
ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ‘ਈਦ ਦਾ ਤਿਉਹਾਰ’: ਬਲਬੀਰ ਸਿੱਧੂ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਦਿੱਤੀ ਈਦ ਦੀ ਵਧਾਈ
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾਂ ਵਿੱਚ ਨਹੀਂ ਕੀਤੇ ਵੱਡੇ ਸਮਾਗਮ, ਘਰਾਂ ’ਚ ਪੜ੍ਹੀ ਨਮਾਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਈਦ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਨੇੜਲੇ ਪਿੰਡਾਂ ਕੁੰਭੜਾ, ਮੌਲੀ ਬੈਦਵਾਨ, ਮਟੌਰ ਅਤੇ ਸਨੇਟਾ ਦੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਈਦ ਦੀ ਵਧਾਈ ਦਿੱਤੀ। ਕਿਉਂਕਿ ਇਸ ਸਾਲ ਵੀ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾਂ ਵਿੱਚ ਵੱਡੇ ਸਮਾਗਮ ਨਹੀਂ ਕੀਤੇ ਗਏ ਸਗੋਂ ਆਪੋ ਆਪਣੇ ਘਰਾਂ ਵਿੱਚ ਨਮਾਜ਼ ਪੜੀ ਗਈ ਅਤੇ ਨਿੱਜੀ ਤੌਰ ’ਤੇ ਇਕ ਦੂਜੇ ਨੂੰ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਸ੍ਰੀ ਸਿੱਧੂ ਨੇ ਕਿਹਾ ਕਿ ਈਦ ਦੇ ਪਵਿੱਤਰ ਦਿਹਾੜੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਨ ਦੇ ਨਾਲ-ਨਾਲ ਉੱਥੇ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸੂਬੇ ਦੀ ਤਰੱਕੀ ਹੋਰ ਤੇਜ਼ ਹੋਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਈਦ ਦਾ ਤਿਉਹਾਰ ਲੋਕਾਂ ਦੇ ਆਪਸੀ ਪਿਆਰ, ਸਨੇਹ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ। ਈਦ ਸਿਰਫ਼ ਮੁਸਲਮਾਨਾਂ ਦਾ ਹੀ ਨਹੀਂ ਸਗੋਂ ਸਾਰੇ ਲੋਕਾਂ ਦਾ ਮੁਕੱਦਸ ਤਿਉਹਾਰ ਹੈ। ਇਹ ਤਿਉਹਾਰ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੀ ਸੱਚੀ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਨਫ਼ਰਤੀ ਅਤੇ ਫੁੱਟਪਾਊ ਸ਼ਕਤੀਆਂ ਦੇ ਮੁਕਾਬਲੇ ਲਈ ਪਿਆਰ ਅਤੇ ਹਮਦਰਦੀ ਦੀ ਭਾਵਨਾ ਨਾਲ ਵਿਚਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਦਾ ਬਰਾਬਰ ਵਿਕਾਸ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਡਾ. ਅਨਵਰ ਹੁਸੈਨ, ਅਵਤਾਰ ਮੁਹੰਮਦ, ਦਿਲਵਰ ਖਾਨ ਮਟੌਰ, ਸੁਦਾਗਰ ਖਾਨ ਮਟੌਰ, ਸਲੀਮ ਮੁਹੰਮਦ ਮੌਲੀ ਬੈਦਵਾਨ, ਡਾ. ਜਮੀਲ, ਬਹਾਦਰ ਖਾਨ ਕੁੰਭੜਾ, ਦਿਲਵਰ ਖਾਨ ਕੁੰਭੜਾ, ਨਵਾਬ ਅਲੀ ਸਨੇਟਾ, ਅਜਗਰ ਅਲੀ ਮੌਲੀ ਬੈਦਵਾਨ, ਅਹਿਲਕਾਰ ਸਨੇਟਾ, ਰੋਸ਼ਨ ਅਲੀ ਸਨੇਟਾ ਵੀ ਹਾਜ਼ਰ ਸਨ।