ਕਰੋਨਾ ਖ਼ਿਲਾਫ਼ ਫਰੰਟ ਲਾਈਨ ’ਤੇ ਲੜਾਈ ਲੜ ਰਹੇ ਅਮਲੇ ਦੀਆਂ ਮੁਸ਼ਕਲਾਂ ਵਧੀਆਂ

ਪੂਰਬ ਅਪਾਰਟਮੈਂਟ ਵਿੱਚ ਠਹਿਰਾਏ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਘਰਾਂ ਤੋਂ ਦੂਰ ਖਾਲੀ ਫਲੈਟਾਂ ਵਿੱਚ ਸ਼ਿਫ਼ਟ ਕਰਨ ਦੀ ਮੰਗ

ਪੂਰਬ ਪ੍ਰੀਮੀਅਰ ਅਪਾਰਟਮੈਂਟ ਜਨਹਿੱਤ ਬਚਾਓ ਕਮੇਟੀ ਨੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਕਰੋਨਾਵਾਇਰਸ ਦੀ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਅੱਗੇ ਹੋ ਕੇ ਲੜਾਈ ਲੜ ਰਹੇ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਰਹਿਣ ਲਈ ਇੱਥੋਂ ਦੇ ਸੈਕਟਰ-88 ਸਥਿਤ ਗਮਾਡਾ ਦੇ ਮੈਗਾ ਹਾਊਸਿੰਗ ਪ੍ਰਾਜੈਕਟ ਪੂਰਬ ਅਪਾਰਟਮੈਂਟ ਕੰਪਲੈਕਸ ਵਿੱਚ ਖਾਲੀ ਪਏ ਫਲੈਟਾਂ ਵਿੱਚ ਆਰਜ਼ੀ ਤੌਰ ’ਤੇ ਰਿਹਾਇਸ਼ ਦੀ ਵਿਵਸਥਾ ਕੀਤੀ ਗਈ ਹੈ।
ਪੂਰਬ ਪ੍ਰੀਮੀਅਰ ਅਪਾਰਟਮੈਂਟ ਜਨਹਿੱਤ ਬਚਾਓ ਕਮੇਟੀ ਨੇ ਉਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇੱਥੇ ਆਰਜ਼ੀ ਰਿਹਾਇਸ਼ ਕਰਨ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਰਾਹੁਲ ਸ਼ਰਮਾ ਨੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਪੰਜਾਬ ਦੇ ਰਾਜਪਾਲ, ਕੇਂਦਰੀ ਸਿਹਤ ਮੰਤਰਾਲਾ ਭਾਰਤ ਸਰਕਾਰ ਅਤੇ ਸੂਬੇ ਦੇ ਸਿਹਤ ਮੰਤਰੀ ਸਮੇਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਵੱਖੋ-ਵੱਖਰੇ ਪੱਤਰ ਲਿਖ ਕੇ ਮੰਗ ਕੀਤੀ ਕਿ ਫਰੰਟ ਲਾਈਨ ਅਮਲੇ ਨੂੰ ਪੂਰਬ ਅਪਾਰਟਮੈਂਟ ਦੇ ਰਿਹਾਇਸ਼ੀ ਖੇਤਰ ਵਿੱਚ ਨਾ ਠਹਿਰਾਇਆ ਜਾਵੇ। ਇਨ੍ਹਾਂ ਸਾਰਿਆਂ ਲਈ ਕੰਪਲੈਕਸ ਦੇ ਦੂਜੇ ਖਾਲੀ ਪਏ ਟਾਵਰਾਂ ਦੇ ਫਲੈਟਾਂ ਲੋੜੀਂਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਨ੍ਹਾਂ ਦੀ ਆਵਾਜਾਈ ਦੌਰਾਨ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਕੰਪਲੈਕਸ ਵਿੱਚ 350 ਤੋਂ ਵੱਧ ਪਰਿਵਾਰ ਰਹਿੰਦੇ ਹਨ। ਇੱਥੇ ਸਾਂਝਾ ਲਾਂਘਾ, ਸਾਂਝੀਆਂ ਲਿਫ਼ਟਾਂ, ਪੌੜੀਆਂ, ਗਲਿਆਰੇ ਹਨ। ਜਿਨ੍ਹਾਂ ਦੀ ਵਰਤੋਂ ਨਾਲ ਬਿਮਾਰੀ ਦੇ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਖ਼ਿਲਾਫ਼ ਜੰਗ ਵਿੱਚ ਮੂਹਰਲੀ ਕਤਾਰ ਵਿੱਚ ਲੜਾਈ ਲੜ ਰਹੇ ਸਬੰਧਤ ਅਮਲਾ ਆਪਣੇ ਘਰਾਂ ਵਿੱਚ ਇਸ ਕਰਕੇ ਨਹੀਂ ਜਾ ਰਿਹਾ ਤਾਂ ਜੋ ਉਨ੍ਹਾਂ ਪਰਿਵਾਰਕ ਮੈਂਬਰ ਨੂੰ ਇਨਫੈਕਸ਼ਨ ਨਾ ਹੋਵੇ ਪ੍ਰੰਤੂ ਡੀਸੀ ਮੁਹਾਲੀ ਵੱਲੋਂ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇੱਥੋਂ ਦੇ ਵਸਨੀਕਾਂ ਵਿੱਚ ਠਹਿਰਾ ਦਿੱਤਾ ਗਿਆ ਹੈ। ਜਿਸ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਸੁਰੱਖਿਆ ਦਾ ਡਰ ਸਤਾਉਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਇਨ੍ਹਾਂ ਅਧਿਕਾਰੀਆਂ ਨੂੰ ਠਹਿਰਾਉਣ ਸਬੰਧੀ ਸਥਾਨਕ ਲੋਕਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕਰੋਨਾ ਦੇ ਪਾਜ਼ੇਟਿਵ ਮਰੀਜ਼ ਹਨ। ਜੇਕਰ ਪੂਰਬ ਅਪਾਰਟਮੈਂਟ ਵਿੱਚ ਇਹ ਬਿਮਾਰੀ ਫੈਲੀ ਤਾਂ ਇਸ ਦੀ ਜ਼ਿੰਮੇਵਾਰੀ ਡੀਸੀ ਦੀ ਹੋਵੇਗੀ।
ਉਧਰ, ਦੂਜੇ ਪਾਸੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਪੂਰਬ ਅਪਾਰਟਮੈਂਟ ਦੇ ਵਸਨੀਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਜਿਹੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇੱਥੇ ਆਰਜ਼ੀ ਰਿਹਾਇਸ਼ ਕੀਤੀ ਗਈ ਹੈ, ਉਨ੍ਹਾਂ ’ਚੋਂ ਕੋਈ ਵੀ ਪੀੜਤ ਨਹੀਂ ਹੈ ਅਤੇ ਉਹ ਸਾਰੇ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਕਰੋਨਾ ਖ਼ਿਲਾਫ਼ ਅੱਗੇ ਹੋ ਕੇ ਲੜਾਈ ਲੜਨ ਵਾਲੇ ਅਫ਼ਸਰਾਂ\ਮੁਲਾਜ਼ਮਾਂ ਦਾ ਵਿਰੋਧ ਕਰਨ ਦੀ ਥਾਂ ਹਰੇਕ ਨਾਗਰਿਕ ਦੀ ਹੌਸਲਾ ਅਫਜਾਈ ਅਤੇ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ। ਉਂਜ ਵੀ ਕਿਸੇ ਦੇ ਰਹਿਣ ਨਾਲ ਨਹੀਂ ਬਲਕਿ ਪੀੜਤ ਦੇ ਸੰਪਰਕ ਵਿੱਚ ਆਉਣ ਨਾਲ ਹੀ ਇਹ ਬਿਮਾਰੀ ਫੈਲਦੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…