Nabaz-e-punjab.com

ਮੁਹਾਲੀ ਵਿੱਚ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

ਮੁਹਾਲੀ ਦੀਆਂ ਸੱਤ ਗੱਡੀਆਂ ਸਮੇਤ ਚੰਡੀਗੜ੍ਹ ਤੋਂ ਵੀ ਅੱਗ ਬੁਝਾਉਣ ਲਈ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ (ਸੀ-142) ਵਿੱਚ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਲੇਕਿਨ ਕਿਸੇ ਫੈਕਟਰੀ ਕਰਮਚਾਰੀ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਫੈਕਟਰੀ ਅੰਦਰ ਚੌਕੀਦਾਰ ਸਮੇਤ 5 ਪਰਿਵਾਰ ਰਹਿੰਦੇ ਹਨ ਪ੍ਰੰਤੂ ਅੱਗ ਲੱਗਣ ਤੋਂ ਤੁਰੰਤ ਬਾਅਦ ਸਾਰੇ ਪਰਿਵਾਰ ਸਹੀ ਸਲਾਮਤ ਸੁਰੱਖਿਅਤ ਬਾਹਰ ਆ ਗਏ ਸੀ। ਅੱਗ ਏਨੀ ਭਿਆਨਕ ਸੀ ਕਿ ਕਾਲਾ ਤੇ ਸੰਘਣਾ ਧੂੰਆਂ ਕਾਫੀ ਦੂਰ ਤੱਕ ਫੈਲ ਗਿਆ ਅਤੇ ਨੇੜਲੀਆਂ ਸਨਅਤੀ ਇਕਾਈਆਂ ਦੇ ਪ੍ਰਬੰਧਕਾਂ ਅਤੇ ਕਰਮਚਾਰੀਆਂ ਵਿੱਚ ਵੀ ਦਹਿਸ਼ਤ ਫੈਲ ਗਈ। ਦੇਰ ਸ਼ਾਮ ਕਰੀਬ ਸਾਢੇ 6 ਵਜੇ ਤੋਂ ਬਾਅਦ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਲੇਕਿਨ ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
ਜਾਣਕਾਰੀ ਅਨੁਸਾਰ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਕਰੀਬ ਪੌਣੇ 4 ਵਜੇ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਸੂਚਨਾ ਮਿਲਦੇ ਹੀ ਡਵੀਜ਼ਨਲ ਫਾਇਰ ਅਫ਼ਸਰ ਕ੍ਰਿਸ਼ਨ ਲਾਲ ਕੱਕੜ, ਫਾਇਰ ਅਫ਼ਸਰ ਮੋਹਨ ਲਾਲ ਵਰਮਾ ਅਤੇ ਫਾਇਰ ਅਫ਼ਸਰ ਕਰਮ ਚੰਦ ਸੂਦ ਤੁਰੰਤ ਸੱਦ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦਾ ਯਤਨ ਕੀਤਾ ਲੇਕਿਨ ਅੱਗ ਬੁਝਣ ਦੀ ਥਾਂ ਹੋਰ ਜ਼ਿਆਦਾ ਫੈਲਦੀ ਗਈ। ਦੱਸਿਆ ਗਿਆ ਹੈ ਕਿ ਅੱਗ ਕੈਮੀਕਲ ਅਤੇ ਥੀਨਰ ਨੂੰ ਲੱਗੀ ਸੀ। ਜਿਸ ਨੂੰ ਪਾਣੀ ਨਾਲ ਨਹੀਂ ਬੁਝਾਇਆ ਜਾ ਸਕਦਾ ਸੀ। ਇਸ ਮਗਰੋਂ ਚੰਡੀਗੜ੍ਹ ਦੀ ਟੀਮ ਦੋ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪੁੱਜੀ ਅਤੇ ਫੋਮ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ’ਤੇ ਕਾਬੂ ਪਾਉਣ ਲਈ ਕਰੀਬ 20 ਫਾਇਰ ਟੈਂਡਰ ਲੱਗੇ।
ਸੂਚਨਾ ਮਿਲਦੇ ਹੀ ਮੁਹਾਲੀ ਦੇ ਐਸਡੀਐਮ ਜਗਦੀਸ਼ ਸਹਿਗਲ ਅਤੇ ਤਹਿਸੀਲਦਾਰ ਅਤੇ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੇ ਫੈਕਟਰੀ ਦੇ ਚਾਰੇ ਪਾਸੇ ਘੇਰਾਬੰਦੀ ਕਰ ਲਈ ਅਤੇ ਕਿਸੇ ਵੀ ਵਿਅਕਤੀ ਨੂੰ ਡੀ ਦੇ ਅੰਦਰ ਨਹੀਂ ਜਾਣ ਦਿੱਤਾ। ਕਿਉਂਕਿ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਚੁੱਕੀ ਸੀ। ਹਾਲਾਂਕਿ ਪਹਿਲਾਂ ਅੱਗ ਦੇ ਅੰਦਰ ਕੁਝ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਸੀ। ਚੌਕੀਦਾਰ ਦੀ ਪਤਨੀ ਆਪਣੇ ਪਤੀ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਲੜਕੇ ਨੂੰ ਲੱਭ ਰਹੀ ਸੀ। ਲੇਕਿਨ ਬਾਅਦ ਵਿੱਚ ਪਤਾ ਲੱਗਾ ਫੈਕਟਰੀ ਵਿੱਚ ਰਹਿੰਦੇ ਸਾਰੇ ਪਰਿਵਾਰ ਸਹੀ ਸਲਾਮਤ ਹਨ।
ਮਿਲੀ ਜਾਣਕਾਰੀ ਅਨੁਸਾਰ ਚੌਕੀਦਾਰ ਦਵਿੰਦਰ ਸਿੰਘ ਨੇ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਫੈਕਟਰੀ ਮਾਲਕ ਸਤਪਾਲ ਗਰਗ ਨੂੰ ਜਾਣਕਾਰੀ ਦਿੱਤੀ ਅਤੇ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਮੁਹਾਲੀ ਫਾਇਰ ਬ੍ਰਿਗੇਡ ਨੂੰ ਇਸ ਹਾਦਸੇ ਬਾਰੇ ਪੌਣੇ 4 ਵਜੇ ਸੂਚਨਾ ਦਿੱਤੀ। ਬਾਅਦ ਵਿੱਚ ਉਹ ਉੱਥੋਂ ਖਿਸਕ ਗਏ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਇੱਕ ਤੋਂ ਬਾਅਦ ਇੱਕ ਧਮਾਕਾ ਹੋਇਆ ਪ੍ਰੰਤੂ ਇੱਕ ਵਾਰ ਕਰੀਬ ਸੱਤ ਅੱਠ ਧਮਾਕੇ ਇਕੱਠੇ ਹੋਣ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਉਕਤ ਫੈਕਟਰੀ ਵਿੱਚ ਥੀਨਰ ਨਾਲ ਪੇਂਟ ਮਿਕਸ ਕੀਤਾ ਜਾਂਦਾ ਹੈ ਅਤੇ ਅੱਜ ਬਾਅਦ ਦੁਪਹਿਰ ਵੇਲੇ ਵੀ ਫੈਕਟਰੀ ਅੰਦਰ ਪੇਂਟ ਮਿਕਸ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਕੈਮੀਕਲ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…