
ਪਿੰਡਾਂ ਵਿੱਚ ਸਿਹਤ ਸਹੂਲਤਾਂ, ਸਿੱਖਿਆ ਤੇ ਸੁੰਦਰੀਕਰਨ ਲਈ ਜੰਗੀ ਪੱਧਰ ’ਤੇ ਕੰਮ ਜਾਰੀ: ਸਿੱਧੂ
ਸਿਹਤ ਮੰਤਰੀ ਨੇ ਰਜਿਸਟਰਡ ਉਸਾਰੀ ਲਾਭਪਾਤਰੀਆਂ ਨੂੰ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਆ
ਮੁਹਾਲੀ ਹਲਕੇ ਵਿੱਚ ਗਰਾਂਟਾਂ ਵੰਡਣ ਮੌਕੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ, ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਅਤੇ ਪਿੰਡਾਂ ਨੂੰ ਸ਼ਹਿਰੀ ਦਿੱਖ ਦੇਣ ਲਈ ਵੱਡੇ ਪੱਧਰ ਉਤੇ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਰਾਜ ਦੇ ਲੋਕਾਂ ਦੇ ਜੀਵਨ ਵਿੱਚ ਅਹਿਮ ਤਬਦੀਲੀ ਆਈ ਹੈ ਕਿਉਂਕਿ ਲੋਕਾਂ ਨੂੰ ਹੁਣ ਪੰਜ ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਮਿਲ ਜਾਂਦਾ ਹੈ।
ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਸੰਭਾਲ ਤੇ ਸਿੱਖਿਆ ਖੇਤਰਾਂ ਵਿੱਚ ਮਿਸਾਲੀ ਕਦਮ ਚੁੱਕੇ ਹਨ, ਜਿਸ ਨਾਲ ਦੋਵੇਂ ਖੇਤਰਾਂ ਵਿੱਚ ਸੂਬਾ ਪਹਿਲੀ ਕਤਾਰ ਵਿੱਚ ਖੜ੍ਹਾ ਹੈ। ਸਿਹਤ ਸੰਭਾਲ ਖੇਤਰ ਵਿੱਚ ਕੋਵਿਡ ਨਾਲ ਸਿੱਝਣ ਵਿੱਚ ਦਿਖਾਏ ਹੌਸਲੇ ਤੇ ਦ੍ਰਿੜ੍ਹਤਾ ਦੀ ਪੂਰੇ ਦੇਸ਼ ਵਿੱਚ ਸ਼ਲਾਘਾ ਹੋਈ, ਜਦੋਂ ਕਿ ਸਿੱਖਿਆ ਪੱਖੋਂ ਵੀ ਪੰਜਾਬ ਪੂਰੇ ਮੁਲਕ ’ਚੋਂ ਪਹਿਲੇ ਨੰਬਰ ਉਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਜਿਸਟਰਡ ਉਸਾਰੀ ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਵੱਡੇ ਪੱਧਰ ਉਤੇ ਲਾਭ ਦਿੱਤੇ ਜਾ ਰਹੇ ਹਨ ਅਤੇ ਸਰਕਾਰ ਨੇ ਹਾਲ ਹੀ ਵਿੱਚ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੁੱਗਣੀਆਂ ਕਰ ਕੇ ਆਪਣਾ ਵੱਡਾ ਚੋਣ ਵਾਅਦਾ ਪੂਰਾ ਕੀਤਾ ਹੈ।
ਆਪਣੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਪਿੰਡ ਸ਼ਾਮਪੁਰ ਦੇ ਜਨਰਲ ਧਰਮਸ਼ਾਲਾ ਲਈ 5 ਲੱਖ ਅਤੇ ਐਸ.ਈ. ਧਰਮਸ਼ਾਲਾ ਲਈ 5 ਲੱਖ ਅਤੇ ਨਿਕਾਸੀ ਦੇ ਨਾਲੇ ਲਈ 1 ਲੱਖ ਰੁਪਏ ਕੁੱਲ 11 ਲੱਖ ਰੁਪਏ ਦੇ ਚੈੱਕ ਦਿੱਤੇ। ਕੈਬਨਿਟ ਮੰਤਰੀ ਨੇ ਪਿੰਡ ਗੋਬਿੰਦਗੜ੍ਹ ਵਿੱਚ ਸਟਰੀਟ ਲਾਇਟਾਂ ਲਈ ਇਕ ਲੱਖ ਰੁਪਏ ਸ਼ਮਸ਼ਾਨ ਘਾਟ ਸ਼ੈੱਡ ਦੀ ਚਾਰਦੀਵਾਰੀ ਲਈ 5 ਲੱਖ, ਛੱਪੜ ਦੀ ਚਾਰਦੀਵਾਰੀ ਲਈ 5 ਲੱਖ ਰੁਪਏ ਅਤੇ ਸਕੂਲ ਦੇ ਨਵੀਕੀਕਰਨ ਲਈ 1 ਕਰੋੜ 11 ਲੱਖ ਰੁਪਏ ਦੇ ਚੈੱਕ ਦਿੱਤੇ। ਪਿੰਡ ਢੇਲਪੁਰ ਗਲੀਆਂ-ਨਾਲੀਆਂ ਲਈ 4 ਲੱਖ, ਗਡਾਣਾ ਗਲੀਆਂ ਨਾਲੀਆਂ ਲਈ 3 ਲੱਖ, ਕਮਿਊਨਿਟੀ ਸੈਂਟਰ ਰਿਪੇਅਰ ਲਈ 5 ਲੱਖ ਅਤੇ ਐਸਸੀ ਸ਼ਮਸ਼ਾਨਘਾਟ ਵਰਾਂਡੇ ਤੇ ਚਾਰ ਦੀਵਾਰੀ ਲਈ 5 ਲੱਖ ਰੁਪਏ ਸਮੇਤ ਕੁੱਲ 13 ਲੱਖ ਰੁਪਏ, ਪਿੰਡ ਧੀਰਪੁਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ 3 ਲੱਖ ਅਤੇ ਸ਼ਮਸ਼ਾਨਘਾਟ ਵਰਾਂਡੇ ਲਈ 2.50 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੱਤੇ। ਪਿੰਡ ਸਨੇਟਾ ਵਿੱਚ ਟੋਭੇ ਦੇ ਸੁੰਦਰੀਕਰਨ ਲਈ 20 ਲੱਖ, ਮੁਸਲਿਮ ਧਰਮਾਸ਼ਾਲਾ ਲਈ 6 ਲੱਖ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 3 ਲੱਖ ਰੁਪਏ ਕੁੱਲ 29 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੱਤੇ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਜਸਵਿੰਦਰ ਕੌਰ, ਠੇਕੇਦਾਰ ਮੋਹਨ ਸਿੰਘ ਬਠਲਾਣਾ ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ, ਮਨਜੀਤ ਸਿੰਘ ਤੰਗੌਰੀ ਵਾਈਸ ਚੇਅਰਮੈਨ ਪੰਚਾਇਤ ਸਮਿਤੀ ਖਰੜ, ਐਡਵੋਕੇਟ ਗੁਰਿੰਦਰ ਸਿੰਘ ਦੈੜੀ ਡਾਇਰੈਕਟਰ ਮਿਲਕ ਪਲਾਂਟ, ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਏਪੁਰ ਕਲਾਂ, ਨੰਬਰਦਾਰ ਗੁਰਚਰਨ ਸਿੰਘ ਗੀਗੇਮਾਜਰਾ, ਗੁਰਵਿੰਦਰ ਸਿੰਘ ਬੜੀ, ਹਰਭਜਨ ਸਿੰਘ ਤਾਰਾ ,ਇੰਦਰਜੀਤ ਸਰਪੰਚ ਸ਼ਾਮਪੁਰ, ਪਰਮਜੀਤ ਸਰਪੰਚ ਗੋਬਿੰਦਗੜ੍ਹ, ਚੌਧਰੀ ਰਾਮ ਈਸ਼ਵਰ, ਬਲਵਿੰਦਰ ਸਿੰਘ ਪੰਚ, ਹਰਜਿੰਦਰ ਸਿੰਘ ਸਰਪੰਚ ਢੇਲਪੁਰ, ਹਰਿੰਦਰ ਸਿੰਘ ਜੋਨੀ ਸਰਪੰਚ ਗਡਾਣਾ, ਸੋਮਨਾਥ ਸਾਬਕਾ ਸਰਪੰਚ ਗਡਾਣਾ, ਜਸਵੀਰ ਕੌਰ ਸਰਪੰਚ ਧੀਰਪੁਰ, ਭਾਗ ਸਿੰਘ ਸਾਬਕਾ ਸਰਪੰਚ ਧੀਰਪੁਰ, ਚੌਧਰੀ ਭਗਤਰਾਮ ਸਰਪੰਚ ਸਨੇਟਾ, ਚੌਧਰੀ ਰੀਸ਼ੀਪਾਲ ਸਾਬਕਾ ਸਰਪੰਚ ਸਨੇਟਾ ਸਮੇਤ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।