nabaz-e-punjab.com

ਦੁੱਧ ਦੇ ਭਾਅ ਨੂੰ ਲੈ ਕੇ ਜੰਗ: ਪੰਜਾਬ ਸਰਕਾਰ ਨੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੀ ਸੋਮਵਾਰ ਨੂੰ ਸੱਦੀ ਮੀਟਿੰਗ

ਦੁੱਧ ਉਤਪਾਦਕਾਂ ਨੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਮੁੱਖ ਸੜਕ ਤੋਂ ਧਰਨਾ ਚੁੱਕਿਆ

ਮੀਟਿੰਗ ਵਿੱਚ ਮਸਲਾ ਹੱਲ ਨਾ ਹੋਣ ’ਤੇ ਆਪ ਸਰਕਾਰ ਖ਼ਿਲਾਫ਼ ਵਿੱਢਿਆ ਜਾਵੇਗਾ ਜਨ ਅੰਦੋਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਦੁੱਧ ਦੇ ਭਾਅ ਅਤੇ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦੇ ਮੋਹਰੀ ਆਗੂਆਂ ਦੀ ਇਕ ਅਹਿਮ ਮੀਟਿੰਗ ਭਲਕੇ ਸੋਮਵਾਰ ਨੂੰ ਸਵੇਰੇ 11 ਵਜੇ ਪੰਜਾਬ ਸਰਕਾਰ ਨਾਲ ਹੋਣ ਜਾ ਰਹੀ ਹੈ। ਦੁੱਧ ਦਾ ਭਾਅ ਵਧਾਉਣ ਸਮੇਤ ਦੁੱਧ ਉਤਪਾਦਕਾਂ ਦੀਆਂ ਹੋਰ ਹੱਕੀ ਮੰਗਾਂ ਨੂੰ ਲੈ ਕੇ ਬੀਤੇ ਕੱਲ੍ਹ ਦੁੱਧ ਉਤਪਾਦਕਾਂ ਵੱਲੋਂ ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-6 ਸਥਿਤ ਵੇਰਕਾ ਮਿਲਕ ਪਲਾਂਟ ਦਾ ਘਿਰਾਓ ਕਰਕੇ ਮੁਹਾਲੀ-ਚੰਡੀਗੜ੍ਹ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਸੂਬਾ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਸੋਮਵਾਰ ਨੂੰ ਪੰਜਾਬ ਦੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੰਦਿਆਂ ਧਰਨਾ ਖ਼ਤਮ ਕਰਨ ਦੀ ਅਪੀਲ ਕੀਤੀ ਗਈ। ਇਸ ਤਰ੍ਹਾਂ ਲੰਘੀ ਰਾਤ ਦੁੱਧ ਉਤਪਾਦਕਾਂ ਨੇ ਸੜਕ ਤੋਂ ਧਰਨਾ ਚੁੱਕ ਲਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਮਸਲੇ ਦਾ ਕੋਈ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਦੁੱਧ ਉਤਪਾਦਕਾਂ ਵੱਲੋਂ ਆਪ ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਲੜੀਵਾਰ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਮਨੀਸ਼ ਸ਼ਰਮਾ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਮਿਲਕਫੈੱਡ ਦੇ ਐਮਡੀ ਕਮਲਦੀਪ ਸਿੰਘ ਸੰਘਾ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਅਧਿਕਾਰੀ ਨੇ ਧਰਨੇ ਵਿੱਚ ਪਹੁੰਚ ਕੇ ਦੱਸਿਆ ਕਿ ਮਿਲਕਫੈੱਡ ਪਹਿਲਾਂ ਹੀ ਦੁੱਧ ਦੇ ਖ਼ਰੀਦ ਭਾਅ ਵਿੱਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਧਾ ਚੁੱਕਾ ਹੈ। ਹੁਣ ਵੀ ਵਰਕ ਆਊਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਮਿਲਕਫੈੱਡ ਦੀ ਲਿਮਟ ਤੋਂ ਵੀ ਬਾਹਰ ਹੋ ਗਏ ਹਨ। ਹੁਣ ਅੱਗੇ ਪੰਜਾਬ ਸਰਕਾਰ ਦਾ ਪਾਲਸੀ ਮੈਟਰ ਬਣਨਾ ਹੈ। ਮੀਟਿੰਗ ਵਿੱਚ ਇਨ੍ਹਾਂ ਸਾਰਿਆਂ ਮੁੱਦਿਆਂ ’ਤੇ ਚਰਚਾ ਹੋਵੇਗੀ ਅਤੇ ਕੋਈ ਵਿਚਲਾ ਹੱਲ ਨਿਕਲਣ ਦੀ ਉਮੀਦ ਹੈ।
ਉਧਰ, ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮਿਲਕਫੈੱਡ ਪੰਜਾਬ ਵੱਲੋਂ ਪਹਿਲਾਂ ਹੀ 1 ਮਾਰਚ ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ, 1 ਅਪਰੈਲ ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ ਅਤੇ 21 ਅਪਰੈਲ ਨੂੰ ਦੁੱਧ ਦੀ ਖ਼ਰੀਦ ਕੀਮਤਾਂ ਵਿੱਚ 10 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਗਿਆ ਸੀ। ਹੁਣ ਵਧਾਏ 20 ਰੁਪਏ ਦੇ ਹਿਸਾਬ ਨਾਲ ਕਰੀਬ ਢਾਈ ਮਹੀਨੇ ਵਿੱਚ ਕੁੱਲ 70 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਕਾਂ ਤੋਂ ਖ਼ਰੀਦੇ ਗਏ ਉੱਤਮ ਗੁਣਵੱਤਾ ਦੇ ਦੁੱਧ ਨੂੰ ਵੱਖ-ਵੱਖ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ ਅਤੇ ਖਪਤਕਾਰਾਂ ਦੀ ਲੋੜ ਮੁਤਾਬਕ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਪੈਦਾ ਹੋਏ ਮਾਲੀਏ ਦਾ ਕਰੀਬ 80 ਫੀਸਦੀ ਕੀਮਤ ਅਤੇ ਵੱਖ-ਵੱਖ ਸੇਵਾਵਾਂ, ਸਬਸਿਡੀ ਦੇ ਰੂਪ ਵਿੱਚ ਦੁੱਧ ਉਤਪਾਦਕਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਵੇਰਕਾ ਆਪਣੇ ਖਪਤਕਾਰਾਂ ਨੂੰ ਲਗਾਤਾਰ ਉੱਤਮ ਗੁਣਵੱਤਾ ਦੇ ਦੁੱਧ ਪਦਾਰਥ ਮੁਹੱਈਆ ਕਰਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਲਈ ਹੋਰ ਵੀ ਠੋਸ ਉਪਰਾਲੇ ਕੀਤੇ ਜਾਣਗੇ। ਮਿਲਕਫੈੱਡ ਵੱਲੋਂ ਦੁੱਧ ਉਤਪਾਦਕਾਂ ਨੂੰ ਹਮੇਸ਼ਾ ਦੁੱਧ ਦੀਆਂ ਉੱਚੀਆਂ ਖ਼ਰੀਦ ਕੀਮਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਖਾਸ ਕਰਕੇ ਕੋਵਿਡ ਮਹਾਮਾਰੀ ਦੌਰਾਨ ਜਦੋਂ ਪ੍ਰਾਈਵੇਟ ਖ਼ਰੀਦਦਾਰਾਂ ਨੇ ਦੁੱਧ ਖ਼ਰੀਦਣਾ ਬੰਦ ਕਰ ਦਿੱਤਾ ਸੀ ਅਤੇ ਦੁੱਧ ਦੇ ਭਾਅ ਘਟਾ ਦਿੱਤੇ ਸਨ ਤਾਂ ਮਿਲਕਫੈੱਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਦੁੱਧ ਉਤਪਾਦਕਾਂ ਨੂੰ ਵਾਜਬ ਦੁੱਧ ਖ਼ਰੀਦ ਰੇਟ ਦਿੱਤੇ ਸਨ। ਉਨ੍ਹਾਂ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੌਰਾਨ ਵੇਰਕਾ ਦੀਆਂ ਸਭਾਵਾਂ ਵਿੱਚ ਵੱਧ ਤੋਂ ਵੱਧ ਦੁੱਧ ਪਾ ਕੇ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਵੇਰਕਾ ਨੂੰ ਵੱਧ ਤੋਂ ਵੱਧ ਦੁੱਧ ਮਿਲ ਸਕੇ ਅਤੇ ਵੱਧ ਮੁਨਾਫ਼ਾ ਹੋਵੇ। ਇਸ ਨਾਲ ਦੁੱਧ ਉਤਪਾਦਕਾਂ ਦੀ ਵੀ ਆਰਥਿਕ ਹਾਲਤ ਹੋਰ ਮਜ਼ਬੂਤ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…