Nabaz-e-punjab.com

ਪੰਜਾਬ ਵਿੱਚ ਪੰਜਵੀਂ ਜਮਾਤ ਦੀ ਪਲੇਠੀ ਪ੍ਰੀਖਿਆ ਸ਼ੁਰੂ

ਪੰਜਾਬੀ ਵਿਸ਼ੇ ਦੀ ਪ੍ਰੀਖਿਆ ’ਚ ਸਵਾ 3 ਲੱਖ ਬੱਚੇ ਅਪੀਅਰ ਹੋਏ, ਤਿੰਨ ਨੇ ਉਰਦੂ ਦੀ ਪ੍ਰੀਖਿਆ ਦਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰੀਬ ਇਕ ਦਹਾਕੇ ਬਾਅਦ ਲਈ ਜਾ ਰਹੀ ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਅੱਜ ਸ਼ੁਰੂ ਹੋਈ। ਇਸ ਤੋਂ ਪਹਿਲਾਂ ਪੰਜਵੀਂ ਦੀ ਮੁਲਾਂਕਣ ਪ੍ਰੀਖਿਆ ਐਸਸੀਈਆਰਟੀ ਵੱਲੋਂ ਲਈ ਜਾਂਦੀ ਸੀ। ਬੋਰਡ ਵੱਲੋਂ ਪਹਿਲਾਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਲਈਆਂ ਜਾਂਦੀਆਂ ਸਨ ਪ੍ਰੰਤੂ ਐਤਕੀਂ ਪੰਜਵੀਂ ਅਤੇ ਅੱਠਵੀਂ ਜਮਾਤਾਂ ਦੀ ਸਾਲਾਨਾ ਪ੍ਰੀਖਿਆ ਵੀ ਲਈਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ 2009 ਵਿੱਚ ਪਹਿਲੀ ਤੋਂ ਅੱਠਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਪਾਸ ਕਰਨ ਦਾ ਫੈਸਲਾ ਲਿਆ ਸੀ। ਰਾਈਟ ਟੂ ਐਜੂਕੇਸ਼ਨ ਸਕੀਮ ਤਹਿਤ ਸਰਕਾਰੀ ਚਿੱਠੀ ਮਿਲਣ ਤੋਂ ਬਾਅਦ ਬੋਰਡ ਨੇ 2010 ਤੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਲੈਣੀ ਬੰਦ ਕਰ ਦਿੱਤੀ ਸੀ। ਆਰਟੀਈ ਤਹਿਤ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਪਹਿਲੀ ਤੋਂ ਅੱਠਵੀਂ ਕਿਸੇ ਬੱਚੇ ਨੂੰ ਫੇਲ੍ਹ ਨਾ ਕੀਤਾ ਜਾਵੇ। ਇਸ ਫੈਸਲੇ ਨਾਲ ਮਿਆਰੀ ਸਿੱਖਿਆ ਨੂੰ ਢਾਹ ਲੱਗੀ ਕਿਉਂਕਿ ਨੌਵੀਂ ਜਮਾਤ ਵਿੱਚ ਦਾਖ਼ਲ ਹੋਣ ਲਈ ਆਉਂਦੇ ਜ਼ਿਆਦਾਤਰ ਵਿਦਿਆਰਥੀ ਗਿਆਨ ਵਿਹੂਣੇ ਹੋ ਗਏ ਸਨ। ਕਿਉਂਜੋ ਬੱਚਿਆਂ ਦੇ ਮਨ ’ਚੋਂ ਪ੍ਰੀਖਿਆ ਦਾ ਡਰ ਚੁੱਕਿਆ ਗਿਆ ਸੀ। ਜਿਸ ਕਾਰਨ ਬੋਰਡ ਵੱਲੋਂ ਇਸ ਸਾਲ ਤੋਂ ਪੰਜਵੀਂ ਅਤੇ ਅੱਠਵੀਂ ਦੀ ਪ੍ਰੀਖਿਆ ਲੈਣੀ ਸ਼ੁਰੂ ਕੀਤੀ ਗਈ ਹੈ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰ ਦੇ ਸੈਸ਼ਨ ਵਿੱਚ ਪੰਜਵੀਂ ਸ਼੍ਰੇਣੀ ਦੀ ਪਹਿਲੀ ਭਾਸ਼ਾ ਅਤੇ ਅੱਠਵੀਂ ਸ਼੍ਰੇਣੀ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਕਰਵਾਈ ਗਈ। ਇਨ੍ਹਾਂ ਪ੍ਰੀਖਿਆਵਾਂ ਦੌਰਾਨ ਨਕਲ ਤੇ ਹੋਰ ਗ਼ੈਰ ਅਨੁਸ਼ਾਸਨੀ ਕਾਰਵਾਈਆਂ ਉੱਤੇ ਨਜ਼ਰ ਰੱਖਦਿਆਂ ਸਟਾਫ਼ ਨੇ ਪੂਰੀ ਮੁਸਤੈਦੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਾਲ ਨਿਭਾਈਆਂ। ਸਵੇਰ ਦੇ ਸੈਸ਼ਨ ਵਿੱਚ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੌਰਾਨ ਨਕਲ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।
ਜਾਣਕਾਰੀ ਅਨੁਸਾਰ ਪੰਜਵੀਂ ਸ਼੍ਰੇਣੀ ਦੀ ਪਹਿਲੀ ਭਾਸ਼ਾ ਦੀ ਪ੍ਰੀਖਿਆ ਲਈ ਸੂਬੇ ਦੇ 18 ਹਜ਼ਾਰ 834 ਸਕੂਲਾਂ ਦੇ 3 ਲੱਖ 24 ਹਜ਼ਾਰ 197 ਪ੍ਰੀਖਿਆਰਥੀ ਅਤੇ ਅੱਠਵੀਂ ਸ਼੍ਰੇਣੀ ਦੇ ਵਿਸ਼ਾ ਸਮਾਜਿਕ ਸਿੱਖਿਆ ਦੀ ਪ੍ਰੀਖਿਆ ਲਈ 3 ਲੱਖ 18 ਹਜ਼ਾਰ 768 ਵਿਦਿਆਰਥੀ ਯੋਗ ਕਰਾਰ ਦਿੱਤੇ ਗਏ ਸਨ। ਪੰਜਵੀਂ ਦੀ ਪ੍ਰੀਖਿਆ ਲਈ 16 ਹਜ਼ਾਰ 864 ਪ੍ਰੀਖਿਆ ਕੇਂਦਰ ਅਤੇ ਅੱਠਵੀਂ ਦੀ ਪ੍ਰੀਖਿਆ ਲਈ 2 ਹਜ਼ਾਰ 325 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।
ਪੰਜਾਬ ਦੇ ਨਿੱਕੇ-ਨਿੱਕੇ 2 ਲੱਖ 71 ਹਜ਼ਾਰ ਅਤੇ 595 ਪ੍ਰੀਖਿਆਰਥੀਆਂ ਨੇ ਪੰਜਾਬੀ ਵਿਸ਼ਾ ਅਤੇ 52 ਹਜ਼ਾਰ 446 ਪ੍ਰੀਖਿਆਰਥੀਆਂ ਨੇ ਹਿੰਦੀ ਅਤੇ ਤਿੰਨ ਵਿਦਿਆਰਥੀਆਂ ਨੇ ਉਰਦੂ ਵਿਸ਼ੇ ਦੀ ਪ੍ਰੀਖਿਆ ਦਿੱਤੀ। ਉਰਦੂ ਦੀ ਪ੍ਰੀਖਿਆ ਸਬੰਧੀ ਤਿੰਨ ਬੱਚਿਆਂ ਲਈ 3 ਵੱਖੋ ਵੱਖਰੇ ਥਾਵਾਂ ’ਤੇ ਪ੍ਰੀਖਿਆ ਕੇਂਦਰ ਬਣਾਏ ਗਏ। ਬੁਲਾਰੇ ਨੇ ਦੱਸਿਆ ਕਿ 16 ਮਾਰਚ ਨੂੰ ਵਾਤਾਵਰਨ ਸਿੱਖਿਆ, 18 ਮਾਰਚ ਨੂੰ ਅੰਗਰੇਜ਼ੀ, 20 ਮਾਰਚ ਨੂੰ ਦੂਜੀ ਭਾਸ਼ਾ ਸਮੇਤ 23 ਮਾਰਚ ਨੂੰ ਗਣਿਤ ਦੀ ਪ੍ਰੀਖਿਆ ਕਰਵਾਈ ਜਾਣੀ ਹੈ। ਉਪਰੋਕਤ ਤੋਂ ਇਲਾਵਾ ਸਿਹਤ ਤੇ ਸਰੀਰਕ ਸਿੱਖਿਆ ਦੀ ਪ੍ਰੀਖਿਆ ਸਕੂਲੀ ਦੇ ਪੱਧਰ ’ਤੇ 24 ਤੇ 25 ਮਾਰਚ ਨੂੰ ਕਰਵਾਈ ਜਾਵੇਗੀ। ਉਧਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਅੱਜ ਸਰਕਾਰੀ ਸਕੂਲ ਮਜਾਤੜੀ ਅਤੇ ਝੰਜੇੜੀ ਦਾ ਦੌਰਾ ਕਰਕੇ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਪ੍ਰੀਤ ਕੌਰ ਧਾਲੀਵਾਲ ਅਤੇ ਹੋਰ ਉਡਣ ਦਸਤਿਆਂ ਨੇ ਵੀ ਵੱਖ ਵੱਖ ਪ੍ਰੀਖਿਆ ਕੇਂਦਰ ਦਾ ਦੌਰਾ ਕਰਕੇ ਜਾਇਜ਼ਾ ਲਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…