
ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਦਰਜੀ ਖ਼ਿਲਾਫ਼ ਕੇਸ ਦਰਜ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 17 ਜੁਲਾਈ:
ਇਥੋਂ ਦੇ ਢਕੋਲੀ ਖੇਤਰ ਵਿੱਚ ਪੁਲੀਸ ਨੇ ਇਕ ਘਰ ਵਿੱਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਬੂਟੀਕ ਵਿੱਚ ਕੰਮ ਕਰਦੇ ਦਰਜੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮੁਲਜ਼ਮ ਦਰਜੀ ਸਵਰਨ ਕੁਮਾਰ ਵਾਸੀ ਮੋਲੀ ਜਾਗਰਾਂ ਖ਼ਿਲਾਫ਼ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਦੀਪ ਕੌਰ ਪਤਨੀ ਰਾਜੇਸ਼ ਕੁਮਾਰ ਵਾਸੀ 26 ਗੁਰਜੀਵਨ ਵਿਹਾਰ ਨੇ ਦੱਸਿਆ ਕਿ ਉਸਨੇ ਸਵਰਨ ਕੁਮਾਰ ਵਾਸੀ ਮੋਲੀ ਜਾਗਰਾਂ ਚੰਡੀਗੜ• ਨੂੰ ਆਪਣੇ ਘਰ ਵਿੱਚ ਨੌਕਰੀ ‘ਤੇ ਰੱਖਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਘਰ ਤੋਂ ਹੀ ਬੂਟੀਕ ਚਲਾਉਂਦੀ ਹੈ। ਉਸ ਵੱਲੋਂ ਆਪਣੇ ਕਮਰੇ ਵਿੱਚ ਟੇਬਲ ਦੇ ਦਰਾਜ ਵਿੱਚ ਦੋ ਸੋਨੇ ਦੀ ਚੇਨੀ ਦ ਦੋ ਸੈੱਟ ਰੱਖੇ ਹੋਏ ਸਨ ਜੋ ਆਪਣੀ ਥਾਂ ਤੋਂ ਗਾਇਬ ਸੀ। ਉਸਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਨੂੰ ਸ਼ੱਕ ਹੈ ਕਿ ਉਸਦੇ ਗਹਿਣੇ ਸਵਰਨ ਕੁਮਾਰ ਵੱਲੋਂ ਚੋਰੀ ਕੀਤੇ ਗਏ ਹਨ। ਪੁਲੀਸ ਨੇ ਸਵਰਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।