
ਤਿਉਹਾਰਾਂ ਦਾ ਸੀਜ਼ਨ: ਡੀਸੀ ਨੇ ਵਿਆਪਕ ਕੋਵਿਡ-19 ਟੈਸਟਿੰਗ ਦੇ ਦਿੱਤੇ ਨਿਰਦੇਸ਼
ਮਿਠਾਈਆਂ, ਖਾਣ ਵਾਲੀਆਂ ਚੀਜ਼ਾਂ, ਰੋਸ਼ਨੀ ਵਾਲੇ ਯੰਤਰ /ਬਿਜਲੀ ਉਪਕਰਣਾਂ ਦੀ ਵਿਕਰੀ ਵਾਲੀਆਂ ਦੁਕਾਨਾਂ ‘ਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ
ਸਮੂਹ ਜ਼ਿਲ੍ਹਾ ਦਫ਼ਤਰਾਂ ਦੇ ਸਟਾਫ਼ ਦੀ ਕੋਵਿਡ -19 ਟੈਸਟਿੰਗ ਯਕੀਨੀ ਬਣਾਈ ਜਾਵੇ, 10 ਨਵੰਬਰ ਤੱਕ ਰਿਪੋਰਟ ਕੀਤੀ ਜਾਵੇ ਜਮ੍ਹਾ
50 ਤੋਂ ਵੱਧ ਕਰਮਚਾਰੀਆਂ ਵਾਲੇ ਦਫ਼ਤਰਾਂ ਲਈ ਸਿਵਲ ਸਰਜਨ ਵੱਲੋਂ ਮੋਬਾਈਲ ਵੈਨ/ ਟੈਸਟਿੰਗ ਟੀਮ ਮੁਹੱਈਆ ਕਰਵਾਈ ਜਾਵੇਗੀ
ਵਿਦਿਅਕ ਸੰਸਥਾਵਾਂ ਵੱਲੋਂ ਆਪਣੇ ਟੀਚਿੰਗ /ਨਾਨ-ਟੀਚਿੰਗ ਸਟਾਫ਼ ਦੀ ਕੋਵਿਡ ਜਾਂਚ ਨੂੰ ਯਕੀਨੀ ਬਣਾਉਣ
ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ.ਨਗਰ, 29 ਅਕਤੂਬਰ:
ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਵਿੱਚ ਜਨਤਕ ਮੀਟਿੰਗਾਂ, ਆਪਸੀ ਮੇਲ-ਜੋਲ ਅਤੇ ਸਮਾਜਿਕ ਇੱਕਠਾਂ ਕਾਰਨ ਨੋਵਲ ਕੋਰੋਨਾਵਾਇਰਸ ਦੇ ਸੰਚਾਰ ਵਿੱਚ ਵਾਧੇ ਦੀ ਸੰਭਾਵਨਾ ਲਈ ਕੋਈ ਜੋਖ਼ਮ ਨਾ ਲੈਂਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਿਵਲ ਸਰਜਨ ਦਫ਼ਤਰ ਨੂੰ ਆਉਣ ਵਾਲੇ ਪੰਦਰਵਾੜੇ ਵਿੱਚ ਵਿਆਪਕ ਨਮੂਨੇ ਲੈਣ ਦੇ ਨਿਰਦੇਸ਼ ਦਿੱਤੇ।
ਕੋਵਿਡ ਦੇ ਮਾਮਲੇ ਲਗਾਤਾਰ ਘੱਟਣ ਨਾਲ ਬਹੁਤ ਸਾਰੇ ਲੋਕਾਂ ਨੂੰ ਇੰਝ ਜਾਪਣ ਲੱਗਾ ਹੈ ਕਿ ਕੋਵਿਡ ਦਾ ਖ਼ਤਰਾ ਹੁਣ ਟੱਲ ਗਿਆ ਹੈ। ਅਸੀਂ ਸਾਰੇ ਵੀ ਇਹੀ ਇੱਛਾ ਅਤੇ ਅਰਦਾਸ ਕਰਦੇ ਹਾਂ ਪਰ ਅਸੀਂ ਕੋਈ ਜੋਖ਼ਮ ਨਹੀਂ ਲੈ ਸਕਦੇ। ਸ੍ਰੀ ਦਿਆਲਨ ਨੇ ਕਿਹਾ, “ਅਸੀਂ ਕੋਵਿਡ-19 ਨੂੰ ਤਿਉਹਾਰਾਂ ਵਿਚ ਵਿਗਾੜ ਨਹੀਂ ਪਾਉਣ ਦੇਵਾਂਗੇ, ਅਸੀਂ ਉਦੋਂ ਤੱਕ ਸੁਰੱਖਿਆ ਨਿਯਮਾਂ ਨੂੰ ਅਪਣਾਉਣਾ ਨਹੀਂ ਛੱਡਾਂਗੇ, ਜਦੋਂ ਤੱਕ ਵਾਇਰਸ ਖ਼ਤਮ ਨਹੀਂ ਹੋ ਜਾਂਦਾ।”
ਲੋਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਅਤੇ ਨੇੜਲੇ ਖੇਤਰਾਂ ਵਿੱਚ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਿਠਾਈਆਂ, ਖਾਣ ਵਾਲੀਆਂ ਚੀਜ਼ਾਂ, ਰੋਸ਼ਨੀ ਵਾਲੇ ਯੰਤਰ /ਬਿਜਲੀ ਉਪਕਰਣਾਂ ਦੀ ਵਿਕਰੀ ਵਾਲੀਆਂ ਦੁਕਾਨਾਂ ‘ਤੇ ਵਿਸ਼ੇਸ਼ ਧਿਆਨ ਦੇ ਕੇ ਬਾਜ਼ਾਰਾਂ ਵਿੱਚ ਵਿਸ਼ੇਸ਼ ਟੈਸਟਿੰਗ ਕੈਂਪ ਲਗਾਉਣ ਕਿਉਂਜੋ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੁਕਾਨਾਂ ਵਿੱਚ ਵਧੇਰੇ ਭੀੜ ਹੋਣ ਦੀ ਸੰਭਾਵਨਾ ਹੈ।
ਜ਼ਿਲ੍ਹਾ ਪੱਧਰ ਦੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀ ਅਤੇ ਕਰਮਚਾਰੀ ਅਕਸਰ ਆਮ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਕਿਉਂਕਿ ਲੋਕ ਆਪਣਾ ਕੰਮ ਕਰਵਾਉਣ ਲਈ ਇਨ੍ਹਾਂ ਦਫ਼ਤਰਾਂ ਵਿਚ ਆਉਂਦੇ ਰਹਿੰਦੇ ਹਨ। ਅਜਿਹੇ ਹਲਾਤਾਂ ਵਿੱਚ, ਵਾਇਰਸ ਫੈਲਣ ਦਾ ਜੋਖ਼ਮ ਹੋਰ ਵੱਧ ਜਾਂਦਾ ਹੈ। ਇਸ ਲਈ ਜ਼ਿਲ੍ਹੇ ਦੇ ਵੱਖ-ਵੱਖ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਕੋਵਿਡ-19 ਟੈਸਟਿੰਗ ਲਾਜ਼ਮੀ ਕੀਤੀ ਗਈ ਹੈ।
ਜ਼ਿਲ੍ਹਾ ਪੱਧਰੀ ਦਫ਼ਤਰਾਂ ਦੇ ਕੰਟਰੋਲਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 10 ਨਵੰਬਰ ਤੱਕ ਉਨ੍ਹਾਂ ਦੇ ਸਟਾਫ਼ ਵੱਲੋਂ ਟੈਸਟ ਕਰਵਾਉਣ ਦੀ ਤਸਦੀਕ ਕਰਕੇ ਰਿਪੋਰਟ ਪੇਸ਼ ਕਰਨ। ਕਿਸੇ ਵੀ ਦਫ਼ਤਰ ਵਿਚ 50 ਤੋਂ ਵੱਧ ਕਰਮਚਾਰੀ ਹੋਣ ਦੇ ਮਾਮਲੇ ਵਿਚ, ਮੌਕੇ ‘ਤੇ ਹੀ ਜਾਂਚ ਲਈ ਸਿਵਲ ਸਰਜਨ ਦਫ਼ਤਰ ਨੂੰ ਮੋਬਾਈਲ ਵੈਨ /ਟੈਸਟਿੰਗ ਟੀਮ ਮੁਹੱਈਆ ਕਰਵਾਉਣ ਲਈ ਨਿਰਦੇਸ਼ ਵੀ ਦਿੱਤੇ ਗਏ ਹਨ।
ਇਸੇ ਤਰ੍ਹਾਂ ਸਾਰੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਆਪਣੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਜਲਦ ਤੋਂ ਜਲਦ ਜਾਂਚ ਕਰਵਾਉਣ ਲਈ ਸਲਾਹ ਦਿੱਤੀ ਗਈ ਹੈ।
ਕੋਵਿਡ -19 ਦੀ ਟੈਸਟਿੰਗ ਅਤੇ ਇਸ ਦੀ ਕੀਮਤ ਜਾਣਨ ਲਈ ਜ਼ਿਲ੍ਹੇ ਦੇ ਨਾਮਜ਼ਦ ਕੇਂਦਰਾਂ (ਸਰਕਾਰੀ ਅਤੇ ਨਿੱਜੀ) ਦੀ ਸੂਚੀ https://m.facebook.com/story.php?story_fbid=643670079683539&id=128209614562924 ‘ਤੇ ਵੇਖੀ ਜਾ ਸਕਦੀ ਹੈ।