
ਫ਼ਿਲਮ ਸਿਟੀ ਤਾਂ ਠੀਕ ਪਰ ਮੁਹਾਲੀ ਵਿੱਚ ਦੋ ਸਾਲ ਤੋਂ ਬੰਦ ਪਏ ਸਟੇਡੀਅਮ ਤਾਂ ਖੋਲ੍ਹੇ ਸਰਕਾਰ: ਬੈਦਵਾਨ
ਗਊਸ਼ਾਲਾ ਲਈ ਖਾਲੀ ਪਈ ਜ਼ਮੀਨ ਅਲਾਟ ਕਰੇ ਗਮਾਡਾ, ਅਵਾਰਾ ਕੁੱਤਿਆਂ ਲਈ ਬਣਾਇਆ ਜਾਵੇ ਬਸੇਰਾ:
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਪੰਜਾਬ ਸਰਕਾਰ ਦੇ ਹਾਊਸਿੰਗ ਮੰਤਰੀ ਅਮਨ ਅਰੋੜਾ ਦੇ ਉਸ ਬਿਆਨ ਨੂੰ ਅੱਗਾ ਦੌੜ ਪਿੱਛਾ ਚੌੜ ਗਰਦਾਨਿਆ ਹੈ ਜਿਸ ਵਿਚ ਮੰਤਰੀ ਨੇ ਮੁਹਾਲੀ ਵਿੱਚ ਫਿਲਮ ਸਿਟੀ ਬਣਾਉਣ ਦੀ ਗੱਲ ਕੀਤੀ ਸੀ। ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਹ ਫ਼ਿਲਮ ਸਿਟੀ ਦੇ ਵਿਰੋਧ ਵਿੱਚ ਨਹੀਂ ਹਨ ਪਰ ਮੋਹਾਲੀ ਵਿੱਚ ਪਹਿਲਾਂ ਹੀ ਕਈ ਲਮਕੇ ਹੋਏ ਕੰਮ ਹਨ ਜੋ ਹਾਊਸਿੰਗ ਮੰਤਰੀ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਪਰ ਕਈ ਵਰ੍ਹਿਆ ਤੋਂ ਲਮਕ ਰਹੇ ਹਨ।
ਮੁੱਖ ਸੇਵਾਦਾਰ ਮੋਹਾਲੀ ਨੇ ਕਿਹਾ ਕਿ ਮੋਹਾਲੀ ਵਿੱਚ ਬਣੇ ਖੇਡ ਸਟੇਡੀਅਮ ਦੋ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਏ ਹਨ ਜਿਨ੍ਹਾਂ ਉੱਤੇ ਪਿਛਲੇ ਸਮੇਂ ਦੌਰਾਨ ਹੀ ਰੈਨੋਵੇਸ਼ਨ ਦੇ ਨਾਂ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨਗਰ ਨਿਗਮ ਵੱਲੋਂ ਗਮਾਡਾ ਤੋਂ ਇਹ ਸਟੇਡੀਅਮ ਲੈ ਕੇ ਚਲਾਉਣ ਦੀ ਤਜਵੀਜ਼ ਸੀ ਪਰ ਨਿਗਮ ਕੋਲ ਫੰਡ ਨਾ ਹੋਣ ਕਾਰਨ ਇਹ ਤਜਵੀਜ਼ ਵਿਚਾਲੇ ਹੀ ਰੁਕ ਗਈ। ਉਨ੍ਹਾਂ ਕਿਹਾ ਕਿ ਬੰਦ ਪਏ ਖੇਡ ਸਟੇਡੀਅਮ ਬੰਦ ਹੋਣ ਕਾਰਨ ਰੈਨੋਵੇਸ਼ਨ ਉੱਤੇ ਖਰਚੇ ਕਰੋੜਾਂ ਰੁਪਏ ਬਰਬਾਦ ਹੋ ਰਹੇ ਹਨ।
ਮੁੱਖ ਸੇਵਾਦਾਰ ਹਲਕਾ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੋਹਾਲੀ ਵਿੱਚ ਅਵਾਰਾ ਪਸ਼ੂਆਂ ਨੂੰ ਰੱਖਣ ਵਾਸਤੇ ਬਣਾਈ ਗਈ ਗਊਸ਼ਾਲਾ ਛੋਟੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੇ ਪਿਛਲੇ ਪਾਸੇ ਲਗਭਗ ਡੇਢ ਏਕੜ ਜ਼ਮੀਨ ਗਮਾਡਾ ਵੱਲੋਂ ਨਗਰ ਨਿਗਮ ਨੂੰ ਸੌਂਪੀ ਜਾਣੀ ਸੀ ਪਰ ਇਸ ਦੀ ਫਾਈਲ ਵੀ ਧੂੜ ਫੱਕ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਡੇਢ ਏਕੜ ਜਮੀਨ ਨੂੰ ਨਗਰ ਨਿਗਮ ਨੂੰ ਦਿੱਤਾ ਜਾਵੇ ਅਤੇ ਇੱਥੇ ਗਊਸ਼ਾਲਾ ਦੇ ਨਾਲ-ਨਾਲ ਅਵਾਰਾ ਕੁੱਤਿਆਂ ਵਾਸਤੇ ਵੀ ਬਸੇਰਾ ਬਣਾਇਆ ਜਾਵੇ।