nabaz-e-punjab.com

ਪ੍ਰਾਈਵੇਟ ਕੰਪਨੀ ਨਾਲ ਧੋਖਾਧੜੀ ਕਰਨ ਵਾਲੇ ਕਰਮਚਾਰੀ ਖ਼ਿਲਾਫ਼ ਕੇਸ ਦਰਜ

ਮੁਲਜ਼ਮ ਦੇ ਸਾਥੀ ਕਰਮਚਾਰੀ ਦੀ ਸ਼ੱਕੀ ਭੂਮਿਕਾ ਦੀ ਵੀ ਜਾਂਚ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਸਥਿਤ ਨਾਮੀ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਕਰਨਵੀਰ ਸਿੰਘ ਵਾਸੀ ਖਰੜ ਦੇ ਖ਼ਿਲਾਫ਼ ਧਾਰਾ 408 ਅਤੇ ਆਈਟੀ ਐਕਟ ਦੀ ਧਾਰਾ 66 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਦੇ ਸਾਥੀ ਕਰਮਚਾਰੀ ਗੁਰਜੀਤ ਸਿੰਘ ਦੀ ਸ਼ੱਕੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਕਾਰਵਾਈ ਕੰਪਨੀ ਦੇ ਐਮਡੀ ਗੁਰਪ੍ਰੀਤ ਸਿੰਘ ਵਾਲੀਆ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਪੀੜਤ ਕੰਪਨੀ ਦੇ ਮਾਲਕ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਮੁਹਾਲੀ ਵਿੱਚ ਪ੍ਰਾਈਵੇਟ ਕੰਪਨੀ ਚਲਾਉਂਦਾ ਹੈ। ਜਿਸ ਵਿੱਚ ਕਰਨਵੀਰ ਸਿੰਘ, ਗੁਰਜੀਤ ਸਿੰਘ ਸਮੇਤ ਕੁੱਝ ਹੋਰ ਵਰਕਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਵਧਣ ਅਤੇ ਲੌਕਡਾਊਨ ਲੱਗਣ ਕਾਰਨ ਕੰਪਨੀ ਨੇ ਉਕਤ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਦਿੱਤਾ ਸੀ। ਇਸ ਸਬੰਧੀ ਕੰਪਨੀ ਨੇ ਉਕਤ ਕਰਮਚਾਰੀਆਂ ’ਤੇ ਭਰੋਸਾ ਕਰਕੇ ਕੰਪਨੀ ਦੇ ਸਾਰੇ ਗੁਪਤ ਕੋਡ, ਆਈਡੀ ਪਾਸਵਰਡ ਦਿੱਤੇ ਗਏ ਸੀ।
ਇਸ ਦੌਰਾਨ ਕਰਨਵੀਰ ਸਿੰਘ ਨੇ ਕੰਪਨੀ ਦਾ ਕੰਮ ਕਰਨ ਦੀ ਬਜਾਏ ਪੈਸਿਆਂ ਦੇ ਲਾਲਚ ਵਿੱਚ ਆ ਕੇ ਕੰਪਨੀ ਦੇ ਗਾਹਕ ਨਾਲ ਸਿੱਧੀ ਗੱਲ ਕਰ ਲਈ। ਇਹੀ ਨਹੀਂ ਉਸ ਨੇ ਕੰਪਨੀ ਦੇ ਡਿਜੀਟਲ ਮਾਰਕੀਟਿੰਗ ਮੈਨੇਜਰ ਬਲਜੀਤ ਸਿੰਘ ਨੂੰ ਵੀ ਪੈਸਿਆਂ ਦਾ ਲਾਲਚ ਦਿੱਤਾ ਗਿਆ ਕਿ ਉਹ ਵੀ ਉਨ੍ਹਾਂ ਨਾਲ ਮਿਲ ਕੇ ਕੰਮ ਕਰੇ, ਪ੍ਰੰਤੂ ਉਸ ਨੇ ਕੰਪਨੀ ਨਾਲ ਧੋਖਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਕਰਨਵੀਰ ਨੇ ਕੰਪਨੀ ਮਾਲਕ ਨੂੰ ਇਹ ਝੂਠ ਬੋਲਿਆ ਕਿ ਬਾਹਰ ਦੇ ਗਾਹਕ ਹੁਣ ਉਨ੍ਹਾਂ ਦੀ ਕੰਪਨੀ ਤੋਂ ਕੋਈ ਕੰਮ ਨਹੀਂ ਕਰਵਾਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਇਹੀ ਕੰਮ ਘੱਟ ਪੈਸਿਆਂ ਵਿੱਚ ਕਰਨ ਲਈ ਕਿਸੇ ਹੋਰ ਕੰਪਨੀ ਨੇ ਤਾਲਮੇਲ ਕਰ ਲਿਆ ਹੈ। ਜਦੋਂ ਇਸ ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਕਰਨਵੀਰ ਨੇ ਖ਼ੁਦ ਨੂੰ ਕੰਪਨੀ ਦਾ ਮਾਲਕ ਦੱਸਦੇ ਹੋਏ ਆਪਣੇ ਨਿੱਜੀ ਬੈਂਕ ਖਾਤੇ ਵਿੱਚ 7,26,000 ਰੁਪਏ (ਸੱਤ ਲੱਖ ਛੱਬੀ ਹਜ਼ਾਰ ਰੁਪਏ) ਟਰਾਂਸਫ਼ਰ ਕਰਵਾ ਲਏ। ਇਹੀ ਨਹੀਂ ਉਸ (ਕਰਨਵੀਰ) ਨੇ ਕੰਪਨੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਆਪਣੀ ਵੱਖਰੀ ਜਾਅਲੀ ਕੰਪਨੀ ਬਣਾ ਕੇ ਸ਼ਿਕਾਇਤ ਕਰਤਾ ਨਾਲ ਧੋਖਾ ਕੀਤਾ।
ਕੰਪਨੀ ਦੇ ਐਮਡੀ ਨੇ ਦੱਸਿਆ ਕਿ ਨਿਯੁਕਤੀ ਪੱਤਰ ਵਿੱਚ ਇਹ ਸ਼ਰਤ ਸਾਫ਼-ਸਾਫ਼ ਲਿਖੀ ਗਈ ਹੈ ਕਿ ਕੋਈ ਵੀ ਕਰਮਚਾਰੀ ਕੰਪਨੀ ਦੇ ਕਿਸੇ ਗਾਹਕ ਨਾਲ ਆਪਣੇ ਤੌਰ ’ਤੇ ਬਿਜ਼ਨਸ ਨਹੀਂ ਕਰੇਗਾ ਅਤੇ ਨਾ ਹੀ ਆਪਣੇ ਗਾਹਕਾਂ ਦੀ ਜਾਣਕਾਰੀ ਕਿਸੇ ਨੂੰ ਅੱਗੇ ਦੇਵੇਗਾ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਵੀ ਕਰਨਵੀਰ ਸਿੰਘ ਨੂੰ ਕਸੂਰਵਾਰ ਪਾਇਆ ਗਿਆ। ਜਾਂਚ ਅਧਿਕਾਰੀ ਅਤੇ ਡੀਏ ਲੀਗਲ ਦੀ ਰਾਇ ਲੈਣ ਤੋਂ ਬਾਅਦ ਕੰਪਨੀ ਦੇ ਕਰਮਚਾਰੀ ਕਰਨਵੀਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਦੇ ਸਾਥੀ ਕਰਮਚਾਰੀ ਗੁਰਜੀਤ ਸਿੰਘ ਦੀ ਸ਼ੱਕੀ ਭੂਮਿਕਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…