾਜਾ ਲੱਗ ਰਿਹਾ ਹੈ ਕਿ ਦਰਬਾਰ ਸਾਹਿਬ ਚੜ੍ਹਨ ਵਾਲਾ ਚੜਾਵਾਂ ਜਿਤਨਾ ਸ਼੍ਰੋਮਣੀ ਕਮੇਟੀ ਦਰਸਾਉਂਦੀ ਹੈ ਉਸ ਤੋਂ ਕਿਤੇ ਜ਼ਿਆਦਾ ਹੈ।
ਪੰਥਕ ਅਕਾਲੀ ਲਹਿਰ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਨਜਾਮ ਨੂੰ ਸਿੱਧਾ ਚੈਲੰਜ ਕਰਦਿਆ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ 2 ਅਕਤੂਬਰ ਦੀ ਕਾਨਫਰੰਸ ਦੇ ਵਿੱਚ ਸਾਡੇ ਵਲੋਂ ਪੇਸ਼ ਕੀਤੇ ਅੰਕੜੇ ਸਹੀ ਨਹੀਂ ਹਨ ਤਾਂ ਸ਼੍ਰੋਮਣੀ ਕਮੇਟੀ ਹਿੰਮਤ ਕਰੇ ਸਿਖ ਬੁੱਧੀਜੀਵੀ, ਸੇਵਾ ਮੁਕਤ ਜੱਜ, ਸਿਵਲ ਫੌਜ ਅਤੇ ਹੋਰ ਵੱਖ-ਵੱਖ ਮਹਿਕਮਿਆਂ ਤੋਂ ਰਿਟਾਇਰ ਹੋਏ ਸਿਖ ਜਰਨੈਲ ਤੇ ਸਿੱਖ ਅਫਸਰ ਪ੍ਰੌਫੈਸਰ, ਡਾਕਟਰ, ਵਕੀਲ ਇਨਾ ਦੀ ਇੱਕ ਪੰਧ ਪ੍ਰਮਾਣਿਤ ਕਮੇਟੀ ਬਣਾਵੇ ਜੀਹਦੇ ਵਿੱਚ ਮੀਡੀਆ ਦੀ ਹਾਜ਼ਰੀ ਵਿੱਚ ਇਕ ਮਹੀਨਾ ਲਗਾਤਾਰ ਸਾਰੀਆਂ ਗੋਲਕਾਂ ਗਿਣ ਕੇ ਵਿਖਾ ਦੇਵੇ ਤਦ ਕੌਮ ਦੇ ਵਿੱਚ ਨਿਰਣਾ ਹੋ ਜਾਵੇਗਾ ਕਿ ਕਿਸ ਦੇ ਤੱਥ ਸਹੀ ਹਨ ਜਾਂ ਗਲਤ ਹਨ।
ਪੰਥਕ ਅਕਾਲੀ ਲਹਿਰ ਨੇ ਸਵਾਲ ਕੀਤਾ ਕਿ ਸ੍ਰੋਮਣੀ ਕਮੇਟੀ ਅਤੇ ਇਸ ਤੇ ਕਾਬਜ ਲੋਕ ਪੰਥ ਦੀ ਕਚਹਿਰੀ ਵਿਚ ਸਾਹਮਣੇ ਖੜ ਕੇ ਜਵਾਬ ਨਹੀ ਦੇ ਸਕਦੇ ਕਿਉਕਿ ਸਿਧਾਂਤਕ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਾਮ ਰਹੀਮ ਦੀ ਮੁਆਫੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਦਾ ਸਿਖ ਕਤਲੇਆਮ ਇਹ ਕਲੰਕ ਇਸ ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲ ਪਰਿਵਾਰ ਅਤੇ ਇਸਦੇ ਸਾਥੀਆਂ ਤੇ ਲੱਗਿਆ ਹੈ। ਆਗੂਆ ਨੇ ਸਵਾਲ ਕੀਤਾ ਕਿ ਗੁ: ਅੰਬ ਸਾਹਿਬ ਦੀ ਬੇਸ ਕੀਮਤੀ ਜ਼ਮੀਨ ਪੁੱਡੇ ਰਾਹੀ ਆਪਣੇ ਇਕ ਨਿੱਜੀ ਬਿਪਡਰ ਨੂੰ ਵੇਚਣਾ, ਗੁ: ਫਤਿਹਗੜ੍ਹ ਸਾਹਿਬ ਦਾ ਕਰੋੜਾ ਘਪਲਾ ਬਹੁਤ ਵੱਡੇ ਵੱਡੇ ਸਵਾਲ ਹਨ, ਜਿਸਦਾ ਉਤਰ ਸਮੂਹ ਪੰਥ ਖਾਲਸਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਲੋਕਾਂ ਤੋਂ ਮੰਗਦਾ ਹੈ। ਇਸ ਲਈ ਆਪਣੇ ਨੋਕਰਾਂ ਤੋਂ ਜਾਰੀ ਕਰਵਾਏ ਬਿਆਨਾਂ ਨਾਲ ਪੰਥਕ ਅਕਾਲੀ ਲਹਿਰ ਨੂੰ ਕੋਈ ਫਰਕ ਨਹੀ ਪੈਣਾ ਕਿ ਪੰਥਕ ਅਕਾਲੀ ਲਹਿਰ ਇਸੇ ਤਰ੍ਹਾਂ ਜਿੰਨੀ ਦੇਰ ਤੱਕ ਗੁਰੂਘਰ ਅਜਾਦ ਨਹੀਂ ਹੋ ਜਾਂਦੇ ਪੰਥਕ ਅਕਾਲੀ ਲਹਿਰ ਇਸੇ ਤਰ੍ਹਾਂ ਜੱਦੋ ਜਹਿਦ ਕਰਦੀ ਰਹੇਗੀ ਅਤੇ ਮੂੰਹ ਤੋੜਵੇ ਜਵਾਬ ਦਿੰਦੀ ਰਹੇਗੀ।
ਪੰਥਕ ਅਕਾਲੀ ਲਹਿਰ ਇਹ ਵੀ ਦਸਣਾ ਚਾਹੁੰਦੀ ਹੈ ਕਿ ਸਾਡੀ ਕਿਸੇ ਮੁਲਾਜ਼ਮ ਨਾਲ ਕੋਈ ਵੀ ਖੁੰਦਕਬਾਜੀ ਨਹੀਂ ਹੈ ਇਸ ਲਈ ਮੁਲਾਜਮ ਬਿਨਾ ਵਜਾ ਤੋਂ ਮੋਹਰਾ ਨਾ ਬਨਣ ਸਾਡੀ ਇਹ ਲੜਾਈ ਭ੍ਰਿਸ਼ਟ ਨਜਾਮ ਨਾਲ ਹੈ ਬਲਕਿ ਮੁਲਾਜ਼ਮ ਨੂੰ ਤਾਂ ਇਹ ਚਾਹਿਦਾ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਹੋ ਰਹੇ ਘਪਲਿਆਂ ਬਾਬਤ ਜਾਣਕਾਰੀ ਪੰਥਕ ਅਕਾਲੀ ਲਹਿਰ ਨੂੰ ਦੇਣ ਤਾਂ ਜੋ ਸੰਗਤ ਦੇ ਖੂਨ ਪਸੀਨੇ ਦੀ ਕਮਾਈ ਨਾਲ ਕਮਾਏ ਧਨ ਵਿਚੋ ਭੇਜੇ ਦਸਵੰਧ ਦਾ ਸਹੀ ਇਸਤੇਮਾਲ ਕੀਤਾ ਜਾਵੇ। ਪੰਥਕ ਅਕਾਲੀ ਲਹਿਰ ਜਸਵਿੰਦਰ ਸਿੰਘ ਨੂੰ ਇਹ ਸਖ਼ਤ ਸ਼ਬਦਾਂ ਨਾਲ ਤਾੜਨਾ ਕਰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਤਿੰਨ ਸਾਲਾਂ ਦੇ ਕਾਰਜਕਾਲ ਅੰਦਰ ਹੋਏ ਕਥਿਤ ਘਪਲਿਆਂ ਦਾ ਕੱਚਾ ਚਿੱਠਾ ਪੰਥਕ ਅਕਾਲੀ ਲਹਿਰ ਜੱਗ ਜਾਹਰ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…