
ਫ਼ਿਲਮ ਪ੍ਰੋਡਿਊਸਰ ਨੇ ਲਾਇਆ ਜਾਨ ਤੋਂ ਮਾਰਨ ਦੀ ਧਮਕੀ ਦੇਣ ਤੇ ਦਫ਼ਤਰ ਦੀ ਭੰਨ-ਤੋੜ ਦਾ ਦੋਸ਼
ਪੀੜਤ ਦਾ ਦੋਸ਼: ਮੁਹਾਲੀ ਪੁਲੀਸ ਨੂੰ ਵਾਰ ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਨਹੀਂ ਹੋਈ ਕਾਰਵਾਈ
ਜਗਦੀਪ ਮਾਨ ਨੇ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਖ਼ਤਰਾ ਦੱਸਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਇੱਥੋਂ ਦੇ ਸੈਕਟਰ-105 ਦੇ ਵਸਨੀਕ ਅਤੇ ਫਿਲਮ ਪ੍ਰੋਡਿਊਸਰ ਜਗਦੀਪ ਮਾਨ ਨੇ ਇੱਕ ਵਿਅਕਤੀ ਵਿਰੁੱਧ ਉਸ ਨੂੰ ਕਥਿਤ ਤੌਰ ’ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਆਪਣੇ ਸਾਥੀਆਂ ਸਮੇਤ ਪੀੜਤ ਦੇ ਦਫ਼ਤਰ ਦੀ ਭੰਨ-ਤੋੜ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੀੜਤ ਜਗਦੀਪ ਮਾਨ ਨੇ ਦੱਸਿਆ ਕਿ ਉਸ ਨੇ ਆਪਣੀ ਬੀਐਮਡਬਲਿਊ ਕਾਰ ਦੋ ਸਾਲ ਪਹਿਲਾਂ 8 ਲੱਖ 25 ਹਜ਼ਾਰ ਰੁਪਏ ਦੀ ਵੇਚੀ ਸੀ ਅਤੇ ਖ਼ਰੀਦਦਾਰ ਨੇ 5 ਲੱਖ ਦਾ ਚੈੱਕ ਦਿੱਤਾ ਸੀ ਅਤੇ ਬਾਕੀ ਪੈਸੇ ਬਾਅਦ ਵਿੱਚ ਦੇਣ ਦੀ ਗੱਲ ਤੈਅ ਹੋਈ ਸੀ।
ਜਗਦੀਪ ਸਿੰਘ ਨੇ ਦੱਸਿਆ ਕਿ ਕਾਰ ਖ਼ਰੀਦਣ ਵਾਲੇ ਦਾ ਚੈੱਕ ਬੈਂਕ ’ਚੋਂ ਕਲੀਅਰ ਨਹੀਂ ਹੋਇਆ। ਇਸ ਮਗਰੋਂ ਉਸ ਨੇ ਬਾਕੀ ਪੈਸੇ ਨਹੀਂ ਦਿੱਤੇ। ਕਈ ਵਾਰ ਫੋਨ ਕਰਕੇ ਪੈਸੇ ਮੰਗਣ ’ਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲੀਸ ਅਤੇ ਅਦਾਲਤ ਵਿੱਚ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਗਿਆ। ਇਸ ਸਬੰਧੀ ਸ਼ਿਕਾਇਤ ਦੇਣ ਦੇ ਬਾਵਜੂਦ ਜਦੋਂ ਪੁਲੀਸ ਨੇ ਸਮੇਂ ਸਿਰ ਕੋਈ ਕਾਰਵਾਈ ਨਾ ਕਰਨ ’ਤੇ ਉਸ ਨੇ ਇਨਸਾਫ਼ ਲਈ ਅਦਾਲਤ ਦਾ ਬੂਹਾ ਖੜਕਾਇਆ।
ਜਗਦੀਪ ਸਿੰਘ ਨੇ ਦੱਸਿਆ ਕਿ 26 ਅਪਰੈਲ ਨੂੰ ਕਾਰ ਖ਼ਰੀਦਣ ਵਾਲੇ ਵਿਅਕਤੀ ਨੇ ਉਸ ਨੂੰ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਮਾਰਨ ਦੀ ਧਮਕੀ ਦਿੱਤੀ ਅਤੇ ਸ਼ਾਮ ਨੂੰ ਆਪਣੇ ਸਾਥੀਆਂ ਸਮੇਤ 4 ਗੱਡੀਆਂ ਵਿੱਚ ਅਸਲਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਨੇ ਉਸ ਦੇ ਦਫ਼ਤਰ ਵਿੱਚ ਵੜ ਕੇ ਕਾਫ਼ੀ ਭੰਨ-ਤੋੜ ਕੀਤੀ। ਉਸ ਨੇ ਬੜੀ ਮੁਸ਼ਕਲ ਨਾਲ ਪਿਛਲੇ ਦਰਵਾਜ਼ੇ ਰਾਹੀਂ ਭੱਜ ਕੇ ਆਪਣੀ ਅਤੇ ਪਤਨੀ ਦੀ ਜਾਨ ਬਚਾਈ। ਹਮਲਾਵਰ ਉਸ ਦੇ ਦਫ਼ਤਰ ’ਚੋਂ ਲੈਪਟਾਪ ਅਤੇ 2 ਲੱਖ 85 ਹਜ਼ਾਰ ਰੁਪਏ ਚੁੱਕ ਕੇ ਫਰਾਰ ਹੋ ਗਏ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਪ੍ਰੰਤੂ ਹਮਲਾਵਰ ਸੀਸੀਟੀਵੀ ਕੈਮਰੇ ਦੀ ਡੀਬੀਆਰ ਵੀ ਚੁੱਕ ਕੇ ਲੈ ਗਏ ਤਾਂ ਕਿ ਕੋਈ ਸਬੂਤ ਨਾ ਰਹੇ। ਜਦੋਂਕਿ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਲੈ ਕੇ ਪੁਲੀਸ ਨੂੰ ਦਿੱਤੀ ਗਈ। ਪੀੜਤ ਨੇ ਮੁਹਾਲੀ ਪੁਲੀਸ ਤੋਂ ਆਪਣੀ ਜਾਨ ਦੀ ਰਾਖੀ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਸ ਨੂੰ ਜਾਂ ਪਰਿਵਾਰ ਨੂੰ ਕੋਈ ਨੁਕਸਾਨ ਪੁੱਜਾ ਹੈ ਤਾਂ ਪੁਲੀਸ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ।
ਉਧਰ, ਸਨੇਟਾ ਪੁਲੀਸ ਚੌਂਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮਿਲੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।